← ਪਿਛੇ ਪਰਤੋ
ਪ੍ਰਧਾਨ ਮੰਤਰੀ ਵੱਲੋਂ ਨਾਗਰਿਕਾਂ ਨੂੰ 22 ਮਾਰਚ ਨੂੰ 'ਜਨਤਾ ਕਰਫਿਊ' ਦੀ ਪਾਲਣਾ ਕਰਨ ਦੀ ਅਪੀਲ ਨਵੀਂ ਦਿੱਲੀ, 19 ਮਾਰਚ, 2020 : ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕੋਰੋਨਾਵਾਇਰਸ ਬਿਮਾਰੀ ਦੇ ਮੱਦੇਨਜ਼ਰ 22 ਮਾਰਚ ਨੂੰ 'ਜਨਤਾ ਕਰਫਿਊ' ਦੀ ਪਾਲਣਾ ਕਰਨ। ਦੇਸ਼ ਦੇ ਨਾਗਰਿਕਾਂ ਦੇ ਨਾਂ ਜਨਤਕ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਮੈਂ ਅੱਜ ਦੇਸ਼ ਦੇ ਹਰ ਨਾਗਰਿਕ ਤੋਂ ਸਹਿਯੋਗ ਮੰਗ ਰਿਹਾ ਹਾਂ। ਉਹਨਾਂ ਕਿਹਾ ਕਿ ਇਹ ਜਨਤਕ ਕਰਫਿਊ ਹੈ। ਹਰ ਨਾਗਰਿਕ ਨੂੰ ਆਪਣੇ ਆਪ ਆਉਂਦੇ ਐਤਵਾਰ ਨੂੰ 'ਜਨਤਕ ਕਰਫਿਊ' ਦੀ ਪਾਲਣਾ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਆਉਂਦੀ 22 ਮਾਰਚ ਨੂੰ ਸਵੇਰੇ 7.00 ਵਜੇ ਤੋਂ ਰਾਤ 9.00 ਵਜੇ ਤੱਕ ਇਹ ਕਰਫਿਊ ਰਹੇਗਾ। ਉਹਨਾਂ ਕਿਹਾ ਕਿ ਜੇਕਰ ਸੰਭਵ ਹੈ ਤਾਂ ਤੁਸੀਂ ਹਰ ਰੋਜ਼ 10 ਲੋਕਾਂ ਨੂੰ ਫੋਨ ਕਰੋ ਅਤੇ ਉਹਨਾਂ ਨੂੰ ਕੋਰੋਨਾਵਾਇਰਸਦੀ ਰੋਕਥਾਮ ਲਈ 'ਜਨਤਾ ਕਰਫਿਊ' ਦੀ ਜਾਣਕਾਰੀ ਦੇਵੋ। ਪ੍ਰਧਾਨ ਮੰਤਰੀ ਨੇ ਸੀਨੀਅਰ ਸਿਟੀਜ਼ਨਜ਼ ਨੂੰ ਵੀ ਅਪੀਲ ਕੀਤੀ ਕਿ ਉਹ ਆਉਂਦੇ ਕੁਝ ਹਫਤਿਆਂ ਲਈ ਘਰਾਂ ਦੇ ਅੰਦਰ ਹੀ ਰਹਿਣ। ਉਹਨਾਂ ਕਿਹਾ ਕਿ ਕੋਰੋਨਾਵਾਇਰਸ ਦਾ ਪ੍ਰਭਾਵ ਘਟਾਉਣ ਲਈ ਲਾਜ਼ਮੀ ਹੈ ਕਿ ਅਸੀਂ ਇਕ ਦੂਜੇ ਤੋਂ ਦੂਰੀ ਬਣਾਈ ਰੱਖੀਏ। ਉਹਨਾਂ ਕਿਹਾ ਕਿ ਉਹ ਦੇਸ਼ ਦੇ ਹਰ ਨਾਗਰਿਕ ਨੂੰ ਅਪੀਲ ਕਰਦੇ ਹਨ ਕਿ ਉਦੋਂ ਹੀ ਘਰ ਵਿਚੋਂ ਬਾਹਰ ਨਿਕਲਣ ਜਦੋਂ ਬਹੁਤ ਜ਼ਰੂਰੀ ਹੋਵੇ। ਉਹਨਾਂ ਕਿਹਾ ਕਿ ਲੋਕਾਂ ਨੂੰ ਘਰਾਂ ਤੋਂ ਕੰਮ ਕਰਨ ਨੂੰ ਤਰਜੀਹ ਦੇਣੀ ਚਾਹੀਦੀ ਹੈ। ਮੋਦੀ ਨੇ ਇਹ ਵੀ ਆਖਿਆ ਕਿ ਭਾਵੇਂ ਹਾਲੇ ਇਸ ਸੰਕਟ ਦਾ ਕੋਈ ਹੱਲ ਨਹੀਂ ਨਿਕਲਿਆ ਤੇ ਕੋਰੋਨਾਵਾਇਰਸ ਨਾਲ ਨਜਿੱਠਣ ਲਈ ਕੋਈ ਦਵਾਈ ਤਿਆਰ ਨਹੀਂ ਹੋ ਸਕੀ ਪਰ ਵਿਸ਼ਵ ਗੰਭੀਰ ਹਾਲਾਤਾਂ ਵਿਚੋਂ ਨਿਕਲ ਰਿਹਾ ਹੈ।
Total Responses : 265