ਕੈਪਟਨ ਅਮਰਿੰਦਰ ਮੁੱਖ ਮੰਤਰੀ ਵਜੋਂ ਹਲਫ ਚੁੱਕਣ ਦੀ ਰਸਮ ਅਦਾ ਕਰਦੇ ਹੋਏ
ਚੰਡੀਗੜ੍ਹ, 16 ਮਾਰਚ, 2017 : ਪੰਜਾਬ 'ਚ 10 ਸਾਲਾਂ ਦੇ ਬਨਵਾਸ ਮਗਰੋਂ ਕਾਂਗਰਸ ਵਲੋਂ ਪੂਰਨ ਬਹੁਮਤ ਨਾਲ ਜਿੱਤ ਹਾਸਲ ਕਰਨ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ 15ਵੀਂ ਵਿਧਾਨ ਸਭਾ ਲਈ ਆਪਣੇ 9 ਰਤਨਾਂ ਸਮੇਤ ਪੰਜਾਬ ਦੀ ਵਾਂਗਡੋਰ ਸੰਭਾਲ ਲਈ ਹੈ। ਪੰਜਾਬ ਦੇ ਗਵਰਨਰ ਵੀ. ਪੀ. ਸਿੰਘ ਬਦਨੌਰ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁਕਵਾਈ। ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਸੂਬੇ ਦੇ 26ਵੇਂ ਮੁੱਖ ਮੰਤਰੀ ਬਣ ਗਏ ਹਨ। ਇਸ ਦੇ ਨਾਲ ਹੀ ਕੈਪਟਨ ਦੀ ਸਰਕਾਰ 'ਚ ਸਾਬਕਾ ਮੁੱਖ ਮੰਤਰੀ ਅਤੇ ਲੰਬੀ ਤੋਂ ਵਿਧਾਇਕ ਪ੍ਰਕਾਸ਼ ਸਿੰਘ ਬਾਦਲ ਦੇ ਭਤੀਜੇ ਮਨਪ੍ਰੀਤ ਬਾਦਲ ਨੇ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕੀ। ਅੰਮ੍ਰਿਤਸਰ ਈਸਟ ਤੋਂ ਵਿਧਾਇਕ ਬਣੇ ਨਵਜੋਤ ਸਿੰਘ ਸਿੱਧੂ ਨੇ ਵੀ ਇਸ ਮੌਕੇ ਆਪਣੇ ਅਹੁਦੇ ਦੀ ਸਹੁੰ ਚੁੱਕੀ। ਸਿੱਧੂ ਅਤੇ ਮਨਪ੍ਰੀਤ ਬਾਦਲ ਤੋਂ ਇਲਾਵਾ ਕੈਪਟਨ ਦੀ ਸਰਕਾਰ 'ਚ ਮੰਤਰੀ ਬਣੇ ਇਨ੍ਹਾਂ ਚਿਹਰਿਆਂ ਨੇ ਆਪੋ-ਆਪਣੇ ਅਹੁਦੇ ਦੀ ਗੋਪਨੀਅਤਾ ਦੀ ਸਹੁੰ ਚੁੱਕੀ।
ਕੈਪਟਨ ਅਮਰਿੰਦਰ ਸਿੰਘ ਨੇ ਅੰਗਰੇਜੀ ਭਾਸ਼ਾ 'ਚ ਪੰਜਾਬ ਦੇ ਮੁੱਖ ਮੰਤਰੀ ਵਜੋਂ ਹਲਫ ਲਿਆ। ਕੈਪਟਨ ਅਮਰਿੰਦਰ ਸਿੰਘ ਵਲੋਂ ਪੰਜਾਬ ਦੇ ਮੁੱਖ ਮੰਤਰੀ ਵਜੋਂ ਹਲਫ਼ ਲੈਣ ਤੋਂ ਬਾਅਦ ਕੈਬਨਿਟ ਮੰਤਰੀ ਵਜੋਂ ਬ੍ਰਹਮ ਮਹਿੰਦਰ, ਨਵਜੋਤ ਸਿੰਘ ਸਿੱਧੂ, ਮਨਪ੍ਰੀਤ ਸਿੰਘ ਬਾਦਲ, ਸਾਧੂ ਸਿੰਘ ਧਰਮਸੋਤ, ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਰਾਣਾ ਗੁਰਜੀਤ ਸਿੰਘ, ਚਰਨਜੀਤ ਸਿੰਘ ਚੰਨੀ ਤੇ ਰਜ਼ੀਆ ਸੁਲਤਾਨਾ, ਅਰੁਣਾ ਚੌਧਰੀ ਨੇ ਰਾਜ ਮੰਤਰੀ ਵਜੋਂ ਹਲਫ਼ ਲਿਆ।
