ਐਸ.ਡੀ.ਓ ਪਾਰਵਕਾਮ ਨੂੰ ਮੰਗ ਪੱਤਰ ਸੌਪਦੇ ਕੁੱਲ ਹਿੰਦ ਕਿਸਾਨ ਸਭਾ ਦ। ਅਹੁੱਦੇਦਾਰ ਤੇ ਵਰਕਰ।
ਫਿਰੋਜ਼ਪੁਰ, 9 ਮਾਰਚ, 2017 (ਗੁਰਿੰਦਰ ਸਿੰਘ) : ਪਹਿਲਾਂ ਤੋਂ ਹੀ ਆਰਥਿਕ ਮੰਦਹਾਲੀ ਵਿੱਚੋਂ ਗੁਜ਼ਰ ਰਹੀ ਪੰਜਾਬ ਦੀ ਕਿਸਾਨੀ ਅਤੇ ਆਮ ਜਨਤਾ ਨੂੰ ਹੋਰ ਝਟਕੇ ਦਿੰਦਿਆਂ ਪਾਵਰਕਾਮ ਵੱਲੋਂ ਬਿਜਲੀ ਬਿੱਲਾਂ ਦੇ ਨਾਲ ਵਸੂਲੇ ਜਾਂਦੇ ਗਊ ਟੈਕਸ, ਪੰਜਾਬ ਵਿੱਚ ਚੁੰਗੀ ਖਤਮ ਹੋਣ ਦੇ ਬਾਵਜੂਦ ਬਿਜਲੀ 'ਤੇ ਲਾਈ ਜਾ ਰਹੀ ਚੁੰਗੀ ਅਤੇ ਪਿਛਲੇ ਦਿਨੀ ਬਿਜਲੀ ਦਰਾਂ ਵਿੱਚ ਕੀਤੇ 20 ਪ੍ਰਤੀਸ਼ਤ ਵਾਧੇ ਨੂੰ ਵਾਪਸ ਲੈਣ ਲਈ ਕੁੱਲ ਹਿੰਦ ਕਿਸਾਨ ਸਭਾ ਦੇ ਇੱਕ ਵਫਦ ਨੇ ਅੱਜ ਚੇਅਰਮੈਨ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੇ ਨਾਂ ਮੰਗ ਪੱਤਰ ਐਸ.ਡੀ.ਓ ਪਾਵਰਕਾਮ ਮਮਦੋਟ ਨੂੰ ਸੌਪਿਆ।
ਕੁੱਲ ਹਿੰਦ ਕਿਸਾਨ ਸਭਾ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਜਨਰਲ ਸਕੱਤਰ ਕਾਮਰੇਡ ਹੰਸਾ ਸਿੰਘ ਦੀ ਅਗਵਾਈ ਹੇਠ ਐਸ.ਡੀ.ਓ ਨੂੰ ਮਿਲੇ ਵਫਦ ਨੇ ਮੰਗ ਕੀਤੀ ਕਿ ਬਿਜਲੀ ਬਿੱਲਾਂ 'ਤੇ ਲਾਇਆ ਜਾ ਰਿਹਾ ਗਊ ਟੈਕਸ ਖਤਮ ਕੀਤਾ ਜਾਵੇ, ਪੰਜਾਬ ਵਿੱਚ ਚੁੰਗੀ ਖਤਮ ਹੋਣ ਦੇ ਬਾਵਜੂਦ ਬਿਜਲੀ 'ਤੇ ਲਾਈ ਜਾ ਰਹੀ ਚੁੰਗੀ ਖਤਮ ਕੀਤੀ ਜਾਵੇ, ਪੰਜਾਬ ਵਿੱਚ ਬਿਜਲੀ ਸਰਪਲਸ ਹੋਣ ਕਾਰਨ ਸੂਬੇ ਦੇ ਕਿਸਾਨਾਂ ਦੇ ਪੈਂਡਿੰਗ ਕੁਨੈਕਸ਼ਨ ਇੱਕ ਤੋਂ ਪੰਜ ਏਕੜ ਦੇ ਕਿਸਾਨਾਂ ਨੂੰ ਕਾਰਪੋਰੇਸ਼ਨ ਆਪਣੇ ਖਰਚੇ 'ਤੇ ਜਾਰੀ ਕਰੇ, ਖੇਤੀ 'ਤੇ ਸਿਰਫ ਰਾਤ ਨੂੰ ਬਿਜਲੀ ਦੇਣ ਦੀ ਬਜਾਏ ਰੁਟੇਸ਼ਨ ਨਾਲ 10 ਘੰਟੇ ਬਿਜਲੀ ਦਿੱਤੀ ਜਾਵੇ ਅਤੇ ਰੈਗੂਲੇਟਰੀ ਕਮਿਸ਼ਨ ਵੱਲੋਂ ਬਿਜਲੀ ਦਰਾਂ ਵਿੱਚ 20 ਪ੍ਰਤੀਸ਼ਤ ਵਾਧੇ ਦੀ ਤਜ਼ਵੀਜ ਫੌਰੀ ਤੌਰ 'ਤੇ ਰੱਦ ਕੀਤੀ ਜਾਵੇ। ਕਾਮਰੇਡ ਹੰਸਾ ਸਿੰਘ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਅਤੇ ਆਮ ਲੋਕਾਂ 'ਤੇ ਪਾਏ ਜਾ ਰਹੇ ਵਾਧੂ ਵਿੱਤੀ ਬੋਝ ਨਾਲ ਕਿਸਾਨਾਂ ਅਤੇ ਆਮ ਨਾਗਰਿਕਾਂ ਨੂੰ ਭਾਰੀ ਆਰਥਿਕ ਨੁਕਸਾਨ ਉਠਾਉਣਾ ਪੈ ਰਿਹਾ ਹੈ। ਪਾਵਰਕਾਮ ਵੱਲੋਂ ਪਾਏ ਜਾ ਰਹੇ ਵਾਧੂ ਆਰਥਿਕ ਸੰਕਟ ਵਿੱਚੋਂ ਮੁਕਤੀ ਲਈ ਉਕਤ ਮੰਗਾਂ ਫੌਰੀ ਤੌਰ 'ਤੇ ਪ੍ਰਵਾਨ ਕੀਤੀਆਂ ਜਾਣ। ਵਫਦ ਵਿੱਚ ਸੀ.ਪੀ.ਆਈ.ਐਮ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਕੁਲਦੀਪ ਸਿੰਘ ਖੁੰਗਰ, ਮੁਹਿੰਦਰ ਸਿੰਘ, ਭਾਗ ਸਿੰਘ, ਗੁਲਜ਼ਾਰ ਸਿੰਘ, ਜੋਗਿੰਦਰ ਸਿੰਘ, ਬੁੱਧ ਸਿੰਘ, ਪਾਲ ਸਿੰਘ ਮੱਟੂ, ਹੁਕਮ ਸਿੰਘ, ਮੱਖਣ ਸਿੰਘ, ਬਲਵਿੰਦਰ ਸਿੰਘ, ਨਿਰੰਜਨ ਸਿੰਘ, ਗੁਲਬਾਗ ਸਿੰਘ ਆਦਿ ਮੌਜੂਦ ਸਨ।