ਅਸ਼ੋਕ ਵਰਮਾ
- 23 ਮਾਰਚ ਤੋਂ 50 ਫ਼ੀਸਦੀ ਸਰਕਾਰੀ ਕਰਮਚਾਰੀ ਘਰਾਂ ਤੋਂ ਹੀ ਕਰਨਗੇ ਦਫ਼ਤਰੀ ਕੰਮ
- ਸਿਰਫ਼ ਐਂਮਰਜੈਂਸੀ ਸੇਵਾਵਾਂ ’ਤੇ ਨਹੀਂ ਹੋਵੇਗੀ ਕੋਈ ਰੋਕ
ਬਠਿੰਡਾ, 21 ਮਾਰਚ 2020 - ਪੰਜਾਬ ਸਰਕਾਰ ਦੇ ਹੁਕਮ ਅਨੁਸਾਰ ਕੋਰੋਨਾ ਵਾਇਰਸ ਸਬੰਧੀ ਕੀਤੇ ਜਾ ਰਹੇ ਪ੍ਰਬੰਧਾਂ ਦੀ ਸਮੀਖਿਆ ਲਈ ਡਿਪਟੀ ਕਮਿਸ਼ਨਰ ਸ਼੍ਰੀ ਬੀ.ਸ੍ਰੀਨਿਵਾਸਨ ਨੇ ਅੱਜ ਜ਼ਿਲ੍ਹੇ ਦੇ ਅਧਿਕਾਰੀਆਂ ਨਾਲ ਇੱਕ ਉੱਚੇਚੀ ਮੀਟਿੰਗ ਕੀਤੀ। ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਉਨ੍ਹਾਂ ਅਧਿਕਾਰੀਆਂ ਕੋਲੋਂ ਕੋਰੋਨਾ ਵਾਇਰਸ ਦੇ ਫੈਲਣ ਤੋਂ ਰੋਕਣ ਤੇ ਇਸ ਦੇ ਬਚਾਅ ਲਈ ਜ਼ਿਲ੍ਹੇ ਅੰਦਰ ਕੀਤੇ ਜਾ ਰਹੇ ਪ੍ਰਬੰਧਾਂ ਦਾ ਜਿੱਥੇ ਜਾਇਜ਼ਾ ਲਿਆ ਉੱਥੇ ਭਵਿੱਖ ਵਿਚ ਵੀ ਹੋਰ ਕੀਤੇ ਜਾਣ ਵਾਲੇ ਅਗਾਊਂ ਪ੍ਰਬੰਧਾਂ ਸਬੰਧੀ ਵੀ ਲੋੜੀਂਦੇ ਆਦੇਸ਼ ਦਿੱਤੇ।
ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕੋਰੋਨਾ ਵਾਇਰਸ ਦੇ ਮੱਦੇਨਜ਼ਰ 22 ਮਾਰਚ ਐਤਵਾਰ ਨੂੰ ਸਰਕਾਰੀ ਤੇ ਪ੍ਰਾਈਵੇਟ ਬੱਸਾਂ ’ਤੇ ਮੁਕੰਮਲ ਤੌਰ ’ਤੇ ਪਾਬੰਦੀ ਰਹੇਗੀ ਅਤੇ ਇਸ ਦੌਰਾਨ ਆਟੋ ਤੇ ਈ-ਰਿਕਸ਼ਾ ਵੀ ਬੰਦ ਰਹਿਣਗੇ। ਇਸ ਦੌਰਾਨ ਦਵਾਈ ਤੇ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਅਤੇ ਐਂਮਰਜੈਂਸੀ ਸੇਵਾਵਾਂ ਤੋਂ ਬਿਨ੍ਹਾਂ ਹੋਰ ਲੱਗਣ ਵਾਲੇ ਸਪੈਸ਼ਲ ਸੰਡੇ ਬਾਜ਼ਾਰ ਵੀ ਬੰਦ ਰਹਿਣਗੇ। ਇਸ ਮੌਕੇ ਉਨ੍ਹਾਂ ਅਧਿਕਾਰੀਆਂ ਨੂੰ ਇਹ ਵੀ ਖ਼ਾਸ ਹਦਾਇਤ ਕੀਤੀ ਕਿ ਇਸ ਵਾਇਰਸ ਤੋਂ ਬਚਾਅ ਬਾਰੇ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ। ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਨੂੰ ਪੂਰਨ ਸਹਿਯੋਗ ਦਿੱਤਾ ਜਾਵੇ ਤੇ ਕਿਸੇ ਖ਼ਾਸ ਵਜ੍ਹਾਂ ਕਰਕੇ ਹੀ ਘਰਾਂ ’ਚੋਂ ਬਾਹਰ ਨਿਕਲਿਆ ਜਾਵੇ।
