ਅਸ਼ੋਕ ਵਰਮਾ
- ਪੂਰੀ ਮਨੁੱਖਤਾ ਨੂੰ ਮਾਰੂ ਬਿਮਾਰੀ ਤੋਂ ਬਚਾਉਣ ਲਈ ਹਰ ਸ਼ਹਿਰੀ ਸਵੈ ਜਾਬਤੇ ਵਿਚ ਰਹਿ ਕੇ ਜਿੰਮੇਵਾਰੀ ਨਿਭਾਵੇ
ਬਠਿੰਡਾ, 21 ਮਾਰਚ 2020 - ਡਿਪਟੀ ਕਮਿਸ਼ਨਰ ਬੀ ਸ੍ਰੀ ਨਿਵਾਸਨ ਨੇ ਜ਼ਿਲ੍ਹਾ ਬਠਿੰਡਾ ਦੇ ਸਮੂਹ ਨਾਗਰਿਕਾਂ ਨੂੰ ਅਪੀਲ ਕੀਤੀ ਕਿ 22 ਮਾਰਚ ਦਿਨ ਐਤਵਾਰ ਨੂੰ ਹਰ ਇਕ ਵਿਅਕਤੀ ਆਪਣੇ ਘਰ ਵਿਚ ਹੀ ਰਹੇ ਅਤੇ ਪੂਰੀ ਮਨੁੱਖਤਾ ਨੂੰ ਬਚਾਉਣ ਲਈ ਸਵੈ ਜਾਬਤੇ ਵਿਚ ਰਹਿੰਦਿਆਂ ਆਪਣੀ ਜਿੰਮੇਵਾਰੀ ਨਿਭਾਵੇ। ਉਨ੍ਹਾਂ ਨੇ ਅੱਜ ਸ਼ਾਮ ਜ਼ਿਲ੍ਹੇ ਦੇ ਐਸਐਸਪੀ ਸ੍ਰੀ ਨਾਨਕ ਸਿੰਘ ਅਤੇ ਹੋਰ ਅਧਿਕਾਰੀਆਂ ਨਾਲ ਬੈਠਕ ਕਰਕੇ ਸਥਿਤੀ ਦਾ ਜਾਇਜਾ ਲਿਆ। ਉਨ੍ਹਾਂ ਨੇ ਕਿਹਾ ਕਿ ਐਤਵਾਰ ਦਾ ਦਿਨ ਜੇਕਰ ਅਸੀਂ ਸਾਰੇ ਸਵੇਰੇ 7 ਤੋਂ ਰਾਤ 9 ਵਜੇ ਤੱਕ ਜਨਤਾ ਕਰਫਿਊ ਲਾਗੂ ਕਰੀਏ ਅਤੇ ਆਪਣੇ ਘਰਾਂ ਤੋਂ ਬਾਹਰ ਨਾ ਨਿਕਲੀਏ ਤਾਂ ਅਸੀਂ ਅਸਾਨੀ ਨਾਲ ਇਸ ਵਾਇਰਸ ਦੇ ਘਾਤਕ ਚੱਕਰ ਨੂੰ ਤੋੜ ਸਕਦੇ ਹਾਂ।
ਡਿਪਟੀ ਕਮਿਸ਼ਨਰ ਨੇ ਸਮੂਹ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਇਸ ਸਮੇਂ ਸਾਡੇ ਆਰਥਿਕ ਜਰੂਰਤਾਂ ਤੋਂ ਵੱਡੀ ਜਰੂਰਤ ਮਨੁੱਖਤਾ ਨੂੰ ਬਚਾਉਣਾ ਹੈ ਇਸ ਲਈ ਹਰ ਇਕ ਨਾਗਰਿਕ ਐਤਵਾਰ ਨੂੰ ਘਰ ਵਿਖੇ ਹੀ ਰਹੇ। ਉਨ੍ਹਾਂ ਨੇ ਕਿਹਾ ਕਿ ਐਤਵਾਰ ਨੂੰ ਰੇਲ, ਬੱਸ ਸਮੇਤ ਹਰ ਪ੍ਰਕਾਰ ਦੀ ਜਨਤਕ ਟਰਾਂਸਪੋਰਟ ਬੰਦ ਰਹੇਗੀ। ਪਰ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਇਸ ਨਾਲ ਜਰੂਰੀ ਵਸਤਾਂ ਦੀ ਸਪਲਾਈ ਪ੍ਰਭਾਵਿਤ ਨਹੀਂ ਹੋਣ ਦਿੱਤੀ ਜਾਵੇਗੀ।
ਬੈਠਕ ਵਿਚ ਐਸਪੀ ਮੇਜਰ ਸਿੰਘ, ਐਸਡੀਐਮ ਵਰਿੰਦਰ ਸਿੰਘ ਤੇ ਖੁਸ਼ਦਿਲ ਸਿੰਘ, ਕਾਰਜਕਾਰੀ ਸਿਵਲ ਸਰਜਨ ਡਾ: ਕੁੰਦਰ ਕੁਮਾਰ ਪਾਲ ਆਦਿ ਵੀ ਹਾਜਰ ਸਨ।