ਹਰੀਸ਼ ਕਾਲੜਾ
ਸ਼੍ਰੀ ਆਨੰਦਪੁਰ ਸਾਹਿਬ, 20 ਮਾਰਚ 2020: ਸ਼੍ਰੀ ਆਨੰਦਪੁਰ ਸਾਹਿਬ ਸ਼ਹਿਰ ਨੂੰ ਅੱਜ ਸੀਲ ਕਰ ਦਿੱਤਾ ਗਿਆ ਅਤੇ ਕਿਸੇ ਨੂੰ ਵੀ ਸ਼ਹਿਰ ਵਿਚ ਆਉਣ- ਜਾਣ ਦੀ ਇਜ਼ਾਜ਼ਤ ਨਹੀਂ ਹੈ। ਸ਼ਹਿਰ ਦੇ ਦਾਖਲੇ ਵਾਲੀਆਂ ਥਾਂਵਾਂ ਤੇ ਪੁਲਿਸ ਵਲੋਂ ਬੈਰੀਕੇਡ ਲਗਾ ਦਿਤੇ ਗਏ ਹਨ ਅਤੇ ਕਿਸੇ ਵੀ ਵਿਅਕਤੀ ਨੂੰ ਸ਼ਹਿਰ ਤੋਂ ਬਾਹਰ ਜਾਂ ਅੰਦਰ ਨਹੀਂ ਜਾਣ ਦਿਤਾ ਜਾ ਰਿਹਾ।
ਸ਼ਹਿਰ ਅੰਦਰ ਅੱਜ ਕੈਮਿਸਟ ਤੇ ਕਰਿਆਨੇ ਦੀਆਂ ਦੁਕਾਨਾਂ ਨੁੰ ਛੱਡ ਕੇ ਸਭ ਦੁਕਾਨਾਂ ਬੰਦ ਹਨ ਪਰੰਤੂ ਇਨਾਂ ਦੁਕਾਨਾਂ 'ਤੇ ਵੀ ਕੋਈ ਖਰੀਦਦਾਰ ਨਹੀਂ ਆ ਰਹੇ । ਪਤਾ ਲਗਾ ਹੈ ਕਿ ਪਠਲਾਵਾ ਦਾ ਵਸਨੀਕ ਬਲਦੇਵ ਸਿੰਘ, ਜਿਸਦੀ ਕਿ ਕਰੋਨਾ ਕਾਰਨ ਬੀਤੇ ਦਿਨੀਂ ਮੌਤ ਹੋ ਗਈ ਸੀ, ਹੋਲੇ ਮਹੱਲੇ ਦੌਰਾਨ ਇਸ ਸ਼ਹਿਰ ਵਿਚ ਰਹਿ ਕੇ ਗਿਆ ਹੈ ਜਿਸ ਦੇ ਮੱਦੇਨਜ਼ਰ ਸਿਹਤ ਵਿਭਾਗ ਦੀਆਂ 50 ਟੀਮਾ ਰਾਹੀਂ ਸ਼ਹਿਰ ਦੇ 13 ਵਾਰਡਾਂ ਦੇ 4000 ਘਰਾਂ ਵਿਚ ਘਰ-ਘਰ ਜਾ ਕੇ ਸਰਵੇ ਕੀਤਾ ਜਾ ਰਿਹਾ ਹੈ।
ਇਨਾਂ 4000 ਘਰਾਂ ਵਿਚੋਂ 300 ਘਰਾਂ ਵਿਚ ਸਰਵੇ ਹੋ ਚੁੱਕਿਆ ਹੈ ਅਤੇ ਅੱਜੇ ਤੱਕ ਕਰੋਨਾ ਦਾ ਕੋਈ ਵੀ ਸ਼ੱਕੀ ਕੇਸ ਸਾਹਮਣੇ ਨਹੀਂ ਆਇਆ। ਲੋਕ ਸੰਪਰਕ ਦਫਤਰ ਦੀ ਸੂਚਨਾ ਅਨੁਸਾਰ ਇਹ ਕਰੋਨਾ ਸਬੰਧੀ ਮਾਕ ਡਰਿੱਲ ਚੱਲ ਰਹੀ ਹੈ। ਸਥਨਕ ਐਸ.ਡੀ.ਐਮ.ਮੈਡਮ ਕਨੂੰ ਗਰਗ ਨੇ ਦੱਸਿਆ ਕਿ ਇਹ ਕੇਵਲ ਮਾਕ ਡਰਿੱਲ ਹੀ ਹੈ ਜਿਸ ਤਹਿਤ ਸ਼ਹਿਰ ਵਾਸੀਆਂ ਨੁੰ ਘਰਾਂ ਵਿਚ ਰਹਿਣ ਲਈ ਕਿਹਾ ਗਿਆ ਹੈ ਅਤੇ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਘਰ-ਘਰ ਸਰਵੇ ਕੀਤਾ ਜਾ ਰਿਹਾ ਹੈ।