ਰਜਨੀਸ਼ ਸਰੀਨ
ਸ਼ਹੀਦ ਭਗਤ ਸਿੰਘ ਨਗਰ, 20 ਮਾਰਚ 2020 - ਸ਼੍ਰੀ ਆਨੰਦਪੁਰ ਸਾਹਿਬ ਤੋਂ ਮੈਂਬਰ ਲੋਕ ਸਭਾ ਮਨੀਸ਼ ਤਿਵਾੜੀ ਨੇ ਕੋਰੋਨਾ ਵਾਇਰਸ ਦੇ ਸ਼ੱਕ 'ਚ ਏਅਰਪੋਰਟ ਤੋਂ ਹਸਪਤਾਲ ਲਿਜਾਏ ਗਏ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਬਲਾਚੌਰ ਨਾਲ ਸਬੰਧਤ ਨੌਜਵਾਨ ਵੱਲੋਂ ਦਿੱਲੀ ਦੇ ਹਸਪਤਾਲ ਚ ਸ਼ੱਕੀ ਹਾਲਾਤਾਂ ਚ ਖ਼ੁਦਕੁਸ਼ੀ ਕਰਨ ਦਾ ਮਾਮਲਾ ਅੱਜ ਪਾਰਲੀਮੈਂਟ ਚ ਜ਼ੋਰ ਸ਼ੋਰ ਨਾਲ ਚੁੱਕਦਿਆਂ, ਮਾਮਲੇ ਦੀ ਸੰਵੇਦਨਸ਼ੀਲਤਾ ਨਾਲ ਜਾਂਚ ਕੀਤੇ ਜਾਣ ਦੀ ਮੰਗ ਕੀਤੀ ਹੈ।
ਲੋਕ ਸਭਾ ਚ ਸਪੀਕਰ ਓਮ ਬਿਰਲਾ ਨੂੰ ਸੰਬੋਧਨ ਕਰਦਿਆਂ, ਤਿਵਾੜੀ ਨੇ ਕਿਹਾ ਕਿ ਉਨ੍ਹਾਂ ਦੇ ਸੰਸਦੀ ਹਲਕੇ ਨਾਲ ਸਬੰਧਤ 23 ਸਾਲਾਂ ਤਨਵੀਰ ਸਿੰਘ 18 ਮਾਰਚ ਨੂੰ ਆਪਣੀ ਮਾਂ ਨਾਲ ਸਿਡਨੀ ਤੋਂ ਆਇਆ ਸੀ। ਏਅਰਪੋਰਟ 'ਤੇ ਜਾਂਚ ਦੌਰਾਨ ਉਸਨੂੰ ਬੁਖਾਰ ਪਾਇਆ ਗਿਆ, ਜਿਸ ਤੋਂ ਬਾਅਦ ਤਨਵੀਰ ਦੀ ਮਾਂ ਨੂੰ ਬਿਨਾਂ ਦੱਸੇ ਉਸਨੂੰ ਲੈ ਗਏ ਅਤੇ ਉਸਦੀ ਮਾਂ ਏਅਰਪੋਰਟ ਤੋਂ ਬਾਹਰ ਆਈ, ਤਾਂ ਪੁੱਛਣ ਤੇ ਉਸਨੂੰ ਪਤਾ ਚੱਲਿਆ ਕਿ ਤਨਵੀਰ ਨੂੰ ਸ਼ਾਇਦ ਸਫਦਰਜੰਗ ਹਸਪਤਾਲ ਲੈ ਜਾਇਆ ਗਿਆ ਹੈ।
