ਰਜਨੀਸ਼ ਸਰੀਨ
ਨਵਾਂਸ਼ਹਿਰ, 20 ਮਾਰਚ 2020 - ਜ਼ਿਲ੍ਹਾ ਮੈਜਿਸਟ੍ਰੇਟ ਵਿਨੈ ਬਬਲਾਨੀ ਵੱਲੋਂ ਜ਼ਿਲ੍ਹੇ ਦੇ ਕੋਰੋਨਾ ਵਾਇਰਸ ਪ੍ਰਭਾਵਿਤ ਪਿੰਡ ਪਠਲਾਵਾ ਦੇ ਆਲੇ-ਦੁਆਲੇ ਦੇ 7 ਪਿੰਡਾਂ ’ਚ ਸਾਵਧਾਨੀ ਦੇ ਮੱਦੇਨਜ਼ਰ 5 ਤੋਂ ਵਧੇਰੇ ਵਿਅਕਤੀਆਂ ਦੇ ਇੱਕਠੇ ਹੋਣ ’ਤੇ ਧਾਰਾ 144 ਅਧੀਨ ਪਾਬੰਦੀ ਦੇ ਹੁਕਮ ਜਾਰੀ ਕੀਤੇ ਗਏ ਹਨ।
ਜਿਨ੍ਹਾਂ ਪਿੰਡਾਂ ’ਚ ਇਹ ਹੁਕਮ ਲਾਗੂ ਹੋਣਗੇ, ਉਨ੍ਹਾਂ ’ਚ ਮਹਿਲਾ ਗਹਿਲਾਂ, ਲਧਾਣਾ ਉੱਚਾ, ਲਧਾਣਾ ਝਿੱਕਾ, ਗੋਬਿੰਦਪੁਰ, ਪੱਦੀ ਮਠਵਾਲੀ, ਅਟਾਰੀ ਅਤੇ ਰਾਮਪੁਰ ਸ਼ਾਮਿਲ ਹਨ।
ਜ਼ਿਲ੍ਹਾ ਮੈਜਿਸਟ੍ਰੇਟ ਅਨੁਸਾਰ ਪੰਜਾਬ ਸਰਕਾਰ ਵੱਲੋਂ ਐਪੀਡੈਮਿਕ ਡਿਜ਼ੀਜ਼ ਐਕਟ 1867 ਤਹਿਤ ਕੋਵਿਡ-19 (ਕੋਰੋਨਾ ਵਾਇਰਸ) ਨੂੰ ਮਹਾਂਮਾਰੀ ਘੋਸ਼ਿਤ ਕਰਨ ਦੇ ਮੱਦੇਨਜ਼ਰ ਜ਼ਿਲ੍ਹੇ ਦੇ ਲੋਕਾਂ ਨੂੰ ਇਸ ਮਹਾਂਮਾਰੀ ਦੇ ਮਾੜੇ ਪ੍ਰਭਾਵ ਤੋਂ ਬਚਾਉਣ ਅਤੇ ਅਪਾਤਕਾਲੀਨ ਸਥਿਤੀ ਦਾ ਸਾਹਮਣਾ ਕਰਨ ਲਈ ਇਹ ਹੁਕਮ 31 ਮਾਰਚ ਤੱਕ ਲਾਗੂ ਰਹਿਣਗੇ।
ਪੰਜਾਬ ਸਰਕਾਰ ਵੱਲੋਂ ਐਪੀਡੈਮਿਕ ਡਿਜ਼ੀਜ਼ ਐਕਟ 1867 ਤਹਿਤ ਕੋਵਿਡ-19 (ਕੋਰੋਨਾ ਵਾਇਰਸ) ਨੂੰ ਮਹਾਂਮਾਰੀ ਘੋਸ਼ਿਤ ਕਰਨ ਦੇ ਮੱਦੇਨਜ਼ਰ ਜ਼ਿਲ੍ਹੇ ਦੇ ਲੋਕਾਂ ਨੂੰ ਇਸ ਮਹਾਂਮਾਰੀ ਦੇ ਮਾੜੇ ਪ੍ਰਭਾਵ ਤੋਂ ਬਚਾਉਣ ਅਤੇ ਅਪਾਤਕਾਲੀਨ ਸਥਿਤੀ ਦਾ ਸਾਹਮਣਾ ਕਰਨ ਲਈ ਜ਼ਿਲ੍ਹਾ ਮੈਜਿਸਟ੍ਰੇਟ ਵਿਨੈ ਬਬਲਾਨੀ ਵੱਲੋਂ ਧਾਰਾ 144 ਅਧੀਨ ਜਾਰੀ ਮਹੱਤਵਪੂਰਣ ਹੁਕਮਾਂ ਰਾਹੀਂ ਜ਼ਿਲ੍ਹੇ ’ਚ ਧਾਰਮਿਕ ਤੇ ਸਮਾਜਿਕ ਇਕੱਠਾਂ ’ਚ 20 ਤੋਂ ਵੱਧ ਦੀ ਇਕੱਤਰਤਾ ’ਤੇ ਰੋਕ ਲਾ ਦਿੱਤੀ ਹੈ।
ਇਸ ਤੋਂ ਇਲਾਵਾ ਜ਼ਿਲ੍ਹੇ ਦੇ ਮੈਰਿਜ ਪੈਲੇਸ ਤੇ ਬੈਂਕੁਇੰਟ ਹਾਲ ਵੀ ਤੁਰੰਤ ਪ੍ਰਭਾਵ ਤੋਂ ਬੰਦ ਕਰਨ ਦੇ ਹੁਕਮ ਦਿੱਤੇ ਗਏ ਹਨ। ਇਸੇ ਤਰ੍ਹਾਂ ਹੋਟਲਾਂ ’ਚ ਖਾਣਾ ਖਿਲਾਉਣ ’ਤੇ ਪਾਬੰਦੀ ਲਾ ਦਿੱਤੀ ਗਈ ਹੈ ਜਦਕਿ ਹੋਟਲ ਤੋਂ ਖਾਣਾ ਪੈਕ ਕਰਵਾ ਕੇ ਲਿਜਾਣ ’ਤੇ ਕੋਈ ਮਨਾਹੀ ਨਹੀਂ ਹੋਵੇਗੀ।
ਇਸੇ ਤਰ੍ਹਾਂ ਜ਼ਿਲ੍ਹੇ ਦੀਆਂ ਵੱਖ-ਵੱਖ ਫੈਕਟਰੀਆਂ ’ਚ ਕੰਮ ਕਰਦੇ ਮਜ਼ਦੂਰਾਂ ’ਚ ਇੱਕ ਮੀਟਰ ਦੀ ਦੂਰੀ ਬਣਾ ਕੇ ਰੱਖਣ ਦੇ ਆਦੇਸ਼ ਵੀ ਦਿੱਤੇ ਗਏ ਹਨ। ਜਿਨ੍ਹਾਂ ਵਿਅਕਤੀਆਂ ਨੂੰ ਘਰ ਹੀ ਵੱਖਰੇ ਰਹਿਣ (ਹੋਮ ਕੁਆਰਨਟਾਈਨ) ਦੀ ਹਦਾਇਤ ਕੀਤੀ ਗਈ ਹੈ, ਉਨ੍ਹਾਂ ਵਿਅਕਤੀਆਂ ਦੇ ਦੋਵਾਂ ਹੱਥਾਂ ’ਤੇ ਪੱਕੀ ਸ਼ਿਆਹੀ ਵਾਲੀ ਮੋਹਰ ਲਾਈ ਜਾਵੇ।