ਮਨਪ੍ਰੀਤ ਸਿੰਘ ਜੱਸੀ
- ਆਈ. ਐਮ. ਏ ਨੇ ਹੰਗਾਮੀ ਮੀਟਿੰਗ ਵਿਚ ਆਈਸੋਲੇਸ਼ਨ ਵਾਰਡ ਤਿਆਰ ਕਰਨ ਦਾ ਲਿਆ ਫੈਸਲਾ
ਅੰਮ੍ਰਿਤਸਰ, 17 ਮਾਰਚ 2020 - ਕੋਵਿਡ 2019 (ਕੋਰੋਨਾ) ਖਿਲਾਫ ਸਰਕਾਰ ਵੱਲੋਂ ਲੜੀ ਜਾ ਰਹੀ ਲੜਾਈ ਨੂੰ ਉਸ ਵੇਲੇ ਵੱਡਾ ਬਲ ਮਿਲਿਆ ਜਦ ਡਾਕਟਰਾਂ ਦੀ ਰਾਸ਼ਟਰ ਪੱਧਰ ਦੀ ਸਥਾਨਕ ਇਕਾਈ ਆਈ. ਐਮ. ਏ. ਨੇ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿਲੋਂ ਵੱਲੋਂ ਕੀਤੀ ਅਪੀਲ ਨੂੰ ਸਵਿਕਾਰਦੇ ਹੋਏ ਨਿੱਜੀ ਹਸਪਤਾਲਾਂ ਵਿਚ ਕਰੋਨਾ ਪ੍ਰਭਾਵਿਤ ਮਰੀਜ਼ਾਂ ਲਈ ਆਈਸੋਲੇਸ਼ਨ ਵਾਰਡ ਬਨਾਉਣ ਦਾ ਫੈਸਲਾ ਕਰ ਲਿਆ। ਜਥੇਬੰਦੀ ਦੇ ਪ੍ਰਧਾਨ ਡਾ. ਆਰ. ਐਸ. ਸੇਠੀ ਦੀ ਪ੍ਰਧਾਨਗੀ ਹੇਠ ਹੋਈ ਹੰਗਾਮੀ ਮੀਟਿੰਗ ਵਿਚ ਹਾਜ਼ਾਰ ਹੋਏ ਸਾਰੇ ਡਾਕਟਰਾਂ ਨੇ ਇਕਜੁੱਟ ਹੋ ਕੇ ਕਿਹਾ ਕਿ ਦੇਸ਼ ਉਤੇ ਆਏ ਇਸ ਸੰਕਟ ਵਿਚ ਅਸੀਂ ਸਾਰੇ ਆਪਨੇ ਨਾਗਰਿਕਾਂ ਨੂੰ ਬਚਾਉਣ ਲਈ ਵੱਧ-ਚੜ੍ਹ ਕੇ ਯੋਗਦਾਨ ਪਾਵਾਂਗੇ। ਇਸ ਮੌਕੇ ਸ੍ਰੀ ਗੁਰੂ ਰਾਮਦਾਸ ਹਸਪਤਾਲ ਵਿਚ 200 ਬੈਡ ਦਾ ਆਈਸੋਲੇਸ਼ਨ ਵਾਰਡ ਬਨਾਉਣ ਦਾ ਫੈਸਲਾ ਲਿਆ ਗਿਆ। ਇਸ ਤੋਂ ਇਲਾਵਾ ਐਮਰਜੈਂਸੀ ਹਾਲਤਾਂ ਵਿਚ ਸਾਰੇ ਨਿੱਜੀ ਹਸਪਤਾਲਾਂ ਵਿਚ ਆਈਸੋਲੇਸ਼ਨ ਵਾਰਡ ਬਨਾਉਣ ਦਾ ਫੈਸਲਾ ਵੀ ਆਈ. ਐਮ. ਏ. ਦੇ ਮੈਂਬਰਾਂ ਨੇ ਲਿਆ।
