ਦੇਰ ਸ਼ਾਮ ਨਵਾਂਸ਼ਹਿਰ ਦਾ ਦੌਰਾ ਕਰਕੇ ਸਥਿਤੀ ਦਾ ਜਾਇਜ਼ਾ ਲਿਆ
ਕੋਈ ਵੀ ਅਧਿਕਾਰੀ ਹੰਗਾਮੀ ਲੋੜ ਤੋਂ ਬਿਨਾਂ ਛੁੱਟੀ ’ਤੇ ਨਾ ਜਾਵੇ
ਨਵਾਂਸ਼ਹਿਰ, 19 ਮਾਰਚ 2020: ਉਦਯੋਗ ਮੰਤਰੀ ਪੰਜਾਬ ਸੁੰਦਰ ਸ਼ਾਮ ਅਰੋੜਾ ਨੇ ਜ਼ਿਲ੍ਹੇ ਦੇ ਪਿੰਡ ਪਠਲਾਵਾ ’ਚ ਹੋਈ ਮੌਤ ਤੋਂ ਬਾਅਦ ਅੱਜ ਸ਼ਾਮ ਨਵਾਂਸ਼ਹਿਰ ਦਾ ਦੌਰਾ ਕਰਕੇ ਅਧਿਕਾਰੀਆਂ ਤੋਂ ਸਥਿਤੀ ਦਾ ਜਾਇਜ਼ਾ ਲਿਆ।
ਉਨ੍ਹਾਂ ਇਸ ਮੌਕੇ ਆਖਿਆ ਕਿ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ, ਸਰਕਾਰ ਸਥਿਤੀ ਨਾਲ ਨਜਿੱਠਣ ਦੇ ਸਮਰੱਥ ਹੈ। ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਸਥਿਤੀ ’ਤੇ ਨੇੜਿਓਂ ਨਜ਼ਰ ਰੱਖ ਰਹੇ ਹਨ ਅਤੇ ਉਨ੍ਹਾਂ ਵੱਲੋਂ ਜ਼ਿਲ੍ਹੇ ’ਚ ਹੋਈ ਇਸ ਮੌਤ ਤੋਂ ਬਾਅਦ ਉਨ੍ਹਾਂ ਨੂੰ ਇੱਥੇ ਵਿਸ਼ੇਸ਼ ਤੌਰ ’ਤੇ ਭੇਜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਕੋਰੋਨਾ ਵਾਇਰਸ ਦੇ ਫੈਲਾਅ ਤੋਂ ਬਚਾਉਣ ਲਈ ਪੰਜਾਬ ਸਰਕਾਰ ਵੱਲੋਂ ਜੋ ਸਾਵਧਾਨੀਆਂ ਵਰਤਣ ਲਈ ਆਖਿਆ ਗਿਆ ਹੈ, ਉਸ ਦਾ ਲੋਕਾਂ ਨੂੰ ਪੂਰੀ ਤਰ੍ਹਾਂ ਪਾਲਣ ਕਰਨ ਦੀ ਲੋੜ ਹੈ, ਕਿਉਂ ਜੋ ਇਸ ਵਾਇਰਸ ਦੇ ਫੈਲਾਅ ਨੂੰ ਇੱਕ ਦੂਸਰੇ ਨੂੰ ਨਾ ਛੋਹ ਕੇ, ਇੱਕ ਮੀਟਰ ਦੂਰ ਰਹਿ ਕੇ, ਛਿੱਕ ਮਾਰਨ ਲੱਗਿਆਂ ਜਾਂ ਖੰਘਣ ਲੱਗਿਆਂ ਮੂੰਹ ’ਤੇ ਰੁਮਾਲ ਰੱਖ ਕੇ ਅਤੇ ਅੱਖਾਂ, ਨੱਕ ਅਤੇ ਮੂੰਹ ’ਤੇ ਹੱਥ ਨਾ ਲਾ ਕੇ ਅਤੇ ਵਾਰ-ਵਾਰ ਸੈਨੇਟਾਈਜ਼ਰ ਨਾਲ ਜਾਂ ਸਾਬਣ ਨਾਲ ਹੱਥ ਧੋ ਕੇ ਬਚਾਅ ਕੀਤਾ ਜਾ ਸਕਦਾ ਹੈ।
