ਬੀ.ਸੀ. ਦੇ ਐਲੀਮੈਂਟਰੀ ਅਤੇ ਸੈਕੰਡਰੀ ਸਕੂਲ ਬੰਦ – ਡਰਾਈਵਰਾਂ ਦੇ ਰੋਡ ਟੈਸਟ ਰੱਦ
ਹਰਦਮ ਮਾਨ
ਸਰੀ, 18 ਮਾਰਚ 2020- ਬ੍ਰਿਟਿਸ਼ ਕੋਲੰਬੀਆ ਦੇ ਐਲੀਮੈਂਟਰੀ ਅਤੇ ਸੈਕੰਡਰੀ ਸਕੂਲ ਬਸੰਤ ਬਰੇਕ ਦੇ ਅੰਤ 'ਤੇ ਅਣਮਿਥੇ ਸਮੇਂ ਲਈ ਬੰਦ ਰਹਿਣਗੇ। ਹਲ਼ਹ ਐਲਾਨ ਬੀਸੀ ਦੇ ਪ੍ਰੀਮੀਅਰ ਜੌਹਨ ਹੌਰਗਨ ਨੇ ਅੱਜ ਇਕ ਪ੍ਰੈਸ ਕਾਨਫਰੋਸ ਦੌਰਾਨ ਕਰਦਿਆਂ ਕਿਹਾ ਕਿ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਹਿਤ ਗਰੇਡ 12 ਦੀ ਸਿੱਖਿਆ ਨੂੰ ਮੁਅੱਤਲ ਕਰਨ ਦਾ ਬੇਹੱਦ ਮੁਸ਼ਕਿਲ ਫੈਸਲਾ ਲਿਆ ਗਿਆ ਹੈ।
ਸਿੱਖਿਆ ਮੰਤਰੀ ਰੌਬ ਫਲੇਮਿੰਗ ਨੇ ਕਿਹਾ ਕਿ ਕਲਾਸ ਰੂਮ ਮੁਅੱਤਲੀ ਦੀਆਂ ਹਦਾਇਤਾਂ ਕੁਝ ਸਮੇਂ ਲਈ ਜਾਰੀ ਰਹਿ ਸਕਦੀਆਂ ਹਨ ਅਤੇ ਸਾਡੇ ਅਧਿਕਾਰੀ ਇਲੈਕਟ੍ਰਾਨਿਕ ਜਾਂ ਆਨਲਾਈਨ ਸਿਖਲਾਈ ਦੇ ਨਵੇਂ ਤਰੀਕੇ ਅਪਨਾਉਣ ਲਈ ਕਾਰਜਸ਼ੀਲ ਹਨ। ਉਨ੍ਹਾਂ ਕਿਹਾ ਕਿ ਕੋਵਿਡ-19 ਦੀ ਮਹਾਂਮਾਰੀ ਵਿਸ਼ਵ ਪੱਧਰ ਤੇ ਤੇਜ਼ੀ ਨਾਲ ਵਿਕਸਤ ਹੋ ਰਹੀ ਹੈ ਅਤੇ ਬੀ.ਸੀ. ਵਿਚ ਇਸਦਾ ਪ੍ਰਭਾਵ ਵਧ ਰਿਹਾ ਹੈ, ਇਸ ਲਈ ਸਾਨੂੰ ਆਪਣੇ ਵਿਦਿਆਰਥੀਆਂ ਅਤੇ ਸਟਾਫ ਦੀ ਸੁਰੱਖਿਆ ਲਈ ਅਤੇ ਆਪਣੇ ਸਕੂਲ ਸੁਰੱਖਿਅਤ ਰੱਖਣ ਲਈ ਇਹ ਕਦਮ ਚੁੱਕਣਾ ਪਿਆ ਹੈ। ਸਿੱਖਿਆ ਮੰਤਰੀ ਨੇ ਗ੍ਰੇਡ 10 ਅਤੇ 11 ਵਿਦਿਆਰਥੀ ਦੀ ਗ੍ਰੈਜੂਏਸ਼ਨ ਅਸੈਸਮੈਂਟ ਮੁਲਤਵੀ ਕਰਨ ਦਾ ਐਲਾਨ ਕੀਤਾ ਅਤੇ ਇਹ ਵੀ ਕਿਹਾ ਕਿ ਇਸ ਸਾਲ ਗ੍ਰੇਡ 12 ਦਾ ਗ੍ਰੈਜੂਏਟ ਹੋਣ-ਯੋਗ ਹਰ ਵਿਦਿਆਰਥੀ ਗ੍ਰੈਜੂਏਟ ਹੋਵੇਗਾ।"
ਡਰਾਈਵਰ ਰੋਡ ਟੈਸਟ ਰੱਦ
ਇਸੇ ਦੌਰਾਨ ਬ੍ਰਿਟਿਸ਼ ਕੋਲੰਬੀਆ ਵਿੱਚ ਕੋਵਿਡ -19 ਮਹਾਂਮਾਰੀ ਨੂੰ ਧਿਆਨ ਵਿਚ ਰਖਦਿਆਂ ਆਈਸੀਬੀਸੀ ਨੇ ਵੀ ਆਪਣੇ ਗਾਹਕਾਂ, ਸਹਿਭਾਗੀਆਂ ਅਤੇ ਕਰਮਚਾਰੀਆਂ ਦੀ ਸਿਹਤ ਅਤੇ ਸੁਰੱਖਿਆ ਲਈ ਕਈ ਉਪਾਅ ਕੀਤੇ ਹਨ। ਜਿਨ੍ਹਾਂ ਤਹਿਤ 17 ਮਾਰਚ ਤੋਂ ਸਾਰੇ ਡਰਾਈਵਰ ਰੋਡ ਟੈਸਟ ਅਗਲੇ ਨੋਟਿਸ ਤਕ ਰੱਦ ਕਰ ਦਿੱਤੇ ਗਏ ਹਨ। ਆਈਸੀਬੀਸੀ ਦੀ ਸੂਚਨਾ ਅਨੁਸਾਰ ਦੋ ਹਫਤਿਆਂ ਵਿੱਚ ਸਥਿਤੀ ਦਾ ਮੁੜ ਮੁਲਾਂਕਣ ਕੀਤਾ ਜਾਵੇਗਾ ਅਤੇ ਉਸ ਸਮੇਂ ਪਬਲਿਕ ਸਿਹਤ ਦੀਆਂ ਸਿਫਾਰਸ਼ਾਂ ਅਤੇ ਹੋਰ ਕਾਰਜਸ਼ੀਲ ਵਿਚਾਰਾਂ ਨੂੰ ਧਿਆਨ ਵਿੱਚ ਰੱਖ ਕੇ ਅਗਲਾ ਫੈਸਲਾ ਲਿਆ ਜਾਵੇਗਾ।
ਸੰਪਰਕ: ਹਰਦਮ ਮਾਨ +1 604 308 6663
ਈਮੇਲ : maanbabushahi@gmail.com