ਡਾ. ਸੇਠੀ ਨੇ ਦੱਸਿਆ ਕਿ ਕੋਰੋਨਾ ਨਾਲ ਨਿਜੱਠਣ ਲਈ ਸਮੂਹ ਪ੍ਰਾਈਵੇਟ ਹਸਪਤਾਲਾਂ ਵਿਚ ਡਾਟਰਾਂ ਤੇ ਪੈਰਾ ਮੈਡੀਕਲ ਸਟਾਫ ਨੂੰ ਸਿਖਲਾਈ ਦਿੱਤੀ ਜਾ ਰਹੀ ਹੈ। ਇਸ ਤੋਂ ਇਲਾਵਾ ਮਾਲ, ਗੁਰਦੁਆਰੇ, ਮੰਦਰ ਤੇ ਹੋਰ ਜਨਤਕ ਥਾਵਾਂ ਉੱਤੇ ਲੋਕਾਂ ਦੀ ਜਾਗਰੂਕਤਾ ਲਈ ਕੈਂਪ ਲਗਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਸਾਰੇ ਨਰਸਿੰਗ ਹੋਮਜ਼ ਵਿਚ ਜ਼ਰੂਰੀ ਐਮਰਜੈਂਸੀ ਸਾਜੋ-ਸਮਾਨ ਪੂਰਾ ਕਰਨ ਦਾ ਫੈਸਲਾ ਵੀ ਲਿਆ ਗਿਆ ਹੈ। ਸਾਰੇ ਹਸਪਤਾਲਾਂ ਵਿਚ ਫਲੂ ਡੈਸਕ ਬਣਾਏ ਜਾ ਰਹੇ ਹਨ। ਇਸ ਤੋਂ ਇਲਾਵਾ ਵਲੰਟੀਅਰ ਤੌਰ ਉਤੇ ਸੇਵਾ ਨਿਭਾਉਣ ਵਾਲੇ ਡਾਕਟਰਾਂ ਤੇ ਪੈਰਾ ਮੈਡੀਕਲ ਸਟਾਫ ਦੀ ਸੂਚੀ ਤਿਆਰ ਕੀਤੀ ਜਾਵੇਗੀ, ਜੋ ਕਿ ਹੰਗਾਮੀ ਹਾਲਤ ਵਿਚ ਲੋਕਾਂ ਦੀ ਸੇਵਾ ਕਰ ਸਕਣ।
ਇਸ ਮੌਕੇ ਹਾਜ਼ਰ ਹੋਏ ਸ਼ਹਿਰ ਦੇ ਸਾਰੇ ਪ੍ਰਸਿੱਧ ਡਾਕਟਰਾਂ ਨੇ ਆਪਸੀ ਮਸ਼ਵਰੇ ਅਤੇ ਕਰੋਨਾ ਪ੍ਰਤੀ ਹੁਣ ਤੱਕ ਹੋਈ ਖੋਜ ਦਾ ਅਧਿਐਨ ਕਰਨ ਮਗਰੋਂ ਆਮ ਲੋਕਾਂ ਨੂੰ ਵੀ ਇਹ ਸੰਦੇਸ਼ ਦਿੱਤਾ ਕਿ ਕੋਰੋਨਾ ਪ੍ਰਤੀ ਜਾਗਰੂਕਤਾ ਵੱਡਾ ਇਲਾਜ ਹੈ ਅਤੇ ਕੁੱਝ ਸਾਵਧਾਨੀਆਂ, ਜਿੰਨ੍ਹਾਂ ਵਿੱਚ ਸ਼ੱਕੀ ਮਰੀਜ਼ ਦੇ ਨੇੜੇ ਨਾ ਆਉਣਾ, ਹੱਥ ਨਾ ਮਿਲਾਉਣਾ, ਖੰਘ-ਛਿਕ ਵੇਲੇ ਮੂੰਹ ਢੱਕਣਾ ਆਦਿ ਵਰਤ ਕੇ ਇਸ ਤੋਂ ਬਚਿਆ ਜਾ ਸਕਦਾ ਹੈ।