ਸੰਜੀਵ ਸੂਦ
- ਡੀਸੀਪੀ ਟਰੈਫਿਕ ਨੇ ਲੋਕਾਂ ਨੂੰ ਘਰਾਂ ਚ ਰਹਿਣ ਦੀ ਕੀਤੀ ਅਪੀਲ...
ਲੁਧਿਆਣਾ, 22 ਮਾਰਚ 2020 - ਲੁਧਿਆਣਾ ਦੇ ਵਿੱਚ ਜਨਤਾ ਕਰਫਿਊ ਦਾ ਚੰਗਾ ਅਸਰ ਵਿਖਾਈ ਦੇ ਰਿਹਾ ਹੈ ਖ਼ਾਸ ਕਰਕੇ ਮੇਨ ਹਾਈਵੇ ਅਤੇ ਬੱਸ ਸਟੈਂਡ ਤੇ ਲੋਕ ਬਹੁਤੇ ਨਹੀਂ ਵਿਖਾਈ ਦੇ ਰਹੇ। ਲੁਧਿਆਣਾ ਪੁਲਿਸ ਵੱਲੋਂ ਵੀ ਵਿਸ਼ੇਸ਼ ਮੁਸਤੈਦੀ ਵਿਖਾਈ ਜਾ ਰਹੀ ਹੈ ਅਤੇ ਨਾਕੇਬੰਦੀ ਕਰਕੇ ਆਉਣ ਜਾਣ ਵਾਲੇ ਲੋਕਾਂ ਨੂੰ ਉਨ੍ਹਾਂ ਦੇ ਸਫ਼ਰ ਦਾ ਕਾਰਨ ਪੁੱਛਿਆ ਜਾ ਰਿਹਾ ਹੈ। ਹਾਲਾਂਕਿ ਇੱਕ ਦੋ ਲੋਕ ਜ਼ਰੂਰ ਇਸ ਦੌਰਾਨ ਘੁੰਮਦੇ ਵਿਖਾਈ ਦਿੱਤੇ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦਿੱਤੇ ਜਨਤਾ ਕਰਫਿਊ ਦੇ ਸੱਦੇ ਦਾ ਲੁਧਿਆਣਾ 'ਚ ਚੰਗਾ ਅਸਰ ਵਿਖਾਈ ਦੇ ਰਿਹਾ ਹੈ ਜਿੱਥੇ ਮੇਨ ਹਾਈਵੇ ਤੇ ਟਾਵਾਂ ਟਾਵਾਂ ਵਹੀਕਲ ਦਿਖਾਈ ਦੇ ਰਿਹਾ ਹੈ ਉੱਥੇ ਹੀ ਬੱਸ ਸਟੈਂਡ ਵਿੱਚ ਵੀ ਸੁੰਨ ਪਸਰੀ ਹੋਈ ਹੈ ਕੋਈ ਵੀ ਬੱਸ ਨਹੀਂ ਚੱਲ ਰਹੀ। ਇੱਕ ਦੋ ਸਵਾਰੀਆਂ ਨੂੰ ਛੱਡ ਕੇ ਬੱਸ ਸਟੈਂਡ ਪੂਰੀ ਤਰ੍ਹਾਂ ਖਾਲੀ ਹੈ। ਲੁਧਿਆਣਾ ਬੱਸ ਸਟੈਂਡ ਤੇ ਪਾਰਕਿੰਗ ਦੇ ਠੇਕੇਦਾਰਾਂ ਨਾਲ ਗੱਲਬਾਤ ਕੀਤੀ ਗਈ, ਉਨ੍ਹਾਂ ਨੇ ਕਿਹਾ ਕਿ ਸਵੇਰ ਦਾ ਕੋਈ ਵੀ ਯਾਤਰੀ ਅੱਜ ਨਹੀਂ ਆਇਆ। ਉੱਧਰ ਇੱਕ ਦੋ ਯਾਤਰੀ ਜੋ ਕਿ ਬਾਹਰਲੇ ਸੂਬਿਆਂ ਤੋਂ ਆਏ ਨੇ ਉਨ੍ਹਾਂ ਨੂੰ ਜ਼ਰੂਰ ਪ੍ਰੇਸ਼ਾਨੀ ਹੋ ਰਹੀ ਹੈ।
ਉੱਧਰ ਦੂਜੇ ਪਾਸੇ ਲੁਧਿਆਣਾ ਟ੍ਰੈਫਿਕ ਪੁਲਿਸ ਦੇ ਡੀਸੀਪੀ ਨੇ ਦੱਸਿਆ ਕਿ ਪੰਜਾਬ ਪੁਲਿਸ ਕੋਰੋਨਾ ਵਾਇਰਸ ਤੋਂ ਲੋਕਾਂ ਨੂੰ ਪੂਰੀ ਤਰ੍ਹਾਂ ਜਾਗਰੂਕ ਕਰ ਰਹੀ ਹੈ ਲੋਕਾਂ ਨੂੰ ਘਰਾਂ ਵਿਚ ਹੀ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਲੁਧਿਆਣਾ ਦੇ ਮੁੱਖ ਪਿੰਡਾਂ ਤੇ ਵਿਸ਼ੇਸ਼ ਨਾਕੇਬੰਦੀ ਕਰਕੇ ਲੋਕਾਂ ਤੋਂ ਪੁੱਛਗਿੱਛ ਵੀ ਕੀਤੀ ਗਈ ਹੈ ਅਤੇ ਬਿਨਾਂ ਵਜ੍ਹਾ ਸਫ਼ਰ ