← ਪਿਛੇ ਪਰਤੋ
ਅਸ਼ੋਕ ਵਰਮਾ ਬਠਿੰਡਾ, 21 ਮਾਰਚ 2020 - ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰੀ ਬੀ ਸ੍ਰੀਨਿਵਾਸ਼ਨ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਤਦ ਹੀ ਆਪਣੇ ਘਰ ਤੋਂ ਬਾਹਰ ਨਿਕਲਣ ਜਦ ਕੋਰੋਨਾ ਦੇ ਪੂਰੀ ਮਨੁੱਖਤਾ ਲਈ ਬਣੇ ਖਤਰੇ ਤੋਂ ਉਨ੍ਹਾਂ ਦੀ ਮਜਬੂਰੀ ਵੱਡੀ ਹੋਵੇ। ਉਨ੍ਹਾਂ ਨੇ ਕਿਹਾ ਕਿ ਅਸੀਂ ਸਿਰਫ ਘਰੋਂ ਬਾਹਰ ਨਿਕਲਣਾ ਬੰਦ ਕਰਕੇ ਅਤੇ ਆਪਸੀ ਸੰਪਰਕ ਘਟਾ ਕੇ ਅਤੇ ਸਾਵਧਾਨੀਆਂ ਵਰਤ ਕੇ ਹੀ ਕੋਰੋਨਾ ਦੇ ਫੈਲਦੇ ਵਾਇਰਸ ਨੂੰ ਅੱਗੇ ਫੈਲਣ ਤੋਂ ਰੋਕ ਸਕਦੇ ਹਾਂ ਅਤੇ ਆਪਣੇ ਆਪ ਅਤੇ ਪੂਰੀ ਮਨੁੱਖਤਾ ਨੂੰ ਬਚਾ ਸਕਦੇ ਹਾਂ। ਇਸ ਲਈ ਜਿਉਣ ਮਰਨ ਵਰਗੇ ਅਤਿ ਜਰੂਰੀ ਹਲਾਤਾਂ ਵਿਚ ਹੀ ਘਰੋਂ ਬਾਹਰ ਨਿਕਲਿਆ ਜਾਵੇ। ਉਨ੍ਹਾਂ ਨੇ ਜ਼ਿਲ੍ਹਾ ਵਾਸੀਆਂ ਨੂੰ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ। ਡਿਪਟੀ ਕਮਿਸ਼ਨਰ ਨੇ ਹੋਰ ਦੱਸਿਆ ਕਿ ਬੀਤੀ ਅੱਧੀ ਰਾਤ ਤੋਂ ਜਨਤਕ ਟਰਾਂਸਪੋਰਟ ਜਿਸ ਵਿਚ ਬੱਸਾਂ, ਈ ਰਿਕਸ਼ਾ ਅਤੇ ਆਟੋਰਿਕਸ਼ਾ ਸ਼ਾਮਿਲ ਹਨ ਨੂੰ ਬੰਦ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਵੱਲੋਂ ਸੂਬੇ ਭਰ ਵਿਚ ਜਿੰਨ੍ਹਾਂ 50 ਰੂਟਾਂ ਤੇ ਬੱਸਾਂ ਚਲਾਉਣ ਦੀ ਅੱਜ ਛੋਟ ਦਿੱਤੀ ਗਈ ਸੀ ਇਹ ਛੋਟ ਐਤਵਾਰ ਨੂੰ ਨਹੀਂ ਹੋਵੇਗੀ ਅਤੇ ਇਸ ਦਿਨ ਕੋਈ ਵੀ ਪਬਲਿਕ ਟਰਾਂਸਪੋਰਟ ਨਹੀਂ ਚੱਲੇਗੀ ਤਾਂ ਜ਼ੋ ਜਨਤਾ ਕਰਫਿਊ ਨੂੰ ਸਫਲ ਬਣਾ ਕੇ ਵਾਇਰਸ ਦੇ ਚੱਕਰ ਨੂੰ ਤੋੜਿਆ ਜਾ ਸਕੇ। ਹਾਲਾਂਕਿ ਡਿਪਟੀ ਕਮਿਸ਼ਨਰ ਸ੍ਰੀ ਬੀ ਸ੍ਰੀ ਨਿਵਾਸਨ ਨੇ ਇਹ ਵੀ ਦੱਸਿਆ ਕਿ ਸੋਮਵਾਰ ਤੋਂ ਸੂਬੇ ਵਿਚ ਸਿਰਫ 50 ਰੂਟਾਂ ਤੇ ਬੱਸਾਂ ਚੱਲਣਗੀਆਂ। ਇੰਨ੍ਹਾਂ ਬੱਸਾਂ ਵਿਚ ਨਿਰਧਾਰਤ ਸੱਮਰਥਾ ਤੋਂ 50 ਸਵਾਰੀਆਂ ਹੀ ਚੜਾਈਆਂ ਜਾਣਗੀਆਂ। ਅੱਜ ਜ਼ੋ ਬੱਸਾਂ ਇੱਥੋਂ ਚੱਲੀਆਂ ਉਨ੍ਹਾਂ ਨੂੰ ਸੈਨੇਟਾਈਜ ਕਰਕੇ ਚਲਾਇਆ ਗਿਆ ਅਤੇ ਪੀਆਰਟੀਸੀ ਵੱਲੋਂ ਹਰ ਸਾਵਧਾਨੀ ਵਰਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਲੋਕ ਆਪਣੇ ਘਰਾਂ ਵਿਚ ਹੀ ਰਹਿਣ ਦਾ ਹਰ ਸੰਭਵ ਯਤਨ ਕਰਨ ਅਤੇ ਕਿਸੇ ਵੀ ਕਿਸਮ ਦੀ ਯਾਤਰਾ ਕਰਨ ਤੋਂ ਗੁਰੇਜ਼ ਕਰਨ।
Total Responses : 265