ਹਰਿੰਦਰ ਨਿੱਕਾ
- ਕਰੋਨਾ ਵਾਇਰਸ ਫੈਲਣ ਤੋਂ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਹਨ ਪੁਖ਼ਤਾ ਪ੍ਰਬੰਧ: ਸਿੰਗਲਾ
ਸੰਗਰੂਰ, 21 ਮਾਰਚ 2020 - ਨੋਵਲ ਕੋਰੋਨਾ ਵਾਇਰਸ ਦੇ ਨਾਲ ਇਸ ਮੌਕੇ ਦੁਨੀਆ ਦੇ 160 ਤੋਂ ਵੱਧ ਦੇਸ਼ ਪ੍ਰਭਾਵਿਤ ਹੋ ਚੁੱਕੇ ਹਨ ਅਤੇ ਇਸਨੇ ਭਾਰਤ ਵਿਚ ਵੀ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ। ਪੰਜਾਬ ਵਿਚ ਵੀ ਇਸ ਦੇ ਸ਼ੁਰੂਆਤੀ ਮਾਮਲੇ ਦੇਖਣ ਨੂੰ ਮਿਲ ਰਹੇ ਹਨ ਜਿਸ ਦੇ ਮੱਦੇਨਜ਼ਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਹਸਪਤਾਲਾਂ ਵਿਚ ਪੁਖ਼ਤਾ ਪ੍ਰਬੰਧ ਕਰਨ ਦੇ ਨਾਲ-ਨਾਲ ਵਿਆਪਕ ਪੱਧਰ ’ਤੇ ਲੋੜੀਂਦੇ ਉਪਰਾਲੇ ਕੀਤੇ ਜਾ ਰਹੇ ਹਨ। ਪੰਜਾਬ ਦੇ ਸਿੱਖਿਆ ਅਤੇ ਲੋਕ ਨਿਰਮਾਣ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਇਸ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਇੱਕ ਨਿਵੇਕਲੀ ਪਹਿਲ ਕੀਤੀ ਹੈ ਜਿਸ ਵਿਚ ਉਨਾਂ ਆਪਣੇ ਸੋਸ਼ਲ ਮੀਡੀਆ ਪਲੇਟਫ਼ਾਰਮ ਦੇ ਜ਼ਰੀਏ ਇੱਕ ਵੀਡੀਓ ਸਾਂਝੀ ਕੀਤੀ ਹੈ। ਇਸ ਵੀਡਿਓ ਵਿਚ ਕੈਬਨਿਟ ਮੰਤਰੀ ਘਰੋਂ ਹੀ ਆਪਣਾ ਕੰਮ ਕਰਦੇ ਵਿਖਾਈ ਦੇ ਰਹੇ ਹਨ ਅਤੇ ਨਾਲ ਹੀ ਘਰ ਦੇ ਅੰਦਰ ਬੈਠਿਆਂ ਹੀ ਇੰਟਰਨੈੱਟ ਅਤੇ ਮੋਬਾਈਲ ਦੇ ਜ਼ਰੀਏ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਲੋਕਾਂ ਨਾਲ ਰਾਬਤਾ ਕਾਇਮ ਕਰਦੇ ਹੋਏ ਦਿਖਾਈ ਦੇ ਰਹੇ ਹਨ। ਵੀਡਿਓ ਵਿਚ ਸਿੰਗਲਾ ਨੇ ਲੋਕਾਂ ਨੂੰ ਸਾਵਧਾਨੀਆਂ ਵਰਤਣ ਦੀ ਅਪੀਲ ਵੀ ਕੀਤੀ ਹੈ।
ਕੈਬਿਨਟ ਮੰਤਰੀ ਸਿੰਗਲਾ ਵੱਲੋਂ ਸਾਂਝੀ ਕੀਤੀ ਗਈ ਇਹ ਵੀਡੀਓ ਵਰਤਮਾਨ ਸਮੇਂ ਦੀ ਵੱਡੀ ਜ਼ਰੂਰਤ ਹੈ ਕਿਉਕਿ ਜਿੱਥੇ ਪੂਰੀ ਦੁਨੀਆ ਕਰੋਨਾ ਵਾਇਰਸ ਦੇ ਖ਼ਤਰੇ ਨਾਲ ਜੂਝ ਰਹੀ ਹੈ, ਉੱਥੇ ਹੀ ਉਨਾਂ ਵੱਲੋਂ ਸਾਂਝੀ ਕੀਤੀ ਗਈ ਵੀਡੀਓ ਕਰੋਨਾ ਤੋਂ ਬਚਣ ਲਈ ਲਾਹੇਵੰਦ ਸਾਬਤ ਹੋਵੇਗੀ। ਵੀਡਿਓ ਵਿਚ ਉਨਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕਰੋਨਾ ਫੈਲਣ ਤੋਂ ਰੋਕਣ ਲਈ ਲੋਕਾਂ ਨੂੰ ਘਰਾਂ ਵਿਚ ਰਹਿ ਕੇ ਸਰਕਾਰ ਤੇ ਪ੍ਰਸ਼ਾਸਨ ਦੀਆਂ ਸਾਰੀਆਂ ਹਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ।
ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਾਰੇ ਸਰਕਾਰੀ ਹਸਪਤਾਲਾਂ ਵਿਚ ਪੁਖ਼ਤਾ ਪ੍ਰਬੰਧ ਕਰ ਲਏ ਗਏ ਹਨ ਅਤੇ ਕਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਵੀ ਵਿਆਪਕ ਪੱਧਰ ’ਤੇ ਕਾਰਵਾਈ ਕੀਤੀ ਜਾ ਰਹੀ ਹੈ। ਉਨਾਂ ਕਿਹਾ ਕਿ ਲੋਕ ਘਰਾਂ ਵਿਚ ਹੀ ਰਹਿ ਕੇ ਲੋੜੀਂਦੀਆਂ ਸਾਵਧਾਨੀਆਂ ਦਾ ਪਾਲਣ ਕਰਦੇ ਹੋਏ ਅਤੇ ਘਰ ਤੇ ਹੋਰ ਵਰਤੋਂ ਦੇ ਸਾਮਾਨ ਨੂੰ ਸੈਨੇਟਾਇਜ਼ ਕਰਦੇ ਹੋਏ ਆਪਣੀਆਂ ਤਸਵੀਰਾਂ ਉਨਾਂ ਦੇ ਸੋਸ਼ਲ ਮੀਡੀਆ ਅਕਾਉਟ ਤੇ ਵਟਸਐਪ ’ਤੇ ਸਾਂਝੀਆਂ ਕਰਨ ਤਾਂ ਜੋ ਹੋਰਨਾਂ ਨੂੰ ਵੀ ਕਰੋਨਾ ਵਾਇਰਸ ਫੈਲਣ ਤੋਂ ਰੋਕਣ ਲਈ ਕੀਤੀ ਜਾ ਰਹੀ ਵਿਆਪਕ ਕਾਰਵਾਈ ਵਿਚ ਸ਼ਾਮਲ ਹੋਣ ਲਈ ਪ੍ਰੇਰਿਤ ਕੀਤਾ ਜਾ ਸਕੇ। ਕੈਬਨਿਟ ਮੰਤਰੀ ਨੇ ਕਿਹਾ ਕਿ ਜੋ ਵੀ ਲੋਕ ਆਪਣੀਆਂ ਤਸਵੀਰਾਂ ਨੂੰ ਉਨਾਂ ਦੇ ਸੋਸ਼ਲ ਮੀਡੀਆ ਖਾਤਿਆਂ ’ਤੇ ਭੇਜਣਗੇ, ਉਹ ਖੁਦ ਉਨਾਂ ਨੂੰ ਸੋਸ਼ਲ ਮੀਡੀਆ ਜ਼ਰੀਏ ਹੋਰ ਲੋਕਾਂ ਨਾਲ ਸਾਂਝੀਆਂ ਕਰਨਗੇ।
ਸ਼੍ਰੀ ਸਿੰਗਲਾ ਨੇ ਕਿਹਾ ਕਿ ਘਰ ਤੇ ਵਰਤੋਂ ਦੇ ਹੋਰ ਸਮਾਨ ਜਿਵੇਂ ਮੋਬਾਇਲ, ਕਾਰ ਆਦਿ ਨੂੰ ਸੈਨੇਟਾਈਜ਼ ਕਰਨ ਦਾ ਤਰੀਕਾ ਵੀ ਲੋਕ ਉਨਾਂ ਦੇ ਸੋਸ਼ਲ ਮੀਡੀਆ ਅਕਾਉਟ ’ਤੇ ਸਾਂਝਾ ਕਰਨ ਤਾਂ ਜੋ ਇਸ ਹੋਰ ਲੋਕਾਂ ਤੱਕ ਪੁੱਜਦਾ ਕਰਕੇ ਸਰਬੱਤ ਦੇ ਭਲੇ ਲਈ ਵਰਤਿਆ ਜਾ ਸਕੇ।