ਇਸ ਲੜੀ ਹੇਠ, ਜਦੋਂ ਉਹ ਆਪਣੇ ਬੇਟੇ ਦੀ ਤਲਾਸ਼ ਚ ਸਫਦਰਜੰਗ ਹਸਪਤਾਲ ਪਹੁੰਚੇ, ਤਾਂ ਉਨ੍ਹਾਂ ਨੂੰ ਰਾਮ ਮਨੋਹਰ ਲੋਹੀਆ ਹਸਪਤਾਲ ਜਾਣ ਲਈ ਕਿਹਾ ਜਾਂਦਾ ਹੈ। ਉੱਥੋਂ ਖਾਲੀ ਹੱਥ ਵਾਪਸ ਸਫਦਰਜੰਗ ਹਸਪਤਾਲ ਪਰਤਣ 'ਤੇ ਉਨ੍ਹਾਂ ਪਤਾ ਚੱਲਦਾ ਹੈ ਕਿ ਕਿਸੇ ਨੌਜਵਾਨ ਨੇ ਖੁਦਕੁਸ਼ੀ ਕਰ ਲਈ ਹੈ।
ਉਨ੍ਹਾਂ ਹੋਰ ਵੀ ਦੁਖਦ ਹਾਲਾਤਾਂ ਦਾ ਖ਼ੁਲਾਸਾ ਕਰਦਿਆਂ ਕਿਹਾ ਕਿ ਜਦੋਂ ਤਨਵੀਰ ਨੇ ਕਥਿਤ ਤੌਰ 'ਤੇ ਆਤਮ ਹੱਤਿਆ ਕਰ ਲਈ, ਤਾਂ ਕਾਫੀ ਦੇਰ ਤਕ ਉਸਦੀ ਲਾਸ਼ ਨੂੰ ਵੀ ਚੁੱਕਿਆ ਨਹੀਂ ਗਿਆ। ਇੱਥੋਂ ਤੱਕ ਕਿ ਕੱਲ੍ਹ ਸਾਰਾ ਦਿਨ ਲਾਸ਼ ਦਾ ਪੋਸਟ ਮਾਰਟਮ ਨਹੀਂ ਹੋਇਆ ਅਤੇ ਉਨ੍ਹਾਂ ਵੱਲੋਂ ਡੀਸੀਪੀ ਸਾਊਥ ਨਾਲ ਗੱਲ ਕੀਤੇ ਜਾਣ ਤੋਂ ਬਾਅਦ ਅੱਜ ਸਵੇਰੇ ਲਾਸ਼ ਦਾ ਪੋਸਟਮਾਰਟਮ ਹੋਇਆ ਹੈ।
ਜਿਸ ਤੇ ਉਨ੍ਹਾਂ ਕੇਂਦਰੀ ਗ੍ਰਹਿ ਰਾਜ ਮੰਤਰੀ ਤੋਂ ਪੂਰੇ ਮਾਮਲੇ ਦੀ ਸੰਵੇਦਨਸ਼ੀਲਤਾ ਨਾਲ ਜਾਂਚ ਕੀਤੇ ਜਾਣ ਦੀ ਮੰਗ ਕਰਦਿਆਂ ਕਿਹਾ ਕਿ ਨੌਜਵਾਨ ਨੂੰ ਹਸਪਤਾਲ ਤੋਂ ਲੈ ਜਾਇਆ ਜਾਂਦਾ ਹੈ ਅਤੇ ਉੱਥੇ ਕਿਸੇ ਨੂੰ ਲੱਗਦਾ ਹੈ ਕਿ ਉਸ ਨੂੰ ਤਥਾਕਥਿਤ ਤੌਰ 'ਤੇ ਕਰੋਨਾ ਵਾਇਰਸ ਹੋ ਸਕਦਾ ਹੈ, ਜਿਹੜਾ ਉਸ ਵੱਲੋਂ ਆਤਮ ਹੱਤਿਆ ਕੀਤੇ ਜਾਣ ਦਾ ਕਾਰਨ ਨਹੀਂ ਹੋਣਾ ਚਾਹੀਦਾ ਸੀ ਜਾਂ ਫਿਰ ਅਸੀਂ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਮਾਨਸਿਕ ਤੌਰ 'ਤੇ ਤਿਆਰ ਨਹੀਂ ਹਾਂ। ਇਹ ਜਾਂਚ ਦਾ ਵਿਸ਼ਾ ਹੈ।