ਚੰਡੀਗੜ੍ਹ, 18 ਮਾਰਚ, 2017 : ਕੈਪਟਨ ਅਮਰਿੰਦਰ ਸਿੰਘ ਸਰਕਾਰ ਵਲੋਂ ਅੱਜ ਕੈਬਿਨੇਟ ਮੀਟਿੰਗ ਵਿਚ ਲਾਲ ਬੱਤੀ ਅਤੇ ਵੀਆਈਪੀ ਕਲਚਰ ਤਿਆਗਣ ਅਤੇ ਕਿਸਾਨਾਂ ਦੀਆਂ ਜਮੀਨਾਂ ਦੀ ਨਿਲਾਮੀਆਂ ਰੋਕਣ ਵਰਗੇ ਫੈਸਲਿਆਂ ਦਾ ਸਵਾਗਤ ਕਰਦੇ ਹੋਏ ਆਮ ਆਦਮੀ ਪਾਰਟੀ ਪੰਜਾਬ ਨੇ ਇਸ ਸਿਹਰਾ ਰਾਸ਼ਟਰੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਸੋਚ ਅਤੇ ਆਪਣੇ ਵਲੰਟੀਅਰਾਂ ਸਿਰ ਬਨਿਆ।
ਸ਼ਨਿਵਾਰ ਨੂੰ ‘ਆਪ’ ਵਲੋਂ ਜਾਰੀ ਬਿਆਨ ਰਾਹੀਂ ਪਾਰਟੀ ਦੇ ਸੀਨੀਅਰ ਆਗੂ ਅਤੇ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਐਡਵੋਕੇਟ ਐਚ.ਐਸ. ਫੂਲਕਾ ਨੇ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਅਤੇ ਆਗੂਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਦੇਸ਼ ਦੀ ਸਿਆਸਤ ਨੂੰ ਬਦਲਣ ਲਈ ਤੁਹਾਡੇ ਵਲੋਂ ਦਿ੍ਰਤਾ ਨਾਲ ਵਿੱਢੇ ਅੰਦੋਲਨ ਅਤੇ ਅਣਥੱਕ ਮਿਹਨਤ ਸਦਕਾ ਅੱਜ ਕਾਂਗਰਸ ਦੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੀ ਆਮ ਆਦਮੀ ਪਾਰਟੀ ਦੇ ਏਜੰਡੇ ਨੂੰ ਲਾਗੂ ਕਰਨ ਲਈ ਮਜਬੂਰ ਹੋ ਗਈ ਹੈ।
ਫੂਲਕਾ ਨੇ ਕਿਹਾ ਕਿ ਕੈਪਟਨ ਸਰਕਾਰ ਨੂੰ ਲਾਲ ਬੱਤੀ ਕਲਚਰ ਤਿਆਗਣ, ਕਿਸਾਨਾਂ ਦੀ ਜਮੀਨਾਂ ਦੀ ਨਿਲਾਮੀ ਰੋਕਣ ਅਤੇ ਸ਼ਰਾਬ ਦੇ ਠੇਕਿਆਂ ਦੀ ਗਿਣਤੀ ‘ਚ ਸੰਕੇਤਕ ਕਟੌਤੀ ਕਰਨ ਜਿਹੇ ਫੈਸਲੇ ਲੈਣ ਲਈ ਮਜਬੂਰ ਕਰਨਾ ਆਮ ਆਦਮੀ ਪਾਰਟੀ ਦੀ ਜਿੱਤ ਹੈ। ਫੂਲਕਾ ਨੇ ਕਿਹਾ ਕਿ ਮੁੱਖ ਵਿਰੋਧੀ ਧਿਰ ‘ਆਪ’ ਦੇ ਅਸਰ ਕਾਰਨ ਪੰਜਾਬ ਕਾਂਗਰਸ ਨੂੰ ਆਪਣਾ ਰਿਵਾਇਤੀ ਵੀਆਈਪੀ ਕਲਚਰ ਛੱਡਣਾਂ ਪੈ ਰਿਹਾ ਹੈ ਅਤੇ ਆਦਤਾਂ ਬਦਲਣੀਆਂ ਪੈ ਰਹੀਆਂ ਹਨ, ਕਿਉਕਿ ‘ਆਪ’ ਨੇ ਪੰਜਾਬ ਦੀ ਜਨਤਾ ਨੂੰ ਜਾਗਰੂਕ ਕਰ ਦਿੱਤਾ ਹੈ ਕਿ ਲੋਕਤੰਤਰ ਵਿਚ ਜਨਤਾ ਹੀ ਮਾਲਕ ਹੁੰਦੀ ਹੈ, ਲਾਲ ਬੱਤੀਆਂ ਵਾਲੇ ਅਫਸਰ, ਮੰਤਰੀ ਅਤੇ ਨੇਤਾ ਮਾਲਕ ਨਹੀਂ ਹੁੰਦੇ ਬਲਕਿ ਜਨਤਾ ਦੇ ਸੇਵਾਦਾਰ ਹੁੰਦੇ ਹਨ।
ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਕਾਰਨ ਇਹ ਸਿਰਫ ਪੰਜਾਬ ਵਿਚ ਹੀ ਹੋਇਆ ਹੈ, ਵੈਸੇ ਤਾਂ 7 ਹੋਰ ਰਾਜਾਂ ਵਿਚ ਵੀ ਕਾਂਗਰਸ ਦੀਆਂ ਸਰਕਾਰਾਂ ਹਨ ਜਿੱਥੇ ਅਜਿਹੇ ਫੈਸਲੇ ਨਹੀਂ ਲਏ ਗਏ। ਫੂਲਕਾ ਨੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੇ ਇਨਾਂ ਫੈਸਲਿਆਂ ਦੀ ਸ਼ਲਾਘਾ ਕਰਦੇ ਹੋਏ ਦੋਹਰਾਇਆ ਕਿ ਜਿੰਨੀ ਦੇਰ ਕੈਪਟਨ ਅਮਰਿੰਦਰ ਸਿੰਘ ਸਰਕਾਰ ਸੂਬੇ ਅਤੇ ਜਨਤਾ ਦੇ ਹਿੱਤ ਵਿਚ ਚੰਗੇ ਕੰਮ ਕਰੇਗੀ, ਆਮ ਆਦਮੀ ਪਾਰਟੀ ਮੁੱਖ ਵਿਰੋਧੀ ਧਿਰ ਵਜੋਂ ਇਸਨੂੰ ਪੂਰਾ ਸਹਿਯੋਗ ਦੇਵੇਗੀ, ਪਰੰਤੂ ਜੇਕਰ ਕੈਪਟਨ ਸਰਕਾਰ ਆਪਣੇ ਵਾਅਦੇ ਸਮੇਂ ਸਿਰ ਪੂਰਾ ਨਹੀਂ ਕਰੇਗੀ ਅਤੇ ਜਨਤਾ ਵਿਰੋਧੀ ਕਦਮ ਚੁੱਕੇਗੀ ਤਾਂ ਆਮ ਆਦਮੀ ਪਾਰਟੀ ਅਜਿਹਾ ਨਹੀਂ ਹੋਣ ਦੇਵੇਗੀ ਅਤੇ ਸਕਰਾਤਮਕ ਭੂਮਿਕਾ ਨਿਭਾਉਦੇ ਹੋਏ ਕੈਪਟਨ ਸਰਕਾਰ ਕੋਲੋਂ ਜਬਰਦਸਤੀ ਵਾਅਦੇ ਪੂਰੇ ਕਰਵਾਵੇਗੀ। ਉਨਾਂ ਕਿਹਾ ਕਿ ਬੇਸ਼ਕ ਅੱਜ ਦੀ ਕੈਬਿਨੇਟ ਵਿਚ ਘਰ-ਘਰ ਨੌਕਰੀ ਲਈ ਕੋਈ ਸਕੀਮ ਅਤੇ ਕੁਝ ਹੋਰ ਅਹਿਮ ਵਾਅਦਿਆਂ ਬਾਰੇ ਕੋਈ ਗੱਲ ਨਹੀਂ ਹੋਈ ਅਤੇ ਸ਼ਰਾਬ ਦੇ ਠੇਕਿਆਂ ਦੀ ਗਿਣਤੀ ਵਿਚ ਲੋੜੀਂਦੀ ਕਟੌਤੀ ਨਹੀਂ ਕੀਤੀ ਗਈ। ਫਿਰ ਵੀ ਆਮ ਆਦਮੀ ਪਾਰਟੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੂੰ ਇਹ ਵਾਅਦੇ ਨਿਭਾਉਣ ਲਈ ਹੋਰ ਸਮਾਂ ਦਿੰਦੀ ਹੈ। ਉਨਾਂ ਕੈਪਟਨ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਆਪਣਾ ਇਕ-ਇਕ ਵਾਅਦਾ ਨਿਰਧਾਰਿਤ ਸਮੇਂ ਅੰਦਰ ਪੂਰਾ ਕਰੇ। ਉਨਾਂ ਵਲੰਟੀਅਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਹੌਂਸਲਾ ਨਾ ਛੱਡਣ ਅਤੇ ਹਰ ਵਾਅਦਾ ਪੂਰਾ ਕਰਵਾਉਣ ਲਈ ਮੈਦਾਨ ਵਿਚ ਡੱਟੇ ਰਹਿਣ।