ਮੋਗਾ, 21 ਮਾਰਚ 2020 - ਕੋਰੋਨਾ ਵਾਇਰਸ ਦੇ ਕਹਿਰ ਤੋਂ ਲੋਕਾਂ ਨੂੰ ਬਚਾਉਣ ਲਈ ਅੱਜ ਮੋਗਾ ਹਲਕੇ ਦੇ ਵਿਧਾਇਕ ਡਾ: ਹਰਜੋਤ ਕਮਲ ਨੇ ਸਵੇਰ ਸਮੇਂ ਸਰਕਾਰੀ ਹਸਪਤਾਲ ਮੋਗਾ ਦਾ ਅਚਨਚੇਤ ਦੌਰਾ ਕੀਤਾ। ਇਸ ਮੌਕੇ ਡਾ: ਹਰਜੋਤ ਨੇ ਸਰਕਾਰੀ ਹਸਪਤਾਲ ਵਿਚ ਆਇਸੋਲੇਸ਼ਨ ਵਾਰਡ ਦਾ ਦੌਰਾ ਕਰਦਿਆਂ ਕਿਸੇ ਵੀ ਹੰਗਾਮੀ ਹਾਲਾਤ ਨਾਲ ਨਿਪਟਣ ਵਾਸਤੇ ਸਿਹਤ ਪ੍ਰਸ਼ਾਸਨ ਵੱਲੋਂ ਕੀਤੇ ਇੰਤਜ਼ਾਮਾਂ ਦਾ ਜਾਇਜ਼ਾ ਲਿਆ। ਉਹਨਾਂ ਆਈਸੋਲੇਸ਼ਨ ਵਿਚ ਮੌਜੂਦ ਦੋ ਸ਼ੱਕੀ ਮਰੀਜ਼ਾਂ ਦੀ ਹਾਲਤ ਬਾਰੇ ਵੀ ਡਾਕਟਰਾਂ ਨਾਲ ਵਿਚਾਰ ਵਟਾਂਦਰਾ ਕੀਤਾ। ਇਸ ਮੌਕੇ ਉਹਨਾਂ ਐੱਸ ਐੱਮ ਓ ਡਾ: ਰਾਜੇਸ਼ ਅੱਤਰੀ ,ਡਾ: ਸੁਖਪ੍ਰੀਤ ਬਰਾੜ,ਡਿਪਟੀ ਮੈਡੀਕਲ ਕਮਿਸ਼ਨਰ ਅਤੇ ਡਾ: ਰਾਜੇਸ਼ ਮਿੱਤਲ ਨਾਲ ਕਰੋਨਾ ਤੋਂ ਉਪਜੇ ਹਾਲਾਤ ਅਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਹਸਪਤਾਲਾਂ ਵਿਚ ਵੈਂਟੀਲੇਟਰ ਅਤੇ ਏਕਾਂਤਵਾਸ ਵਾਰਡਾਂ ਦੇ ਪ੍ਰਬੰਧਾਂ ਬਾਰੇ ਜਾਣਕਾਰੀ ਹਾਸਲ ਕੀਤੀ।
ਇਸ ਮੌਕੇ ਵਿਧਾਇਕ ਡਾ: ਹਰਜੋਤ ਕਮਲ ਨੇ ਆਖਿਆ ਕਿ ਲੋਕਾਂ ਨੂੰ ਘਬਰਾਹਟ ਵਿਚ ਆਉਣ ਦੀ ਕੋਈ ਲੋੜ ਨਹੀਂ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਅਤੇ ਸਿਹਤ ਮੰਤਰੀ ਡਾ: ਬਲਬੀਰ ਸਿੰਘ ਸਿੱਧੂ ਦੀਆਂ ਹਦਾਇਤਾਂ 'ਤੇ ਮੋਗਾ ਦੇ ਸਰਕਾਰੀ ਹਸਪਤਾਲ ਤੋਂ ਇਲਾਵਾ ਨਸ਼ਾ ਛੁਡਾਊ ਕੇਂਦਰ ਜਨੇਰ, ਬਿਰਧ ਆਸ਼ਮਰਮ ਲੰਢੇਕੇ ਅਤੇ ਡਰੋਲੀ ਭਾਈ ਦੇ ਸਿਹਤ ਕੇਂਦਰ ਵਿਚ ਆਈਸੋਲੇਸ਼ਨ ਵਾਰਡ ਤਿਆਰ ਰੱਖੇ ਜਾ ਰਹੇ ਨੇ । ਡਾ: ਹਰਜੋਤ ਕਮਲ ਨੇ ਕਿਹਾ ਕਿ ਤੰਦਰੁਸਤ ਵਿਅਕਤੀਆਂ ਨੂੰ ਮਾਸਕ ਦੀ ਬਿਲਕੁਲ ਲੋੜ ਨਹੀਂ ਪਰ ਹਲਕੀ ਜਿਹੀ ਖੰਘ ਜਾਂ ਕਰੋਨਾ ਦੇ ਕਿਸੇ ਲੱਛਣ ਜਾਂ ਬੁਖਾਰ ਤੋਂ ਪੀੜਤ ਵਿਅਕਤੀ ਮਾਸਕ ਜ਼ਰੂਰ ਪਾਉਣ । ਉਹਨਾ ਕਿਹਾ ਕਿ ਕਰੋਨਾ ਦਾ ਕੋਈ ਇਲਾਜ ਨਹੀਂ ਪਰ ਇਸ ਤੋਂ ਸੰਕਰਮਿਤ ਹੋਣ ਤੋਂ ਬਚਣ ਅਤੇ ਇਸ ਦੀ ਚੇਨ ਨੂੰ ਤੋੜਨ ਲਈ ਆਪਣੇ ਆਪ ਨੂੰ ਏਕਾਂਤ ਵਿਚ ਰੱਖਣ ਦੀ ਲੋੜ ਹੈ ਇਸ ਵਾਸਤੇ ਬਿਨਾ ਜ਼ਰੂਰੀ ਕੰਮ ਤੋਂ ਘਰੋਂ ਬਾਹਰ ਜਾਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।
