ਬੀ.ਸੀ. ਵਿਚ ਪਬਲਿਕ ਹੈਲਥ ਐਮਰਜੈਂਸੀ ਦਾ ਐਲਾਨ- 83 ਨਵੇਂ ਕੇਸ, 3 ਹੋਰ ਮੌਤਾਂ
ਹਰਦਮ ਮਾਨ
ਸਰੀ, 18 ਮਾਰਚ 2020-ਬੀ.ਸੀ. ਵਿਚ ਕੋਰੋਨਾ ਵਾਇਰਸ ਬੜੀ ਤੇਜ਼ੀ ਨਾਲ ਫੈਲ ਰਿਹਾ ਹੈ ਅਤੇ ਪਿਛਲੇ 24 ਘੰਟਿਆਂ ਵਿਚ ਹੀ ਇਸ ਵਾਇਰਸ ਤੋਂ ਪੀੜਤ 83 ਨਵੇਂ ਕੇਸਾਂ ਦੀ ਪੁਸ਼ਟੀ ਕੀਤੀ ਗਈ ਹੈ ਅਤੇ 3 ਮੌਤਾਂ ਹੋਰ ਚੁੱਕੀਆਂ ਹਨ। ਇਸ ਤਰ੍ਹਾਂ ਸੂਬੇ ਵਿਚ ਪੀੜਤ ਲੋਕਾਂ ਦੀ ਕੁੱਲ ਗਿਣਤੀ 186 ਹੋ ਗਈ ਹੈ ਅਤੇ ਹੁਣ ਤੱਕ 7 ਵਿਅਕਤੀ ਮੌਤ ਦੇ ਮੂੰਹ ਵਿਚ ਜਾ ਚੁੱਕੇ ਹਨ।
ਅਜਿਹੇ ਹਾਲਾਤ ਵਿਚ ਸੂਬਾਈ ਸਿਹਤ ਅਧਿਕਾਰੀ ਡਾ. ਬੋਨੀ ਹੈਨਰੀ ਅਤੇ ਸਿਹਤ ਮੰਤਰੀ ਐਡਰੀਅਨ ਡਿਕਸ ਨੇ ਸੂਬੇ ਵਿਚ ਪਬਲਿਕ ਹੈਲਥ ਐਮਰਜੈਂਸੀ ਦਾ ਐਲਾਨ ਕੀਤਾ ਹੈ। ਉਨ੍ਹਾਂ ਸਾਰੇ ਕਲੱਬ, ਬਾਰ ਬੰਦ ਕਰਨ ਦੇ ਆਦੇਸ਼ ਦਿੱਤੇ ਹਨ। ਬੇਸ਼ੱਕ ਗਰੌਸਰੀ ਸਟੋਰਾਂ ਅਤੇ ਫਾਰਮੇਸੀਆਂ ਖੁੱਲ੍ਹੀਆਂ ਰਹਿਣਗੀਆਂ ਪਰ ਉਨ੍ਹਾਂ ਨੂੰ ਸਮਾਜਿਕ ਦੂਰੀ ਯਕੀਨੀ ਬਣਾਉਣ ਲਈ ਉਪਾਅ ਕਰਨ ਲਈ ਕਿਹਾ ਗਿਆ ਹੈ। ਜੋ ਰੈਸਟੋਰੈਂਟ ਅਤੇ ਕੈਫੇ ਇਹ ਸ਼ਰਤਾਂ ਪੂਰੀਆਂ ਨਹੀਂ ਕਰ ਸਕਦੇ, ਉਨ੍ਹਾਂ ਨੂੰ ਸਿਰਫ ਟੇਕ-ਆਊਟ ਸੇਵਾ ਦੀ ਆਗਿਆ ਦਿੱਤੀ ਗਈ ਹੈ। ਡਾ. ਹੈਨਰੀ ਨੇ ਕਿਹਾ, “ਸਾਡੀ ਕਮਿਊਨਿਟੀ ਵਿਚ ਬਹੁਤ ਸਾਰੀਆਂ ਅਜਿਹੀਆਂ ਥਾਵਾਂ ਹਨ ਜੋ ਇਸ ਮਾਪਦੰਡ ਨੂੰ ਪੂਰਾ ਨਹੀਂ ਕਰ ਰਹੀਆਂ, ਉਹ ਬੰਦ ਹੋ ਜਾਣੀਆਂ ਚਾਹੀਦੀਆਂ ਹਨ।”
ਵਰਨਣਯੋਗ ਹੈ ਕਿ ਬੀਸੀ ਵਿਚ ਜਿਹੜੀਆਂ ਨਵੀਂਆਂ ਹੋਈਆਂ ਮੌਤਾਂ ਹੋਈਆਂ ਹਨ, ਉਨ੍ਹਾਂ ਵਿਚੋਂ ਦੋ ਉੱਤਰੀ ਵੈਨਕੂਵਰ ਦੇ ਲਿਨ ਵੈਲੀ ਕੇਅਰ ਸੈਂਟਰ ਵਿਖੇ ਚੱਲ ਰਹੇ ਪ੍ਰਕੋਪ ਦਾ ਸ਼ਿਕਾਰ ਹੋਏ ਵਿਅਕਤੀ ਹਨ ਅਤੇ ਇਕ ਹੋਰ 80 ਸਾਲਾ ਵਿਅਕਤੀ ਦੀ ਇਕ ਹਸਪਤਾਲ ਵਿਚ ਮੌਤ ਹੋਈ ਹੈ। ਇਸ ਤੋਂ ਪਹਿਲਾਂ ਹੋਈਆਂ ਚਾਰ ਮੌਤਾਂ ਵੀ ਉੱਤਰੀ ਵੈਨਕੂਵਰ ਦੇ ਇਸੇ ਕੇਅਰ ਸੈਂਟਰ ਨਾਲ ਹੀ ਸਬੰਧਤ ਸਨ। ਸੂਬੇ ਵਿਚ ਜ਼ਿਆਦਾਤਰ ਮਰੀਜ਼ ਘਰਾਂ ਵਿਚ ਹੀ ਠੀਕ ਹੋ ਰਹੇ ਹਨ ਅਤੇ 7 ਵਿਅਕਤੀ ਇਸ ਵੇਲੇ ਹਸਪਤਾਲਾਂ ਵਿਚ ਇਲਾਜ ਅਧੀਨ ਹਨ।
ਸੰਪਰਕ: ਹਰਦਮ ਮਾਨ +1 604 308 6663
ਈਮੇਲ : maanbabushahi@gmail.co