← ਪਿਛੇ ਪਰਤੋ
ਪਟਿਆਲਾ/ਚੰਡੀਗੜ੍ਹ, 20 ਮਾਰਚ, 2017 : ਬਾਦਲ ਸਰਕਾਰ ਦੇ ਸੰਗਤ ਦਰਸ਼ਨ ਵੀ ਸ਼ੱਕ ਦੇ ਘੇਰੇ ਵਿੱਚ ਆ ਗਏ ਹਨ। ਨਵੀਂ ਸਰਕਾਰ ਇਸ ਦੀ ਜਾਂਚ ਕਰਾਉਣ ਬਾਰੇ ਵਿਚਾਰ ਕਰ ਰਹੀ ਹੈ। ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਦਾ ਕਹਿਣਾ ਹੈ ਕਿ ਬਾਦਲ ਸਰਕਾਰ ਵੱਲੋਂ ਆਪਣੇ ਕਾਰਜਕਾਲ ਦੇ ਅਖੀਰਲੇ ਮਹੀਨਿਆਂ ਦੌਰਾਨ ਸੰਗਤ ਦਰਸ਼ਨ ਪ੍ਰੋਗਰਾਮਾਂ ਵਿੱਚ ਪੈਸੇ ਦੀ ਅੰਨ੍ਹੀ ਦੁਰਵਰਤੋਂ ਕੀਤੀ ਗਈ ਹੈ। ਇਸ ਮਾਮਲੇ ਦੀ ਸਰਕਾਰ ਵੱਲੋਂ ਉੱਚ ਪੱਧਰੀ ਜਾਂਚ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਸੰਗਤ ਦਰਸ਼ਨ ਪ੍ਰੋਗਰਾਮ ਲਈ ਫੰਡ ਦਾ ਪੈਸਾ ਦੋ ਪ੍ਰਾਈਵੇਟ ਬੈਂਕਾਂ ਵੱਲੋਂ ਦਿੱਤਾ ਗਿਆ ਹੈ। ਇਹ ਸੰਭਵ ਹੈ ਕਿ ਬੈਂਕਾਂ ਤੋਂ ਪੈਸਾ ਲੈਣ ਲਈ ਸਰਕਾਰੀ ਜਾਇਦਾਦਾਂ ਗਾਰੰਟੀ ਵਜੋਂ ਰੱਖੀਆਂ ਗਈਆਂ ਹੋਣਗੀਆਂ। ਉਨ੍ਹਾਂ ਕਿਹਾ ਕਿ ਇਸ ਪੈਸੇ ਦੀ ਅੰਨ੍ਹੀ ਦੁਰਵਰਤੋਂ ਹੋਈ ਹੈ ਜੋ ਫੌਜਦਾਰੀ ਅਪਰਾਧ ਹੈ। ਕਾਬਲੇਗੌਰ ਹੈ ਕਿ ਕੈਪਟਨ ਅਮਰਿੰਦਰ ਸਰਕਾਰ ਇਸ ਵਾਰ ਬੜੀ ਸੰਭਲ-ਸੰਭਲ ਕੇ ਚੱਲ ਰਹੀ ਹੈ। ਕਾਂਗਰਸ ਸਰਕਾਰ ਪਿਛਲੀ ਸਰਕਾਰ ਵੇਲੇ ਹੋਈਆਂ ਬੇਨੇਮੀਆਂ ਨੂੰ ਬੜੇ ਢੰਗ ਨਾਲ ਬੇਨਕਾਬ ਕਰਨ ਦੀ ਯੋਜਨਾ ਬਣਾ ਰਹੀ ਹੈ। ਕੈਪਟਨ ਨੇ ਪਿਛਲੀ ਵਾਰ ਬਾਦਲ ਪਰਿਵਾਰ ਨੂੰ ਜੇਲ੍ਹ ਵਿੱਚ ਸੁੱਟ ਕੇ ਅਕਾਲੀ ਦਲ ਨੂੰ ਇੱਕਮੁੱਠ ਕਰ ਦਿੱਤਾ ਸੀ। ਇਸ ਵਾਰ ਕਾਂਗਰਸ ਕਾਨੂੰਨੀ ਢੰਗ ਨਾਲ ਵਿਰੋਧੀਆਂ ਦਾ ਮੱਕੂ ਠੱਪੇਗੀ। ਨਵੀਂ ਸਰਕਾਰ ਨੇ ਟਰਾਂਪੋਰਟ ਨੀਤੀ ਦੀ ਨਜ਼ਰਸਾਨੀ ਕਰਨ ਦਾ ਫੈਸਲਾ ਕੀਤਾ ਹੈ। ਆਬਕਾਰੀ ਨੀਤੀ ਬਦਲ ਦਿੱਤੀ ਹੈ। ਨਵੀਂ ਮੀਡੀਆ ਪਾਲਿਸੀ ਬਣਨ ਜਾ ਰਹੀ ਹੈ। ਇਸ ਨਾਲ ਲੀਡਰਾਂ ਦੇ ਟਰਾਂਪੋਰਟ, ਮੀਡੀਆ ਤੇ ਸ਼ਰਾਫ ਮਾਫੀਆਂ ਦੀ ਸੰਘੀ ਨੱਪੀ ਜਾਏਗੀ। ਇਸ ਤੋਂ ਇਲਾਵਾ ਸਰਕਾਰ ਵੱਲੋਂ ਆਰਥਿਕ ਬੇਨੇਮੀਆਂ ਬਾਰੇ ਵ੍ਹਾਈਟ ਪੇਪਰ ਜਾਰੀ ਕੀਤਾ ਜਾ ਰਿਹਾ ਹੈ।
Total Responses : 265