ਆਪ ਉਮੀਦਵਾਰ ਮਲਕੀਤ ਥਿੰਦ ਹੋਰ ਆਗੂਆਂ ਨਾਲ, ਰਾਣਾ ਸੋਢੀ ਦਰਗਾਹ 'ਤੇ ਮੱਥਾ ਟੇਕਣ ਜਾਂਦੇ ਹੋਏ।
ਗੁਰੂਹਰਸਹਾਏ/ਫਿਰੋਜ਼ਪੁਰ, 10 ਮਾਰਚ, 2017 : ਪੰਜਾਬ ਵਿਧਾਨ ਸਭਾ ਚੋਣਾਂ ਲਈ ਹੋਈ ਪੋਲਿੰਗ ਤੋਂ ਬਾਅਦ ਗਿਣਤੀ ਦੇ ਕੁਝ ਘੰਟੇ ਸਮਾਂ ਬਾਕੀ ਰਹਿਣ 'ਤੇ ਵਿਧਾਨ ਸਭਾ ਹਲਕਾ ਗੁਰੂਹਰਸਹਾਏ ਤੋਂ ਤਿੰਨੇ ਸਿਆਸੀ ਧਿਰਾਂ ਦੇ ਉਮੀਦਵਾਰ ਅੱਜ ਪੂਰਾ ਦਿਨ ਰੁੱਝੇ ਹੋਏ ਨਜ਼ਰੀਂ ਪਏ। ਸ਼੍ਰੋਮਣੀ ਅਕਾਲੀ ਦਲ ਭਾਜਪਾ ਗਠਜੋੜ ਦੇ ਉਮੀਦਵਾਰ ਵਰਦੇਵ ਸਿੰਘ ਨੋਨੀ ਮਾਨ ਨੇ ਆਪਣੇ ਚੱਕ ਸੁਹੇਲੇ ਵਾਲਾ ਵਿਖੇ ਸਥਿਤ ਗ੍ਰਹਿ ਵਿਖੇ ਰਖਾਏ ਗਏ ਸਹਿਜ ਪਾਠ ਦੇ ਭੋਗ ਪੁਆਏ। ਮਾਨ ਪਰਿਵਾਰ ਵੱਲੋਂ ਇਹ ਸਹਿਜਪਾਠ ਪਹਿਲਾਂ ਵੀ ਹੋਲੀ ਦੇ ਤਿਉਹਾਰ ਦੇ ਦਿਨਾਂ ਦੌਰਾਨ ਕਰਵਾਇਆ ਜਾਂਦਾ ਹੈ। ਇਸ ਸਹਿਜਪਾਠ ਦੇ ਭੋਗ ਮੌਕੇ ਜਿੱਥੇ ਰਾਗੀ ਸਿੰਘਾਂ ਨੇ ਗੁਰਬਾਣੀ ਦਾ ਮਨੌਹਰ ਕੀਰਤਨ ਕੀਤਾ ਉਥੇ ਹਾਜ਼ਰ ਸੰਗਤ ਵੱਲੋਂ ਸ.ਵਰਦੇਵ ਸਿੰਘ ਮਾਨ ਦੀ ਜਿੱਤ ਦੀ ਅਰਦਾਸ ਕੀਤੀ ਗਈ। ਇਸ ਤੋਂ ਬਾਅਦ ਉਹ ਜ਼ਿਲ੍ਹਾ ਹੈਡਕੁਆਰਟਰ 'ਤੇ ਰਿਟਰਨਿੰਗ ਅਧਿਕਾਰੀ ਅਤੇ ਚੋਣ ਅਬਜਰਵਰਾਂ ਨਾਲ ਹੋਈ ਮੀਟਿੰਗ ਵਿਚ ਸ਼ਾਮਲ ਹੋਣ ਉਪਰੰਤ ਗਿਣਤੀ ਲਈ ਬਣਾਏ ਗਏ ਏਜੰਟਾਂ ਨਾਲ ਬੈਠ ਕੇ ਹੋਣ ਵਾਲੀ ਗਿਣਤੀ ਸਬੰਧੀ ਵਿਚਾਰ ਵਿਮਰਸ਼ ਕੀਤਾ। ਰਾਣਾ ਗੁਰਮੀਤ ਸਿੰਘ ਸੋਢੀ ਸਵੇਰੇ ਆਪਣੀ ਫਿਰੋਜ਼ਪੁਰ ਛਾਉਣੀ ਸਥਿਤ ਕੋਠੀ ਵਿਚ ਗਿਣਤੀ ਏਜੰਟਾਂ ਨਾਲ ਮੀਟਿੰਗ ਕਰਨ ਉਪਰੰਤ ਉਹ ਮੋਹਣ ਕੇ ਉਤਾੜ ਸਥਿਤ ਆਪਣੀ 'ਰਾਜਗੜ੍ਹ' ਕੋਠੀ ਵਿਚ ਪੁੱਜੇ। ਇਥੇ ਵੀ ਮੌਜੂਦ ਕਾਂਗਰਸੀ ਵਰਕਰਾਂ ਨੂੰ ਉਤਸ਼ਾਹ ਨਾਲ ਮਿਲੇ ਅਤੇ ਉਨ੍ਹਾਂ ਕਿਹਾ ਕਿ ਕੱਲ ਨੂੰ ਕਾਂਗਰਸ ਪਾਰਟੀ ਪੂਰਾ ਬਹੁਮੱਤ ਲੈ ਕੇ ਪੰਜਾਬ ਅੰਦਰ ਆਪਣੀ ਸਰਕਾਰ ਬਣਾ ਰਹੀ ਹੈ। ਇਸ ਤੋਂ ਇਲਾਵਾ ਮੋਹਣ ਕੇ ਉਤਾੜ ਵਿਖੇ ਸਥਿਤ ਪੀਰ ਬਾਬਾ ਕਰਮਦੀਨ ਦੀ ਦਰਗਾਹ 'ਤੇ ਉਹ ਆਪਣੀ ਪਤਨੀ ਟੀਨਾ ਸੋਢੀ ਸਮੇਤ ਪੁੱਜ ਕੇ ਨਤਮਸਤਕ ਹੋਏ। ਇਥੇ ਉਨ੍ਹਾਂ ਪੀਰ ਦੀ ਦਰਗਾਹ 'ਤੇ ਚਾਦਰ ਚੜਾਈ, ਇਥੇ ਨਾਲ ਆਏ ਸਾਬਕਾ ਸਰਪੰਚ ਸੋਨੂੰ ਮੋਂਗਾ, ਨੀਤਨ ਮੋਗਾ ਅਤੇ ਕੌਂਸਲਰ ਆਤਮਜੀਤ ਡੇਵਿਡ ਆਦਿ ਨੇ ਰਾਣਾ ਸੋਢੀ ਅਤੇ ਪੰਜਾਬ ਅੰਦਰ ਕਾਂਗਰਸ ਪਾਰਟੀ ਦੀ ਜਿੱਤ ਹੋਣ ਦੀ ਕਾਮਨਾ ਕੀਤੀ। ਆਮ ਆਦਮੀ ਪਾਰਟੀ ਦੇ ਉਮੀਦਵਾਰ ਮਲਕੀਤ ਥਿੰਦ ਸਵੇਰੇ ਗੁਰਦੁਆਰਾ ਭਜਨਗੜ੍ਹ ਸਾਹਿਬ ਵਿਖੇ ਨਤਮੱਸਤਕ ਹੋਏ। ਇਸ ਬਾਅਦ ਉਨ੍ਹਾਂ ਜ਼ਿਲ੍ਹਾ ਪੱਧਰ 'ਤੇ ਹੋਈ ਅਧਿਕਾਰੀਆਂ ਨਾਲ ਮੀਟਿੰਗ ਵਿਚ ਸ਼ਮੂਲੀਅਤ ਕੀਤੀ। ਬਾਅਦ ਦੁਪਹਿਰ ਉਹ ਆਪਣੇ ਅਤੇ ਆਪਣੇ ਹੱਕ ਵਿਚ ਬੈਠਣ ਵਾਲੇ ਉਮੀਦਵਾਰਾਂ ਗੁਰਮੀਤ ਸਿੰਘ ਸੋਢੀ, ਮਨੋਜ ਮੋਂਗਾ ਦੇ ਕੁੱਲ 45 ਗਿਣਤੀ ਏਜੰਟਾਂ ਨਾਲ ਗੋਲੂ ਕਾ ਸਥਿਤ ਇਕ ਸਕੂਲ ਦੇ ਦਫ਼ਤਰ ਵਿਚ ਮੀਟਿੰਗ ਕੀਤੀ। ਇਸ ਦੌਰਾਨ ਸਾਬਕਾ ਸਰਪੰਚ ਤਿਲਕ ਰਾਜ, ਸੁਖਦੇਵ ਸਿੰਘ, ਰਣਜੀਤ ਸਿੰਘ, ਸੁਰਿੰਦਰ ਪੱਪਾ, ਪਵਨ ਗੋਲੂ ਕਾ, ਅਸ਼ੋਕ ਕੰਬੋਜ਼ ਤੋਂ ਇਲਾਵਾ ਹੋਰ ਵੀ ਆਗੂ ਮੌਜੂਦ ਸਨ।