ਹਰਦਮ ਮਾਨ
ਸਰੀ, 17 ਮਾਰਚ 2020 - ਬੀ.ਸੀ. ਵਿੱਚ ਕੋਰੋਨਾ ਵਾਇਰਸ ਤੋਂ ਪੀੜਤ 3 ਹੋਰ ਵਿਅਕਤੀਆਂ ਦੀ ਮੌਤ ਹੋ ਗਈ। ਇਹ ਤਿੰਨੇ ਮ੍ਰਿਤਕ ਉੱਤਰੀ ਵੈਨਕੂਵਰ ਦੇ ਲਿਨ ਵੈਲੀ ਕੇਅਰ ਹੋਮ ਨਾਲ ਸਬੰਧਤ ਸਨ। ਇਸ ਹੋਮ ਕੇਅਰ ਸੈਂਟਰ ਵਿੱਚ ਹੀ ਕੈਨੇਡਾ ਵਿੱਚ ਕੋਰੋਨਾ ਵਾਇਰਸ ਨਾਲ ਸਬੰਧਤ ਪਹਿਲੀ ਮੌਤ ਹੋਈ ਸੀ।
ਬੀਸੀ ਦੀ ਸੂਬਾਈ ਸਿਹਤ ਅਫਸਰ ਡਾ. ਬੋਨੀ ਹੈਨਰੀ ਨੇ ਅੱਜ ਇਨ੍ਹਾਂ ਮੌਤਾਂ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਬੀਸੀ ਵਿਚ ਇਸ ਮਹਾਂਮਾਰੀ ਨਾਲ ਮਰਨ ਵਾਲਿਆਂ ਦੀ ਕੁੱਲ ਗਿਣਤੀ 4 ਹੋ ਗਈ ਹੈ। ਡਾ. ਹੈਨਰੀ ਨੇ ਇਹ ਵੀ ਕਿਹਾ ਕਿ ਬੀ.ਸੀ. ਵਿਚ ਕੋਰੋਨਾ ਵਾਇਰਸ ਦੇ 30 ਨਵੇਂ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ ਅਤੇ ਇਨ੍ਹਾਂ ਨਾਲ ਬੀ ਸੀ ਵਿਚ ਇਸ ਵਾਇਰਸ ਨਾਲ ਸਬੰਧਤ ਲੋਕਾਂ ਦੀ ਗਿਣਤੀ 103 ਹੋ ਗਈ ਹੈ।
ਉਨ੍ਹਾਂ ਕਿਹਾ ਕਿ ਸਾਰੇ ਮਰੀਜ਼ਾਂ ਵਿੱਚੋਂ 6 ਮਰੀਜ਼ ਗੰਭੀਰ ਹਾਲਤ ਵਿਚ ਹਨ ਅਤੇ ਹਸਪਤਾਲ ਵਿੱਚ ਜ਼ੇਰੇ-ਇਲਾਜ ਹਨ, ਬਾਕੀ ਸਥਿਰ ਸਥਿਤੀ ਵਿੱਚ ਹਨ ਅਤੇ ਘਰਾਂ ਵਿਚ ਏਕਾਂਤਵਾਸ ਵਿਚ ਹਨ ਜਦੋਂ ਕਿ 5 ਮਰੀਜ਼ ਪੂਰੀ ਤਰ੍ਹਾਂ ਠੀਕ ਹੋ ਗਏ ਹਨ। ਉਨ੍ਹਾਂ ਇਹ ਵੀ ਕਿਹਾ ਕਿ ਬਹੁਤ ਸਾਰੇ ਕੇਸ ਹੋਰ ਵੀ ਹਨ ਜੋ ਠੀਕ ਹੋ ਗਏ ਹਨ ਪਰ ਉਨ੍ਹਾਂ ਦੇ ਤੰਦਰੁਸਤ ਹੋਣ ਦੀ ਪੁਸ਼ਟੀ ਕਰਨ ਲਈ ਟੈਸਟ ਨਤੀਜਿਆਂ ਦੀ ਉਡੀਕ ਹੈ।
ਸੰਪਰਕ: ਹਰਦਮ ਮਾਨ +1 604 308 6663
ਈਮੇਲ : maanbabushahi@gmail.com