ਸ੍ਰੀ ਅਰੋੜਾ ਜੋ ਕਿ ਜ਼ਿਲ੍ਹਾ ਸ਼ਿਕਾਇਤ ਨਿਵਾਰਣ ਕਮੇਟੀ ਦੇ ਚੇਅਰਮੈਨ ਵੀ ਹਨ, ਨੇ ਐਮ ਐਲ ਏ ਅੰਗਦ ਸਿੰਘ, ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਅਤੇ ਐਸ ਐਸ ਪੀ ਅਲਕਾ ਮੀਨਾ ਤੇ ਸਿਵਲ ਸਰਜਨ ਡਾ. ਰਜਿੰਦਰ ਪ੍ਰਸ਼ਾਦ ਭਾਟੀਆ ਨਾਲ ਮੀਟਿੰਗ ਦੌਰਾਨ ਇਸ ਕੇਸ ’ਚ ਵੀ ਸਰਕਾਰ ਵੱਲੋਂ ਨਿਰਧਾਰਿਤ ‘ਕੰਨਟੇਨਮੈਂਟ ਪਲਾਨ’ ਪ੍ਰੋਟੋਕਾਲ ਮੁਤਾਬਕ ਪੂਰੀ ਤਰ੍ਹਾਂ ਅਮਲ ’ਚ ਲਿਆਉਣ ਲਈ ਆਖਿਆ। ਡਿਪਟੀ ਕਮਿਸ਼ਨਰ ਨੇ ਇਸ ਮੌਕੇ ਦੱਸਿਆ ਕਿ ਇਸ ਪ੍ਰੋਟੋਕਾਲ ਮੁਤਦਾਬਕ ਪੂਰੇ ਪਿੰਡ ਨੂੰ ਜਾਣ ਵਾਲੇ ਰਸਤਿਆਂ ’ਤੇ ਨਾਕਾਬੰਦੀ ਕਰਕੇ, ਕੇਵਲ ਇੱਕ ਰਸਤਾ ਜਾਣ ਦਾ ਅਤੇ ਦੂਸਰਾ ਰਸਤਾ ਆਉਣ ਦਾ ਖੁੱਲ੍ਹਾ ਰੱਖਿਆ ਗਿਆ ਹੈ। ਪਿੰਡ ’ਚ ਸਬੰਧਤ ਵਿਅਕਤੀ ਜਿਸ ਦੀ ਮੌਤ ਹੋਈ ਹੈ, ਦੇ ਪਰਿਵਾਰ ਅਤੇ ਰਿਸ਼ਤੇਦਾਰ ਦਾ ਮੈਡੀਕਲ ਚੈਕਅਪ ਕਰਕੇ ਉਨ੍ਹਾਂ ਨੂੰ ਨਿਗਰਾਨੀ ਹੇਠ ਉਨ੍ਹਾਂ ਦੇ ਘਰ ਹੀ ਰੱਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪਿੰਡ ’ਚ ਬਾਹਰੋਂ ਕਿਸੇ ਦੀ ਵੀ ਐਂਟਰੀ ਬੰਦ ਕਰ ਦਿੱਤੀ ਗਈ ਹੈ ਤਾਂ ਜੋ ਪੂਰੀ ਸਾਵਧਾਨੀ ਰੱਖੀ ਜਾ ਸਕੇ। ਲੋਕਾਂ ਨੂੰ ਆਪੋ-ਆਪਣੇ ਘਰਾਂ ’ਚ ਹੀ ਰਹਿਣ ਦੀ ਅਪੀਲ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਜ਼ਰੂਰੀ ਸੇਵਾਵਾਂ ਜਿਵੇਂ ਬਿਜਲੀ, ਪੀਣ ਵਾਲਾ ਪਾਣੀ, ਪਸ਼ੂਆਂ ਲਈ ਚਾਰਾ, ਸੁੱਕਾ ਰਾਸ਼ਨ ਆਦਿ ਦਾ ਪੂਰਾ ਪ੍ਰਬੰਧ ਕੀਤਾ ਗਿਆ ਹੈ।
