ਹਰੀਸ਼ ਕਾਲੜਾ
- ਅਗਲੇ ਨਿਰਦੇਸ਼ਾਂ ਤੱਕ ਬੰਦ ਰੱਖੇ ਜਾਣ ਸਿਨੇਮਾ ਘਰ
ਰੂਪਨਗਰ, 17 ਮਾਰਚ 2020 - ਕੋਵਿਡ-19 (ਕੋਰੋਨਾ ਵਾਇਰਸ) ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਮੈਰਿਜ ਪੈਲਸ ਤੇ ਸਿਨੇਮਾ ਘਰ ਦੇ ਮੁਖੀਆਂ ਅਤੇ ਕਰ ਤੇ ਆਬਕਾਰੀ ਵਿਭਾਗ ਦੇ ਅਧਿਕਾਰੀਆਂ ਨਾਲ ਡਿਪਟੀ ਕਮਿਸ਼ਨਰ ਸ਼੍ਰੀਮਤੀ ਸੋਨਾਲੀ ਗਿਰੀ ਦੀ ਪ੍ਰਧਾਨਗੀ ਹੇਠ ਵਿਸ਼ੇਸ਼ ਬੈਠਕ ਹੋਈ। ਇਸ ਮੌਕੇ ਏ.ਡੀ.ਸੀ. ਸ਼੍ਰੀਮਤੀ ਦੀਪਸ਼ਿਖਾ ਤੇ ਏ.ਈ.ਟੀ.ਸੀ.ਸੁਖਦੀਪ ਸਿੰਘ ਵੀ ਮੌਜੂਦ ਸਨ।
ਇਸ ਦੌਰਾਨ ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਨੇ ਸਿਨੇਮਾ ਘਰਾਂ ਦੇ ਮਾਲਿਕਾਂ ਨੂੰ ਨਿਰਦੇਸ਼ ਦਿੰਦਿਆਂ ਕਿਹਾ ਕਿ ਸਰਕਾਰ ਵਲੋਂ ਕੋਰੋਨਾ ਵਾਇਰਸ ਸਬੰਧੀ ਅਹਿਤਿਆਤ ਦੇ ਤੌਰ 'ਤੇ ਸਿਨੇਮਾ ਘਰ ਬੰਦ ਰੱਖਣ ਦੇ ਆਦੇਸ਼ ਦਿੱਤੇ ਗਏ ਹਨ। ਇਸ ਨੂੰ ਪੂਰੀ ਤਰ੍ਹਾਂ ਨਾਲ ਅਮਲ ਵਿਚ ਲਿਆਂਦਾ ਜਾਵੇ ਅਤੇ ਅਗਲੇ ਦਿਸ਼ਾ ਨਿਰਦੇਸ਼ਾਂ ਤੱਕ ਸਿਨੇਮਾ ਘਰਾਂ ਨੂੰ ਬੰਦ ਰਖਿਆ ਜਾਵੇ। ਉਨ੍ਹਾਂ ਨੇ ਮੈਰਿਜ ਪੈਲੇਸਾਂ ਦੇ ਮੁਖੀਆਂ ਨੂੰ ਨਿਰਦੇਸ਼ ਦਿੰਦਿਆਂ ਕਿਹਾ ਕਿ ਪੈਲੇਸਾਂ ਵਿਚ ਹੋਣ ਵਾਲੇ ਸਮਾਗਮਾਂ ਦੌਰਾਨ ਇਹ ਅਪੀਲ ਕੀਤੀ ਜਾਵੇ ਕਿ ਘਟ ਤੋਂ ਘਟ ਲੋਕ ਸਮਾਗਮ ਵਿਚ ਸ਼ਾਮਲ ਹੋਣ ਅਤੇ ਉਨਾ ਵਲੋਂ ਵੀ ਕੋਰੋਨਾ ਵਾਇਰਸ ਤੋਂ ਬਚਾਅ ਸਬੰਧੀ ਆਪਣੇ ਕਰਮਚਾਰੀਆਂ ਨੂੰ ਵੀ ਜਾਗਰੂਕ ਕੀਤਾ ਜਾਵੇ।