ਬੈਠਕ ਦੌਰਾਨ ਡਿਪਟੀ ਕਮਿਸ਼ਨਰ ਨੇ ਡੀ.ਡੀ.ਪੀ.ਓ ਨੂੰ ਹਦਾਇਤ ਦਿੰਦਿਆਂ ਕਿਹਾ ਕਿ ਉਹ ਪਿੰਡਾਂ ਪੱਧਰ ’ਤੇ ਪੰਚਾਇਤਾਂ ਨੂੰ ਇਸ ਵਾਇਰਸ ਬਾਰੇ ਵੱਧ ਤੋਂ ਵੱਧ ਜਾਣੂ ਕਰਵਾਉਣਾ ਯਕੀਨੀ ਬਣਾਉਣ ਤੇ ਪਿੰਡਾਂ ’ਚ ਬਣੇ ਧਾਰਮਿਕ ਸਥਾਨਾਂ ’ਚ ਲਗਾਤਾਰ ਅਨਾਊਂਸਮੈਂਟ ਕਰਵਾਉਣੀ ਜਾਰੀ ਰੱਖੀ ਜਾਵੇ। ਉਨ੍ਹਾਂ ਸਿਹਤ ਵਿਭਾਗ, ਨਗਰ ਨਿਗਮ ਤੇ ਕਾਰਪੋਰੇਸ਼ਨ ਦੇ ਅਧਿਕਾਰੀਆਂ ਨੂੰ ਕਿਹਾ ਕਿ ਸ਼ਹਿਰ ਅੰਦਰ ਲੋਕਾਂ ਨੂੰ ਜਾਗਰੂਕ ਕਰਨ ਦੇ ਨਾਲ-ਨਾਲ ਲਗਾਤਾਰ ਸਾਫ਼-ਸਫ਼ਾਈ ਤੇ ਦਵਾਈ ਦਾ ਛਿੜਕਾਅ ਕਰਨਾ ਲਗਾਤਾਰ ਜਾਰੀ ਰੱਖਿਆ ਜਾਵੇ।
ਇਸ ਮੌਕੇ ਉਨ੍ਹਾਂ ਜਨਰਲ ਮੈਨੇਜ਼ਰ ਪੀ.ਆਰ.ਟੀ.ਸੀ. ਨੂੰ ਆਦੇਸ਼ ਦਿੰਦਿਆਂ ਕਿਹਾ ਕਿ 22 ਮਾਰਚ ਦਿਨ ਐਤਵਾਰ ਨੂੰ ਸਰਕਾਰੀ ਤੇ ਪ੍ਰਾਈਵੇਟ ਬੱਸਾਂ ਨੂੰ ਮੁਕੰਮਲ ਤੌਰ ’ਤੇ ਬੰਦ ਰੱਖਣਾ ਯਕੀਨੀ ਬਣਾਉਣ। ਆਟੋ ਜਾਂ ਈ-ਰਿਕਸ਼ਾ ਨਾ ਚਲਾਇਆ ਜਾਵੇ। ਉਨ੍ਹਾਂ ਆਰ.ਟੀ.ਏ. ਨੂੰ ਹਦਾਇਤ ਕੀਤੀ ਕਿ ਕਿਸੇ ਤਰ੍ਹਾਂ ਦੀ ਐਂਮਰਜੈਂਸੀ ਦੌਰਾਨ ਨਿੱਜੀ ਵਹੀਕਲਾਂ ਤੋਂ ਇਲਾਵਾ ਜ਼ਰੂਰੀ ਵਸਤਾਂ ਦੀ ਢੋਆ-ਢੁਆਈ ਵਾਲੇ ਵਹੀਕਲਾਂ ਨੂੰ ਨਾ ਰੋਕਿਆ ਜਾਵੇ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ 23 ਮਾਰਚ ਤੋਂ ਅਗਲੇ ਹੁਕਮਾਂ ਤੱਕ ਸਿਰਫ਼ 50 ਫ਼ੀਸਦੀ ਸਰਕਾਰੀ ਕਰਮਚਾਰੀਆਂ ਕੋਲੋਂ ਦਫ਼ਤਰਾਂ ’ਚ ਤੇ 50 ਫ਼ੀਸਦੀ ਕਰਮਚਾਰੀਆਂ ਕੋਲੋਂ ਘਰ ਤੋਂ ਹੀ ਦਫ਼ਤਰੀ ਕੰਮ-ਕਾਜ ਕਰਵਾਉਣਾ ਯੀਕਨੀ ਬਣਾਉਣ। ਉਨ੍ਹਾਂ ਇਹ ਵੀ ਕਿਹਾ ਕਿ ਸੋਸ਼ਲ ਮੀਡੀਆ ’ਤੇ ਝੂਠੀਆਂ ਅਫ਼ਵਾਹਾਂ ਫੈਲਾਉਣ ਵਾਲੇ ਸ਼ਰਾਰਤੀ ਅਨਸਰਾਂ ਖਿਲਾਫ਼ ਸਖ਼ਤ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।
ਇਸ ਮੌਕੇ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਕੁੰਦਨਪਾਲ, ਜ਼ਿਲ੍ਹਾ ਮਹਾਮਾਰੀ ਅਫ਼ਸਰ ਡਾ. ਸੁਮਿੱਤ ਜਿੰਦਲ, ਐਸ.ਡੀ.ਐਮ. ਰਾਮੁਪਰਾ ਫੂਲ ਸ਼੍ਰੀ ਖੁਸ਼ਦਿਲ ਸਿੰਘ ਸੰਧੂ, ਐਸ.ਡੀ. ਐਮ. ਤਲਵੰਡੀ ਸਾਬੋ ਸ਼੍ਰੀ ਵਰਿੰਦਰ ਸਿੰਘ, ਐਸ.ਡੀ.ਐਮ. ਬਠਿੰਡਾ, ਤਹਿਸੀਲਦਾਰ ਬਠਿੰਡਾ ਸ਼੍ਰੀ ਸੁਖਬੀਰ ਸਿੰਘ ਬਰਾੜ ਡੀ.ਡੀ.ਪੀ.ਓ. ਸ਼੍ਰੀ ਹਰਜਿੰਦਰ ਸਿੰਘ ਜੱਸਲ, ਪੀ.ਆਰ.ਟੀ.ਸੀ. ਜਨਰਲ ਮੈਨੇਜ਼ਰ ਸ਼੍ਰੀ ਰਮਨ ਸ਼ਰਮਾ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।