ਉਦਯੋਗ ਮੰਤਰੀ ਨੇ ਇਸ ਮੌਕੇ ਹਦਾਇਤ ਕੀਤੀ ਕਿ ਜ਼ਿਲ੍ਹੇ ਦੇ ਕਿਸੇ ਵੀ ਅਧਿਕਾਰੀ ਨੂੰ ਹੰਗਾਮੀ ਹਾਲਤ ਤੋਂ ਬਿਨਾਂ ਸਟੇਸ਼ਨ ਛੱਡਣ ਦੀ ਆਗਿਆ ਨਾ ਦਿੱਤੀ ਜਾਵੇ। ਉਨ੍ਹਾਂ ਡਿਪਟੀ ਕਮਿਸ਼ਨਰ ਨੂੰ ਜ਼ਿਲ੍ਹੇ ’ਚ ਕਿਸੇ ਵੀ ਹੰਗਾਮੀ ਸਥਿਤੀ ਨਾਲ ਨਜਿੱਠਣ ਲਈ ਅਗਾਊਂ ਰੂਪ ’ਚ ਵੱਧ ਤੋਂ ਵੱਧ ਆਈਸੋਲੇਸ਼ਨ ਵਾਰਡ ਕਾਇਮ/ਸ਼ਨਾਖਤ ਕਰਕੇ ਰੱਖਣ ਲਈ ਆਖਿਆ।
ਉਦਯੋਗ ਮੰਤਰੀ ਨੇ ਸਿਵਲ ਸਰਜਨ ਨੂੰ ਮੈਡੀਕਲ ਟੀਮਾਂ ਨੂੰ ‘ਰਾਊਂਡ ਦੀ ਕਲਾਕ’ ਤਿਆਰ ਕਰਕੇ ਰੱਖਣ ਅਤੇ ਕਿਸੇ ਵੀ ਤਰ੍ਹਾਂ ਦੇ ਸਮਾਨ ਦੀ ਲੋੜ ਪੈਣ ’ਤੇ ਤੁਰੰਤ ਖਰੀਦਣ ਲਈ ਵੀ ਆਖਿਆ। ਉਨ੍ਹਾਂ ਦੱਸਿਆ ਕਿ ਉਹ ਜਨਤਕ ਹਿੱਤ ਵਿੱਚ ਆਪਣੇ ਵੱਲੋਂ ਜੋ ਵੀ ਸੰਭਵ ਹੋਇਆ, ਉਸ ਲਈ ਹਾਜ਼ਰ ਰਹਿਣਗੇ।
ਉਨ੍ਹਾਂ ਨੇ ਜ਼ਿਲ੍ਹੇ ਦੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਕਿਸੇ ਵੀ ਅਣਸੁਖਾਵੀਂ ਸਥਿਤੀ ਬਾਰੇ ਸੋਚ ਕੇ, ਸਮਾਨ ਖਰੀਦਣ ਦੀ ਹਫ਼ੜਾ-ਦਫ਼ੜੀ ਨਾ ਮਚਾਉਣ ਅਤੇ ਸ਼ਾਂਤੀ ਨਾਲ ਲੋੜ ਜੋਗਾ ਸਮਾਨ ਹੀ ਖਰੀਦਣ।
ਇਸ ਮੌਕੇ ਐਸ ਐਸ ਪੀ ਅਲਕਾ ਮੀਨਾ, ਏ ਡੀ ਸੀ (ਜ) ਅਦਿਤਿਆ ਉੱਪਲ, ਸਿਵਲ ਸਰਜਨ ਡਾ. ਰਜਿੰਦਰ ਪ੍ਰਸ਼ਾਦ ਭਾਟੀਆ ਵੀ ਮੌਜੂਦ ਸਨ।