ਉਨਾਂ ਕਿਹਾ ਕਿ ਜੇ ਉਨ੍ਹਾਂ ਨੂੰ ਕੋਰੋਨਾ ਵਾਇਰਸ ਸਬੰਧੀ ਵਿਦੇਸ਼ ਤੋਂ ਪਰਤੇ ਵਾਇਰਸ ਨਾਲ ਪੀੜਤ ਵਿਅਕਤੀ ਸਬੰਧੀ ਕਿਸੇ ਤਰ੍ਹਾਂ ਦੀ ਜਾਣਕਾਰੀ ਮਿਲਦੀ ਹੈ ਤਾਂ ਉਹ ਇਸ ਬਾਰੇ ਸਿਹਤ ਵਿਭਾਗ ਜਾਂ ਪੁਲਿਸ ਵਿਭਾਗ ਨੂੰ ਮੁਢਲੀ ਸੂਚਨਾ ਦੇਣ। ਉਨ੍ਹਾਂ ਕਰ ਤੇ ਆਬਕਾਰੀ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਇਸ ਸਬੰਧੀ ਆਪਣੇ ਪੱਧਰ 'ਤੇ ਜਾਗਰੂਕਤਾ ਫੈਲਾਉਣ ਸਬੰਧੀ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਭਾਵੇਂ ਰੂਪਨਗਰ ਜ਼ਿਲ੍ਹੇ ਵਿੱਚ ਕੋਰੋਨਾ ਵਾਇਰਸ ਦਾ ਕੋਈ ਕੇਸ ਸਾਹਮਣੇ ਨਹੀਂ ਆਇਆ, ਪਰ ਫਿਰ ਵੀ ਬਚਾਅ ਲਈ ਸਾਵਧਾਨੀਆਂ ਵਰਤਣੀਆਂ ਬਹੁਤ ਜ਼ਰੂਰੀ ਹਨ। ਉਨ੍ਹਾਂ ਅਫਵਾਹਾਂ ਤੋਂ ਸੁਚੇਤ ਰਹਿਣ ਦੀ ਅਪੀਲ ਕਰਦਿਆਂ ਕਿਹਾ ਕਿ ਖਾਂਸੀ, ਬੁਖਾਰ ਜਾਂ ਸਾਹ ਲੈਣ ਵਿੱਚ ਤਕਲੀਫ ਆਦਿ ਲੱਛਣ ਸਾਹਮਣੇ ਆਉਣ 'ਤੇ ਤੁਰੰਤ ਸਿਹਤ ਸੰਸਥਾ ਨਾਲ ਸੰਪਰਕ ਕੀਤਾ ਜਾਵੇ। ਉਨਾਂ ਨੇ ਕਿਹਾ ਕਿ ਕੋਰੋਨਾ ਵਾਇਰਸ ਸਬੰਧੀ ਲੱਛਣ ਦਿਖਾਈ ਦੇਣ ਤੇ ਬਿੰਨਾਂ ਕਿਸੇ ਦੇਰੀ ਦੇ ਨਜ਼ਦੀਕੀ ਸਿਹਤ ਸੰਸਥਾ ਨਾਲ ਜਾਂ ਜ਼ਿਲ੍ਹਾ ਕੰਟਰੋਲ ਰੂਮ ਨੰਬਰ 01881-227241 ਅਤੇ ਸਿਹਤ ਸਬੰਧੀ ਅਤੇ ਸੁਝਾਵਾਂ ਲਈ ਮੈਡੀਕਲ ਹੈਲਪ ਲਾਈਨ ਨੰਬਰ 104 'ਤੇ ਸੰਪਰਕ ਕੀਤਾ ਜਾ ਸਕਦਾ ਹੈ।