ਚੰਡੀਗੜ੍ਹ, 9 ਮਾਰਚ, 2017 : ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਭਰੋਸਾ ਪ੍ਰਗਟਾਇਆ ਹੈ ਕਿ ਉਨ੍ਹਾਂ ਦੀ ਪਾਰਟੀ ਸੂਬੇ 'ਚ ਅਗਲੀ ਸਰਕਾਰ ਬਣਾਏਗੀ।
ਚੋਣ ਸਰਵੇਖਣਾਂ ਦਾ ਸਵਾਗਤ ਕਰਦਿਆਂ, ਕੈਪਟਨ ਅਮਰਿੰਦਰ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਉਨ੍ਹਾਂ ਦੀ ਪਾਰਟੀ ਅਸਲਿਅਤ 'ਚ ਇਨ੍ਹਾ ਅਨੁਮਾਨਿਤ ਅੰਕੜਿਆਂ ਤੋਂ ਵੀ ਅੱਗੇ ਵੱਧ ਕੇ ਪ੍ਰਦਰਸ਼ਨ ਕਰਨ ਦੇ ਨਾਲ, ਆਪਣੇ ਖਾਤੇ 'ਚ 62-65 ਸੀਟਾਂ ਪਾਉਂਦਿਆਂ ਸਪੱਸ਼ਟ ਬਹੁਮਤ ਹਾਸਿਲ ਕਰੇਗੀ। ਉਨ੍ਹਾਂ ਨੇ ਕਿਹਾ ਕਿ ਚੋਣ ਸਰਵੇਖਣ ਸਪੱਸ਼ਟ ਤੌਰ 'ਤੇ ਕਾਂਗਰਸ ਦੇ ਹੱਕ 'ਚ ਸਾਕਾਰਾਤਮਕ ਝੁਕਾਅ ਨੂੰ ਦਰਸਾ ਰਹੇ ਹਨ, ਲੇਕਿਨ ਅਸਲੀ ਨਤੀਜ਼ਾ ਇਸ ਤੋਂ ਵੀ ਬੇਹਤਰ ਹੋਵੇਗਾ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਸੱਤਾ ਤੋਂ ਬਾਹਰ ਹੋ ਰਹੀ ਬਾਦਲ ਸਰਕਾਰ ਵੱਲੋਂ ਪੈਦਾ ਕੀਤੀ ਆਰਥਿਕ ਤੇ ਸਮਾਜਿਕ ਤਬਾਹੀ ਤੋਂ ਪੰਜਾਬ ਨੂੰ ਬਾਹਰ ਕੱਢਣ ਦੀ ਵੱਡੀ ਜ਼ਿੰਮੇਵਾਰੀ ਨੂੰ ਆਪਣੇ ਮੋਢਿਆਂ 'ਤੇ ਚੁੱਕਣ ਲਈ ਪਾਰਟੀ ਪੂਰੀ ਤਰ੍ਹਾਂ ਤਿਆਰ ਹੈ।
ਵੀਰਵਾਰ ਨੂੰ ਚੋਣ ਸਰਵੇਖਣਾਂ, ਜਿਨ੍ਹਾਂ ਨੂੰ ਮੀਡੀਆ ਘਰਾਣਿਆਂ ਵੱਲੋਂ ਚੋਣ ਕਮਿਸ਼ਨ ਦੇ ਨਿਰਦੇਸ਼ਾਂ 'ਤੇ ਪਹਿਲਾਂ ਰੋਕ ਲਿਆ ਸੀ, ਦੇ ਸਾਹਮਣੇ ਆਉਣ ਤੋਂ ਬਾਅਦ ਇਥੇ ਜ਼ਾਰੀ ਇਕ ਬਿਆਨ 'ਚ, ਕੈਪਟਨ ਅਮਰਿੰਦਰ ਨੇ ਕਿਹਾ ਕਿ ਅੰਦਰੂਨੀ ਆਕਲਨ ਪਾਰਟੀ ਨੂੰ ਸਪੱਸ਼ਟ ਬਹੁਮਤ ਮਿੱਲਣ ਵੱਲ ਇਸ਼ਾਰਾ ਕਰ ਰਿਹਾ ਹੈ। ਇਸ ਤੋਂ ਪਹਿਲਾਂ ਆਪਣੀ ਅਧਿਕਾਰਿਤ ਜੀਵਨੀ ਨੂੰ ਰਿਲੀਜ਼ ਕਰਨ ਮੌਕੇ, ਕਾਂਗਰਸ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਨੇ ਕਿਹਾ ਸੀ ਕਿ ਆਪਣੇ ਸਿਆਸੀ ਤਜ਼ੁਰਬੇ ਦੇ ਅਧਾਰ 'ਤੇ ਉਨ੍ਹਾਂ ਦੀ ਸੋਚ ਦੱਸਦੀ ਹੈ ਕਿ ਪਾਰਟੀ 62 ਤੋਂ 65 ਸੀਟਾਂ 'ਤੇ ਜਿੱਤ ਦਰਜ਼ ਕਰੇਗੀ।
ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਪਜੰਾਬ ਦੇ ਲੋਕਾਂ ਨੇ ਸਥਿਰਤਾ ਤੇ ਵਿਕਾਸ ਲਈ ਵੋਟ ਦਿੱਤੀ ਹੈ, ਜਿਹੜੇ ਸਿਰਫ ਕਾਂਗਰਸ ਹੀ ਮੁਹੱਈਆ ਕਰਵਾ ਸਕਦੀ ਹੈ। ਕੈਪਟਨ ਅਮਰਿੰਦਰ ਨੇ ਕਿਹਾ ਕਿ ਸ੍ਰੋਮਣੀ ਅਕਾਲੀ ਦਲ-ਭਾਰਤੀ ਜਨਤਾ ਪਾਰਟੀ ਦੇ ਕੁਸ਼ਾਸਨ ਵਿਰੁੱਧ ਵੱਡੇ ਪੱਧਰ 'ਤੇ ਨਿਰਾਸ਼ਾ ਸਾਫ ਤੌਰ 'ਤੇ ਇਨ੍ਹਾਂ ਲਈ ਨਾਕਾਰਾਤਮਕ ਵੋਟਾਂ ਦਾ ਕਾਰਨ ਬਣੀ ਹੈ ਅਤੇ ਇਹ ਇਨ੍ਹਾਂ ਚੋਣਾਂ 'ਚ ਪੂਰੀ ਤਰ੍ਹਾਂ ਨਾਲ ਸੱਤਾ ਤੋਂ ਬਾਹਰ ਹੋ ਚੁੱਕੇ ਹਨ।
ਉਨ੍ਹਾਂ ਨੇ ਕਿਹਾ ਕਿ ਸਪੱਸ਼ਟ ਤੌਰ 'ਤੇ ਲੋਕਾਂ ਨੇ ਆਮ ਆਦਮੀ ਪਾਰਟੀ ਨਾਲ ਤਜ਼ੁਰਬਾ ਕਰਨ ਨੂੰ ਲੈ ਕੇ ਵੀ ਸਾਵਧਾਨੀ ਵਰਤੀ ਸੀ, ਜਿਹੜੀ ਸਿਆਸੀ ਖੇਤਰ 'ਚ ਇਕ ਗੰਭੀਰ ਖਿਡਾਰੀ ਵਜੋਂ ਆਪਣੀ ਭਰੋਸੇਮੰਦੀ ਸਾਬਤ ਕਰਨ 'ਚ ਨਾਕਾਮ ਰਹੀ ਸੀ। ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਆਪ ਦਾ ਦਿੱਲੀ ਸਰਕਾਰ 'ਚ ਨਿੰਦਣਯੋਗ ਪ੍ਰਦਰਸ਼ਨ ਅਤੇ ਪੰਜਾਬ 'ਚ ਵੱਡੇ ਪੱਧਰ 'ਤੇ ਭ੍ਰਿਸ਼ਟਾਚਾਰ ਤੇ ਹੋਰ ਗਲਤ ਕੰਮਾਂ ਦੇ ਦੋਸ਼ਾਂ ਦੇ ਨਤੀਜੇ ਵਜੋਂ ਇਨ੍ਹਾਂ ਦੀ ਸਾਖ ਘੱਟ ਹੋਣ ਨਾਲ ਪਾਰਟੀ 2014 ਲੋਕ ਸਭਾ ਚੋਣਾਂ ਦੌਰਾਨ ਸੂਬੇ 'ਚ ਹਾਸਿਲ ਕੀਤੇ ਫਾਇਦੇ ਨੂੰ ਖੋਹ ਚੁੱਕੀ ਸੀ।
