← ਪਿਛੇ ਪਰਤੋ
ਚੰਡੀਗੜ੍ਹ, 12 ਮਾਰਚ, 2017 : ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਐਤਵਾਰ ਨੂੰ ਚੰਡੀਗੜ੍ਹ ਵਿਚ ਸੀ. ਐੱਲ. ਪੀ. ਦੀ ਬੈਠਕ ਪਿੱਛੋਂ ਰਾਜਪਾਲ ਨਾਲ ਮੁਲਾਕਾਤ ਕਰ ਕੇ ਸੂਬੇ 'ਚ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰ ਸਕਦੇ ਹਨ। ਕਾਂਗਰਸੀ ਹਲਕਿਆਂ ਨੇ ਸ਼ਨੀਵਾਰ ਦਸਿਆ ਕਿ ਸੀ. ਐੱਲ. ਪੀ. ਦੀ ਬੈਠਕ ਵਿਚ ਕੈਪਟਨ ਨੂੰ ਨੇਤਾ ਚੁਣੇ ਜਾਣ ਪਿੱਛੋਂ ਪੰਜਾਬ ਦੇ ਰਾਜਪਾਲ ਨੂੰ ਰਸਮੀ ਤੌਰ 'ਤੇ ਇਸ ਸੰਬੰਧੀ ਸੂਚਿਤ ਕੀਤਾ ਜਾਵੇਗਾ ਜਿਸ ਪਿੱਛੋਂ ਸਰਕਾਰ ਦੇ ਗਠਨ ਦੀ ਸ਼ੁਰੂਆਤ ਰਾਜਪਾਲ ਵਲੋਂ ਕੀਤੀ ਜਾਵੇਗੀ। ਕੈਪਟਨ ਅਮਰਿੰਦਰ ਸਿੰਘ ਵਲੋਂ ਮੁਖ ਮੰਤਰੀ ਵਜੋਂ 16 ਮਾਰਚ ਨੂੰ ਸਹੁੰ ਚੁੱਕੀ ਜਾ ਸਕਦੀ ਹੈ। ਰਸਮੀ ਤੌਰ 'ਤੇ ਇਸ ਸੰਬੰਧੀ ਅਜੇ ਐਲਾਨ ਨਹੀਂ ਕੀਤਾ ਗਿਆ ਪਰ ਕਾਂਗਰਸੀ ਆਗੂਆਂ ਮੁਤਾਬਕ ਕੈਪਟਨ 16 ਮਾਰਚ ਨੂੰ ਆਪਣੀ ਸਰਕਾਰ ਗਠਿਤ ਕਰਨਾ ਚਾਹੁੰਦੇ ਹਨ। ਕਾਂਗਰਸੀ ਹਲਕਿਆਂ ਨੇ ਦਸਿਆ ਕਿ ਐਤਵਾਰ ਨੂੰ ਚੰਡੀਗੜ੍ਹ ਵਿਚ ਹੋਣ ਵਾਲੀ ਸੀ. ਐੱਲ. ਪੀ. ਦੀ ਬੈਠਕ ਵਿਚ ਰਾਜਸਥਾਨ ਦੇ ਸਾਬਕਾ ਮੁਖ ਮੰਤਰੀ ਅਸ਼ੋਕ ਗਹਿਲੋਤ ਦਰਸ਼ਕ ਵਜੋਂ ਆ ਸਕਦੇ ਹਨ। ਸੀ. ਐੱਲ. ਪੀ. ਦੀ ਬੈਠਕ ਵਿਚ ਪੰਜਾਬ ਕਾਂਗਰਸ ਮਾਮਲਿਆਂ ਦੀ ਇੰਚਾਰਜ ਅਤੇ ਸਹਿ-ਇੰਚਾਰਜ ਵੀ ਮੌਜੂਦ ਰਹਿਣਗੇ। ਉਨ੍ਹਾਂ ਦੀ ਦੇਖ-ਰੇਖ ਵਿਚ ਹੀ ਰਸਮੀ ਤੌਰ 'ਤੇ ਕੈਪਟਨ ਨੂੰ ਸੀ. ਐੱਲ. ਪੀ. ਦਾ ਨੇਤਾ ਚੁਣਿਆ ਜਾਵੇਗਾ। ਚਰਨਜੀਤ ਸਿੰਘ ਚੰਨੀ ਵਲੋਂ ਕੈਪਟਨ ਨੂੰ ਸੀ. ਐੱਲ. ਪੀ. ਦਾ ਨੇਤਾ ਬਣਾਏ ਜਾਣ ਸੰਬੰਧੀ ਪ੍ਰਸਤਾਵ ਪੇਸ਼ ਕੀਤਾ ਜਾ ਸਕਦਾ ਹੈ।
Total Responses : 265