ਕਾਂਗਰਸੀ ਆਗੂ ਗੁਰਪ੍ਰੀਤ ਸਿੰਘ ਢੀਂਡਸਾ ਤੇ ਉਨ੍ਹਾਂ ਸਾਥੀ ਜਿੱਤ ਦੀ ਖ਼ੁਸ਼ੀ ਵਿੱਚ ਪਿੰਡਾਂ ਵਿੱਚ ਰੋਡ ਸ਼ੋਅ ਕੱਢਦੇ ਹੋਏ।
ਮੋਹਾਲੀ, 11 ਮਾਰਚ, 2017 : ਪੰਜਾਬ ਵਿਧਾਨ ਸਭਾ ਚੋਣਾਂ ਦੇ ਅੱਜ ਆਏ ਨਤੀਜਿਆਂ ਵਿੱਚ ਕਾਂਗਰਸ ਪਾਰਟੀ ਦੀ ਸ਼ਾਨਦਾਰ ਜਿੱਤ ਦੀ ਖ਼ੁਸ਼ੀ ਵਿੱਚ ਪਿੰਡ ਜੁਝਾਰ ਨਗਰ ਅਤੇ ਬਹਿਲੋਲਪੁਰ ਦੇ ਆਗੂਆਂ ਨੇ ਲੱਡੂ ਵੰਡੇ, ਢੋਲ ਵਜਾ ਕੇ ਜਸ਼ਨ ਮਨਾਏ ਅਤੇ ਰੋਡ ਸ਼ੋਅ ਕੱਢੇ ਗਏ। ਕਾਂਗਰਸੀ ਵਰਕਰਾਂ ਨੇ ਦੱਸਿਆ ਕਿ ਸਵੇਰੇ 8.00 ਵਜੇ ਤੋਂ ਹੀ ਵਰਕਰਾਂ ਨੇ ਲੰਗਰ ਦੀ ਸੇਵਾ ਆਰੰਭ ਕਰਕੇ ਜਸ਼ਨ ਮਨਾਉਣੇ ਸ਼ੁਰੂ ਕਰ ਦਿੱਤੇ ਸਨ। ਜਦੋਂ 10.30 ਵਜੇ ਸਪੱਸ਼ਟ ਬਹੁਮਤ ਦੀਆਂ ਖ਼ਬਰਾਂ ਆਉਣੀਆਂ ਸ਼ੁਰੂ ਹੋ ਗਈਆਂ ਤਾਂ ਪਿੰਡਾਂ ਵਿੱਚ ਰੋਡ ਸ਼ੋਅ ਕੱਢਿਆ ਗਿਆ। ਗੁਰਪ੍ਰੀਤ ਸਿੰਘ ਢੀਂਡਸਾ ਤੇ ਵਿਜ਼ਨ ਗਰੁਪ ਦੀ ਅਗਵਾਈ ਹੇਠ ਕੱਢਿਆ ਗਿਆ ਇਹ ਰੋਡ ਸ਼ੋਅ ਮੁੱਖ ਤੌਰ 'ਤੇ ਜੁਝਾਰ ਨਗਰ ਅਤੇ ਬਹਿਲੋਲਪੁਰ ਪਿੰਡਾਂ ਵਿੱਚੋਂ ਲੰਘਿਆ। ਇਸ ਦੌਰਾਨ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਜ਼ਿੰਦਾਬਾਦ ਦੇ ਨਾਅਰੇ ਲਗਾਏ ਗਏ। ਕਾਂਗਰਸੀ ਵਰਕਰਾਂ ਨੇ ਕਿਹਾ ਕਿ ਜਿਥੇ ਮੋਹਾਲੀ ਵਿਧਾਨ ਸਭਾ ਹਲਕੇ ਵਿੱਚ ਕਾਂਗਰਸੀ ਆਗੂ ਬਲਬੀਰ ਸਿੰਘ ਸਿੱਧੂ ਦੀ ਸ਼ਾਨਦਾਰ ਜਿੱਤ ਹੋਈ ਹੈ, ਉਥੇ ਪੂਰੇ ਸੂਬੇ ਵਿੱਚ ਕੈਪਟਨ ਦੀ ਅਗਵਾਈ ਵਿੱਚ ਕਾਂਗਰਸ ਪਾਰਟੀ ਨੇ ਇਤਿਹਾਸਕ ਜਿੱਤ ਦਰਜ ਕੀਤੀ ਹੈ। ਆਗੂਆਂ ਨੇ ਕਿਹਾ ਕਿ ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਕਾਂਗਰਸ ਦੀ ਸਰਕਾਰ ਹਰ ਉਹ ਵਾਅਦਾ ਪੂਰਾ ਕਰੇਗੀ ਜਿਹੜਾ ਚੋਣ ਮਨੋਰਥ-ਪੱਤਰ ਵਿੱਚ ਕੀਤਾ ਗਿਆ ਹੈ।
