ਮਨਪ੍ਰੀਤ ਸਿੰਘ ਜੱਸੀ
ਅੰਮ੍ਰਿਤਸਰ, 20 ਮਾਰਚ 2020 - ਕੋਵਿਡ 2019 ਦੇ ਟਾਕਰੇ ਲਈ ਜਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੇ ਗਏ ਪ੍ਰਬੰਧਾਂ, ਜਿਸ ਵਿਚ ਇਸ ਵਾਇਰਸ ਦੇ ਸ਼ੱਕੀਆਂ ਨੂੰ ਵੱਖਰੇ ਰੱਖਣ ਦਾ ਪ੍ਰਬੰਧ ਕਰਨ ਵਾਸਤੇ ਆਈਸੋਲੇਸ਼ਨ ਕੇਂਦਰ ਬਣਾਏ ਗਏ ਹਨ, ਦੁਆਲੇ ਕਾਰਜਕਾਰੀ ਮੈਜਿਸਟਰੇਟ ਕਮ ਡਿਪਟੀ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੇ ਫੌਜਦਾਰੀ ਸੰਘਤਾ 1973 ਦੀ ਧਾਰਾ 144 ਸੀ.ਆਰ.ਪੀ.ਸੀ. ਦੇ ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਪੁਲਿਸ ਕਮਿਸ਼ਨਰੇਟ ਦੇ ਇਲਾਕੇ ਵਿਚ ਬਣੇ ਉਕਤ ਸੈਂਟਰਾਂ ਅਤੇ ਇਨਾਂ ਦੁਆਲੇ ਪੰਜ ਜਾਂ ਇਸ ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ ਉਤੇ ਪਾਬੰਦੀ ਲਗਾ ਦਿੱਤੀ ਹੈ।
ਜਗਮੋਹਨ ਸਿੰਘ ਡਿਪਟੀ ਕਮਿਸ਼ਨਰ ਪੁਲਿਸ ਨੇ ਜਾਰੀ ਕੀਤੇ ਹੁਕਮਾਂ ਵਿਚ ਸਪੱਸ਼ਟ ਕੀਤਾ ਹੈ ਕਿ ਸਿਹਤ ਵਿਭਾਗ ਵੱਲੋਂ ਬਣਾਏ ਗਏ ਆਈਸੋਲੇਸ਼ਨ ਸੈਂਟਰ ਜਿਸ ਵਿਚ ਗੁਰੂ ਨਾਨਕ ਦੇਵ ਹਸਪਤਾਲ, ਰੀਹੈਬਲੀਟੇਸ਼ਨ ਸੈਂਟਰ ਕਰਮ ਸਿੰਘ ਹਸਪਤਾਲ, ਜਨਾਨਾ ਵਾਰਡ ਸਾਹਮਣੇ ਹਿੰਦੂ ਕਾਲਜ, ਹੋਟਲ ਪਾਰਕਇੰਨ ਬੈਕ ਸਾਈਡ ਰੈਡੀਸਨ ਬਲੂ ਏਅਰਪੋਰਟ, ਐਸ ਜੀ ਰਿਜ਼ੋਰਟ ਸਾਹਮਣੇ ਐਸਕਾਰਟ ਹਸਪਤਾਲ, ਡਿਸਪੈਂਸਰੀ ਨਰਾਇਨਣਗੜ੍ਹ ਵਿਖੇ ਕਿਸੇ ਵੀ ਤਰਾਂ ਦੀ ਭੀੜ ਇਕੱਠੀ ਨਾ ਹੋਣ ਦੇਣ ਲਈ ਧਾਰਾ 144 ਅਧੀਨ ਪਾਬੰਦੀ ਲਗਾ ਦਿੱਤੀ ਹੈ। ਇਹ ਹੁਕਮ 17 ਮਈ ਤੱਕ ਜਾਰੀ ਰਹਿਣਗੇ। ਉਨਾਂ ਕਿਹਾ ਕਿ ਕਿਉਂਕਿ ਵਾਇਰਸ ਮਨੁੱਖਾਂ ਦੇ ਰਾਬਤੇ ਜਾਂ ਪ੍ਰਭਾਵਿਤ ਵਿਅਕਤੀ ਦੇ ਨੇੜੇ ਹੋਣ ਕਾਰਨ ਫੈਲਦਾ ਹੈ, ਸੋ ਇਸ ਨੂੰ ਰੋਕਣ ਲਈ ਇਹ ਪਾਬੰਦੀਆਂ ਲਗਾਉਣੀਆਂ ਜ਼ਰੂਰੀ ਹਨ।