ਇਸ ਦੌਰਾਨ ਕੈਪਟਨ ਅਮਰਿੰਦਰ ਨੇ ਕਾਂਗਰਸ ਵੱਲੋਂ ਆਪਣੇ ਚੋਣ ਮਨੋਰਥ ਪੱਤਰ 'ਚ ਕੀਤੇ ਗਏ ਹਰੇਕ ਵਾਅਦੇ ਨੂੰ ਲਾਗੂ ਕਰਨ ਪ੍ਰਤੀ ਵਚਨਬੱਧਤਾ ਪ੍ਰਗਟਾਈ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਪੰਜਾਬ ਨੂੰ ਤਰੱਕੀ ਤੇ ਵਿਕਾਸ ਦੇ ਮਾਰਗ 'ਤੇ ਵਾਪਿਸ ਲਿਆਉਣ ਦੀ ਦਿਸ਼ਾ 'ਚ ਤੁਰੰਤ ਕੰਮ ਸ਼ੁਰੂ ਕਰ ਦੇਵੇਗੀ। ਇਸ ਲੜੀ ਹੇਠ, ਨਸ਼ਿਆਂ ਦਾ ਖਾਤਮਾ ਕਰਨਾ, ਨੌਜ਼ਵਾਨਾਂ ਨੂੰ ਰੋਜ਼ਗਾਰ ਦੇਣਾ, ਵੱਧ ਰਹੀਆਂ ਧਾਰਮਿਕ ਬੇਅਦਬੀਆਂ ਦੀਆਂ ਘਟਨਾਵਾਂ ਰਾਹੀਂ ਸੰਪ੍ਰਦਾਇਕ ਅਧਾਰ 'ਤੇ ਲੋਕਾਂ ਨੂੰ ਵੰਡਣ ਦੇ ਮਹੌਲ ਨੂੰ ਠੀਕ ਕਰਨਾ, ਕਿਸਾਨਾਂ ਦੇ ਕਰਜ਼ੇ ਮੁਆਫ ਕਰਨੇ, ਤੇ ਉਦਯੋਗਾਂ ਨੂੰ ਮੁੜ ਪੈਰਾਂ 'ਤੇ ਖੜ੍ਹਾ ਕਰਨਾ, ਸਰਕਾਰ ਬਣਾਉਣ ਤੋਂ ਬਾਅਦ ਉਨ੍ਹਾਂ ਦੀ ਪਾਰਟੀ ਦੇ ਏਜੰਡੇ 'ਚ ਸੱਭ ਤੋਂ ਉਪਰ ਹੋਵੇਗਾ।
ਸੂਬਾ ਕਾਂਗਰਸ ਪ੍ਰਧਾਨ ਨੇ ਬਾਦਲ ਸ਼ਾਸਨ 'ਚ ਅਜ਼ਾਦ ਘੁੰਮ ਰਹੇ ਕਈ ਤਰ੍ਹਾਂ ਦੇ ਮਾਫੀਆਵਾਂ 'ਤੇ ਕਾਰਵਾਈ ਕਰਨ ਦੀ ਦਿਸ਼ਾ 'ਚ ਤੁਰੰਤ ਕਦਮ ਚੁੱਕਣ ਦਾ ਵੀ ਵਾਅਦਾ ਕੀਤਾ ਹੈ ਤੇ ਕਿਹਾ ਕਿ ਕਿਸੇ ਵੀ ਤਰ੍ਹਾਂ ਦੇ ਅਪਰਾਧ ਲਈ ਇਨ੍ਹਾਂ 'ਚੋਂ ਕਿਸੇ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ।
ਕੈਪਟਨ ਅਮਰਿੰਦਰ ਨੇ ਲੋਕਾਂ ਦੇ ਚੇਹਰਿਆਂ ਤੋਂ ਗਾਇਬ ਹੋ ਚੁੱਕੀਆਂ ਖੁਸ਼ੀਆਂ ਨੂੰ ਵਾਪਿਸ ਲਿਆਉਣ ਤੇ ਭਾਰਤ ਦੇ ਪ੍ਰਗਤੀਸ਼ੀਲ ਤੇ ਵਿਕਸਿਤ ਸੂਬਿਆਂ 'ਚੋਂ ਇਕ ਹੋਣ ਸਬੰਧੀ ਪੰਜਾਬ ਦੇ ਅਸਲੀ ਮਾਣ ਨੂੰ ਮੁੜ ਕਾਇਮ ਕਰਨ ਸਬੰਧੀ ਆਪਣੀ ਸਹੁੰ ਦੁਹਰਾਈ ਹੈ।