ਹਰਦਮ ਮਾਨ
ਸਰੀ, 21 ਮਾਰਚ 2020-ਬੀਸੀ ਦੇ ਸਿਹਤ ਮੰਤਰੀ ਐਡਰੀਅਨ ਡਿਕਸ ਅਤੇ ਸੂਬਾਈ ਸਿਹਤ ਅਫਸਰ ਡਾ. ਬੋਨੀ ਹੈਨਰੀ ਨੇ ਵਿਕਟੋਰੀਆ ਵਿਚ ਇਕ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਹੈ ਕਿ ਬ੍ਰਿਟਿਸ਼ ਕੋਲੰਬੀਆ ਵਿੱਚ ਕੋਵਿਡ-19 ਦੇ 77 ਨਵੇਂ ਕੇਸ ਸਾਹਮਣੇ ਆਏ ਹਨ ਅਤੇ ਸੂਬੇ ਵਿਚ ਇਸ ਵਾਇਰਸ ਤੋਂ ਪੀੜਤ ਲੋਕਾਂ ਦੀ ਕੁੱਲ ਗਿਣਤੀ 348 ਹੋ ਗਈ ਹੈ। ਨਵੇਂ ਕੇਸਾਂ ਵਿਚੋਂ, ਇਕ ਮਰੀਜ਼ ਡੁਫਰਿਨ ਕੇਅਰ ਸੈਂਟਰ ਵਿਚ ਸਿਹਤ ਸੰਭਾਲ ਦਾ ਕੰਮ ਕਰਨ ਵਾਲਾ ਕਰਮਚਾਰੀ ਹੈ।
ਇਸ ਵਾਇਰਸ ਦਾ ਪਸਾਰਾ ਹੁਣ ਬ੍ਰਿਟਿਸ਼ ਕੋਲੰਬੀਆ ਦੇ ਹਰ ਸਿਹਤ ਖੇਤਰ ਵਿੱਚ ਹੋ ਰਿਹਾ ਹੈ। ਵੈਨਕੂਵਰ ਕੋਸਟਲ ਹੈਲਥ ਖੇਤਰ ਵਿੱਚ ਇਸ ਵਾਇਰਸ ਤੋਂ ਪੀੜਤ 200 ਕੇਸ ਹਨ, ਫਰੇਜ਼ਰ ਸਿਹਤ ਖੇਤਰ ਵਿੱਚ 95, ਵੈਨਕੂਵਰ ਆਈਲੈਂਡ ਸਿਹਤ ਖੇਤਰ ਵਿੱਚ 30, ਅੰਦਰੂਨੀ ਸਿਹਤ ਖੇਤਰ ਵਿੱਚ 19 ਅਤੇ ਉੱਤਰੀ ਸਿਹਤ ਖੇਤਰ 4 ਕੇਸ ਹਨ। ਹੁਣ ਤੱਕ 6 ਵਿਅਕਤੀ ਪੂਰੀ ਤਰ੍ਹਾਂ ਠੀਕ ਹੋ ਗਏ ਹਨ, 22 ਹਸਪਤਾਲਾਂ ਵਿਚ ਹਨ ਜਿਨ੍ਹਾਂ ਵਿੱਚੋਂ 10 ਆਈਸੀਯੂ ਵਿਚ ਹਨ ਅਤੇ ਬਾਕੀ ਮਰੀਜ ਘਰਾਂ ਵਿਚ ਹਨ।
ਡਿਕਸ ਅਤੇ ਹੈਨਰੀ ਨੇ ਕਿਹਾ ਕਿ ਜਿਉਂ-ਜਿਉਂ ਕੇਸਾਂ ਦੀ ਗਿਣਤੀ ਵਧ ਰਹੀ ਹੈ ਅਤੇ ਸਾਡੀ ਸਿਹਤ-ਸੰਭਾਲ ਪ੍ਰਣਾਲੀ ਉੱਤੇ ਵੀ ਦਬਾਅ ਵਧ ਰਿਹਾ ਹੈ। ਉਨ੍ਹਾਂ ਸਿਹਤ-ਸੰਭਾਲ ਕਰਮਚਾਰੀਆਂ ਵੱਲੋਂ ਨਿਭਾਈਆਂ ਜਾ ਰਹੀਆਂ ਸੇਵਾਂਵਾਂ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਡਾ. ਹੈਨਰੀ ਅਤੇ ਐਡਰੀਅਨ ਡਿਕਸ ਨੇ ਕਿਹਾ ਕਿ ਬੀ.ਸੀ. ਵਿੱਚ ਹਰ ਇਕ ਭਾਈਚਾਰੇ ਨੂੰ ਇਸ ਵਾਇਰਸ ਪ੍ਰਤੀ ਜਾਗਰੂਕ ਹੋਣ ਦੀ ਲੋੜ ਹੈ। ਸਵੈ-ਇਕੱਲਤਾ ਅਤੇ ਸਮਾਜਿਕ ਦੂਰੀ ਬਣਾਈ ਰੱਖਣਾ ਸਾਡੇ ਸਾਰਿਆਂ ਲਈ ਲਾਹੇਵੰਦ ਸਾਬਤ ਹੋਵੇਗਾ।
ਸੰਪਰਕ: ਹਰਦਮ ਮਾਨ +1 604 308 6663
ਈਮੇਲ : maanbabushahi@gmail.com