ਆਗੂਆਂ ਨੇ ਯਕੀਨ ਦੁਆਇਆ ਕਿ ਕਿਸਾਨਾਂ ਦਾ ਕਰਜ਼ਾ ਮੁਆਫ਼ ਕੀਤਾ ਜਾਵੇਗਾ ਅਤੇ ਬੇਰੋਜ਼ਗਾਰੀ ਨੂੰ ਪੂਰੀ ਤਰ੍ਹਾਂ ਖ਼ਤਮ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਅਤੇ ਆਮ ਆਦਮੀ ਪਾਰਟੀ ਨੇ ਧਰਮ ਤੇ ਜਾਤ-ਬਰਾਦਰੀ ਦੀ ਜਿਹੜੀ ਸਿਆਸਤ ਆਰੰਭ ਕੀਤੀ ਹੋਈ ਸੀ, ਉਸ ਨੂੰ ਖ਼ਤਮ ਕੀਤਾ ਜਾਵੇਗਾ ਅਤੇ ਕਾਂਗਰਸ ਸਰਕਾਰ ਪੰਜਾਬ ਅੰਦਰ ਧਰਮ ਅਤੇ ਜਾਤ ਅਧਾਰਤ ਸਾਰੀ ਸਿਆਸਤ ਨੂੰ ਖ਼ਤਮ ਕਰੇਗੀ। ਕਾਂਗਰਸੀ ਆਗੂਆਂ ਗੁਰਪ੍ਰੀਤ ਸਿੰਘ ਢੀਂਡਸਾ, ਗਰੁਪ੍ਰੀਤ ਸਿੰਘ ਸੰਧੂ, ਬਲਰਾਜ ਬਰਾੜ, ਅਮਰਜੀਤ ਸਿੰਘ ਮੋਨੀ ਪੰਚ, ਪਵਨ ਕੁਮਾਰ, ਪਰਮਜੀਤ ਸਿੰਘ, ਜਸਵੀਰ ਸਿੰਘ, ਭਿੰਦੇ ਰਾਮ, ਮਹਿੰਦਰ ਲਾਲ ਪੱਪੂ, ਆਰਤੀ ਦੇਵੀ, ਨਾਰੋ ਦੇਵੀ, ਕੁਲਵਿੰਦਰ ਸਿੰਘ ਪੰਚ, ਪਰਮਿੰਦਰ ਸਿੰਘ ਪੋਪਾ, ਅਜੇ ਕੁਮਾਰ ਅੱਜੂ, ਲਵਜੀਤ ਸਿੰਘ ਭੁੱਲਰ, ਅਮਨਪ੍ਰੀਤ ਸਿੰਘ ਸੰਧੂ, ਰਾਜੀਵ ਰਾਣਾ, ਪਰਦੀਪ ਠਾਕੁਰ, ਪੀ.ਸੀ. ਸ਼ਰਮਾ, ਗਿਆਨ ਚੰਦ ਗੁਪਤਾ, ਰਿਨਕਾ ਮਲਿਕ, ਹੈਪੀ ਮਲਿਕ, ਗੋਲੂ ਰਾਣਾ ਅਤੇ ਬਿੱਲੂ ਰਾਣਾ ਨੇ ਆਖਿਆ ਕਿ ਕਾਂਗਰਸ ਪਾਰਟੀ ਹੀ ਇਕੋ-ਇਕ ਅਜਿਹੀ ਪਾਰਟੀ ਹੈ ਜਿਹੜੀ ਪੰਜਾਬ ਵਿਚੋਂ ਨਸ਼ਿਆਂ ਨੂੰ ਖ਼ਤਮ ਕਰ ਸਕਦੀ ਹੈ। ਰੋਡ ਸ਼ੋਅ ਦਾ ਥਾਂ-ਥਾਂ ਸਵਾਗਤ ਕੀਤਾ ਗਿਆ।