ਹਰੀਸ਼ ਕਾਲੜਾ
- ਸਵੇਰੇ 7 ਤੋਂ 9 ਵਜੇ ਤੱਕ ਦੁੱਧ, ਘਰੇਲੂ ਸਮਾਨ ਖਰੀਦਣ ਦੀ ਰਹੇਗੀ ਇਜ਼ਾਜਤ
- ਸੋਮਵਾਰ ਅਤੇ ਮੰਗਲਵਾਰ ਨੂੰ ਕਰਿਆਨਾ ਸਟੋਰ,ਮੈਡੀਕਲ ਸਟੋਰ ਅਤੇ ਸ਼ਬਜੀ ਵਿਕਰੇਤਾਵਾ ਨੂੰ ਛੱਡ ਬੰਦ ਰਹਿਣਗੀਆਂ ਸਾਰੀਆਂ ਦੁਕਾਨਾਂ - ਵਪਾਰ ਮੰਡਲ
ਰੂਪਨਗਰ 21 ਮਾਰਚ 2020 -ਕਰੋਨਾ ਵਾਇਰਸ ਦੇ ਮੱਦੇਨਜਰ ਅਤੇ ਆਮ ਜਨਤਾ ਦੀ ਸੁਰਖਿਆ ਦੇ ਲਈ ਐਤਵਾਰ ਨੂੰ ਜ਼ਿਲ੍ਹੇ ਦੇ ਸਾਰੇ ਬਜ਼ਾਰ ਅਤੇ ਦੁਕਾਨਾਂ ਬੰਦ ਰਹਿਣਗੀਆਂ। ਇਹ ਜਾਣਕਾਰੀ ਦਿੰਦਿਆਂ ਡੀ.ਸੀ.ਰੂਪਨਗਰ ਸੋਨਾਲੀ ਗਿਰੀ ਨੇ ਦੱਸਿਆ ਕਿ ਕੇਵਲ ਮੈਡੀਕਲ ਸਟੋਰ ਅਤੇ ਨਰਸਿੰਗ ਹੋਮ ਹੀ ਖੁੱਲ੍ਹੇ ਰਹਿਣਗੇ। ਉਨ੍ਹਾਂ ਨੇ ਕਿਹਾ ਕਿ ਐਤਵਾਰ ਸਵੇਰੇ 7 ਤੋਂ 9 ਵਜੇ ਤੱਕ ਲੋਕ ਦੁੱਧ ਤੇ ਹੋਰ ਘਰੇਲੂ ਜ਼ਰੂਰੀ ਸਮਾਨ ਖਰੀਦ ਸਕਦੇ ਹਨ। ਇਸ ਤੋਂ ਬਾਅਦ ਲੋਕ ਅਹਿਤਿਆਤ ਦੇ ਤੋਰ ਤੇ ਆਪਣੇ ਘਰਾਂ ਤੋਂ ਬਾਹਰ ਨਾ ਨਿਕਲਣ।
ਡੀ.ਸੀ. ਨੇ ਦੱਸਿਆ ਕਿ ਰੋਪੜ ਵਪਾਰ ਮੰਡਲ ਦੇ ਪ੍ਰਧਾਨ ਪਰਵਿੰਦਰਪਾਲ ਸਿੰਘ ਬਿੰਟਾ ਨੇ ਵੀ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਇੱਕ ਪੱਤਰ ਦੇ ਕੇ ਸਹਿਮਤੀ ਜਤਾਈ ਹੈ ਕਿ ਵਪਾਰ ਮੰਡਲ ਵੱਲੋਂ ਐਤਵਾਰ , ਸੋਮਵਾਰ ਅਤੇ ਮੰਗਲਵਾਰ 22 ਤੋਂ 24 ਮਾਰਚ ਤੱਕ ਸਾਰੀਆਂ ਦੁਕਾਨਾ ਬੰਦ ਰੱਖੀਆਂ ਜਾਣਗੀਆਂ। ਕੇਵਲ ਸੋਮਵਾਰ ਅਤੇ ਮੰਗਲਵਾਰ ਨੂੰ ਕਰਿਆਨਾ ਸਟੋਰ,ਮੈਡੀਕਲ ਸਟੋਰ ਅਤੇ ਸ਼ਬਜੀ ਵਿਕਰੇਤਾਵਾ ਦੀਆਂ ਦੁਕਾਨਾ ਖੁਲੀਆਂ ਰੱਖਣ ਸਬੰਧੀ ਸਹਿਮਤੀ ਜਤਾਈ ਗਈ ਹੈ ਤਾਂ ਕਿ ਲੋਕ ਜ਼ਰੂਰਤ ਦਾ ਸਮਾਨ ਲੈ ਸਕਣ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾਂ ਨਿਵਾਸੀਆ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਐਤਵਾਰ ਨੂੰ ਲੱਗਣ ਵਾਲੇ ਜਨਤਕ ਕਰਫਿਊ ਵਿੱਚ ਸਹਿਯੋਗ ਦੇਣ ਤਾਂ ਜ਼ੋ ਲੋਕ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਸਮੂਹ ਲੋਕਾਂ ਨੂੰ ਕਰੋਨਾ ਵਾਇਰਸ ਦੇ ਪ੍ਰਭਾਵ ਤੋਂ ਬਚਾਇਆ ਜਾ ਸਕੇ।