ਵਿਧਾਇਕ ਡਾ: ਹਰਜੋਤ ਕਮਲ ਨੇ ਸ਼ਹਿਰ ਦੀ ਸਫ਼ਾਈ ਦਾ ਜਾਇਜ਼ਾ ਲੈਣ ਲਈ ਦੌਰਾ ਕੀਤਾ। ਇਸ ਮੌਕੇ ਉਹਨਾਂ ਨਾਲ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਵਿਨੋਦ ਬਾਂਸਲ ,ਚੇਅਰਮੈਨ ਮਾਰਕੀਟ ਕਮੇਟੀ ਰਾਮਪਾਲ ਧਵਨ,ਵਾਈਸ ਚੇਅਰਮੈਨ ਰਜਿੰਦਰਪਾਲ ਸਿੰਘ ਗਿੱਲ ਸਿੰਘਾਂਵਾਲਾ ਅਤੇ ਚੇਅਰਮੈਨ ਬਲਾਕ ਸੰਮਤੀ ਗੁਰਵਿੰਦਰ ਸਿੰਘ ਸਮਰਾ ਵੀ ਹਾਜ਼ਰ ਸਨ। ਡਾ: ਹਰਜੋਤ ਨੇ ਨਗਰ ਨਿਗਮ ਦੀ ਕਮਿਸ਼ਨਰ ਮੈਡਮ ਅਨੀਤਾ ਦਰਸ਼ੀ ਅਤੇ ਅਫਸਰਾਂ ਨਾਲ ਮੀਟਿੰਗ ਕਰਕੇ ਸ਼ਹਿਰ ਵਿਚ ਸਫ਼ਾਈ ਅਤੇ ਨਿਗਮ ਦੇ ਸਫ਼ਾਈ ਕਰਮਚਾਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਵੀ ਉਚਿੱਤ ਪ੍ਰਬੰਧ ਕਰਨ ਲਈ ਆਖਿਆ।
ਇਸ ਮੌਕੇ ਡਾ: ਹਰਜੋਤ ਕਮਲ ਨੇ ਕਮਿਸ਼ਨਰ ਮੈਡਮ ਅਨੀਤਾ ਦਰਸ਼ੀ ਨੂੰ ਸ਼ਹਿਰ ਵਿਚਲੇ ਸਾਰੇ ਕੂੜਾ ਡੰਪ ਖਤਮ ਕਰਨ ਲਈ ਆਖਿਆ ਅਤੇ ਕੂੜੇ ਲਈ ਟਰਾਲੀਆਂ ਦਾ ਫੌਰੀ ਇੰਤਜ਼ਾਮ ਕਰਨ ਲਈ ਕਿਹਾ । ਉਹਨਾਂ ਕਰੋਨਾ ਵਾਇਰਸ ਨਾਲ ਪੈਦਾ ਹੋਏ ਹਾਲਾਤ ਨਾਲ ਨਿਪਟਣ ਲਈ ਸ਼ਹਿਰ ਦੀ ਸੈਨੀਟੇਸ਼ਨ ਵਾਸਤੇ ਤੁਰੰਤ ਫੌਗਿੰਗ ਕਰਨ ਲਈ ਆਖਿਆ ਅਤੇ ਸਾਰੇ ਮੈਨਹੋਲ ਸਾਫ਼ ਕਰਨ ਦੀ ਪਰਿਕਿਰਿਆ ਵੀ ਆਰੰਭ ਕਰਨ ਲਈ ਕਿਹਾ। ਇਸ ਮੌਕੇ ਪੀ ਏ ਗੁਰਚਰਨ ਮਸਤਾਨਾ ,ਐਕਸੀਅਨ ਨਛੱਤਰ ਸਿੰਘ,ਸੀਨੀਅਰ ਟਾਊਨ ਪਲੈਨਰ ਗੌਤਮ ਕੁਮਾਰ,ਸੀਨੀਅਰ ਇੰਜੀਨੀਅਰ ਰਜਿੰਦਰ ਅਰੋੜਾ,ਗੁਰਿੰਦਰ ਸਿੰਘ ਚੀਫ਼ ਸੈਨੇਟਰੀ ਅਫਸਰ ਹਾਜ਼ਰ ਸਨ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸੋਸ਼ਲ ਮੀਡੀਆ 'ਤੇ ਫੈਲ ਰਹੀਆਂ ਅਫਵਾਹਾ ਤੋਂ ਬੱਚਣ । ਉਹਨਾਂ ਕਿਹਾ ਕਿ ਉਹ ਸਮੂਹ ਲੋਕਾਂ ਅਤੇ ਉਹਨਾਂ ਦੇ ਪਰਿਵਾਰਾਂ ਦੀ ਚੰਗੀ ਸਿਹਤ ਦੀ ਕਾਮਨਾ ਕਰਦੇ ਹਨ ।