ਕੈਪਟਨ ਅਮਰਿੰਦਰ ਸਿੰਘ ਦੀ ਇਸ ਤਾਜਪੋਸ਼ੀ ਸਮਾਗਮ ਵਿਚ ਕਾਂਗਰਸ ਪਾਰਟੀ ਦੇ ਦੇਸ਼ ਭਰ ਤੋਂ ਸੀਨੀਅਰ ਕਾਂਗਰਸੀ ਆਗੂ ਪੁੱਜੇ ਹਨ। ਜਿਨ੍ਹਾਂ ਵਿਚ ਕਾਂਗਰਸੀ ਮੀਤ ਪ੍ਰਧਾਨ ਰਾਹੁਲ ਗਾਂਧੀ, ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਸਾਬਕਾ ਕੇਂਦਰੀ ਕੈਬਨਿਟ ਮੰਤਰੀ ਕਪਿਲ ਸਿਬਲ ਸਮੇਤ ਕਈ ਆਗੂ ਪੁੱਜੇ ਹਨ।
ਕੈਪਟਨ ਦੇ ਸਹੁੰ ਚੁੱਕ ਸਮਾਰੋਹ 'ਚ ਸ਼ਾਮਲ ਹੋਈ ਪਾਕਿਸਤਾਨੀ ਦੋਸਤ ਆਰੂਸਾ
ਕੈਪਟਨ ਅਮਰਿੰਦਰ ਸਿੰਘ ਦੇ ਸਹੁੰ ਚੁੱਕ ਸਮਾਰੋਹ ਦੌਰਾਨ ਉਨ੍ਹਾਂ ਦੀ ਪਾਕਿਸਤਾਨੀ ਦੋਸਤ ਆਰੂਸਾ ਵੀ ਸ਼ਾਮਲ ਹੋਈ। ਆਰੂਸਾ ਕੈਪਟਨ ਦੇ ਪਰਿਵਾਰ ਦੀ ਲਾਈਨ ਵਾਲੀ ਸੀਟ 'ਤੇ ਬੈਠੀ ਹੋਈ ਨਜ਼ਰ ਆਈ। ਮੀਡੀਆ ਨਾਲ ਗੱਲਬਾਤ ਦੌਰਾਨ ਆਰੂਸਾ ਨੇ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਬਣਨ 'ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਅਤੇ ਨਾਲ ਹੀ ਭਾਰਤ-ਪਾਕਿਸਤਾਨ ਦੇ ਰਿਸ਼ਤਿਆਂ 'ਚ ਸੁਧਾਰ ਹੋਣ ਦੀ ਗੱਲ ਕਹੀ। ਜ਼ਿਕਰਯੋਗ ਹੈ ਕਿ ਸਾਲ 2007 ਦੀਆਂ ਚੋਣਾਂ ਦੌਰਾਨ ਕੈਪਟਨ ਅਤੇ ਆਰੂਸਾ ਦੀ ਦੋਸਤੀ ਕਾਫੀ ਚਰਚਾ 'ਚ ਆਈ ਸੀ, ਇੱਥੋਂ ਤੱਕ ਕਿ ਦੋਹਾਂ ਦੇ ਸਬੰਧਾਂ ਨੂੰ ਲੈ ਕੇ ਵੀ ਵਿਵਾਦ ਉੱਠੇ ਸਨ ਪਰ ਇਸ ਮਾਮਲੇ ਨੂੰ ਰਫਾ-ਦਫਾ ਕਰਨ ਲਈ ਆਰੂਸਾ ਖੁਦ ਪਾਕਿਸਤਾਨ ਤੋਂ ਚੰਡੀਗੜ੍ਹ ਪੁੱਜੀ, ਜਿੱਥੇ ਉਸ ਨੇ ਮੀਡੀਆ ਨੂੰ ਸਫਾਈ ਦਿੰਦਿਆਂ ਕਿਹਾ ਸੀ ਕਿ ਕੈਪਟਨ ਸਿਰਫ ਉਨ੍ਹਾਂ ਦੇ ਦੋਸਤ ਹਨ ਅਤੇ ਹਮੇਸ਼ਾ ਵਧੀਆ ਦੋਸਤ ਹੀ ਰਹਿਣਗੇ।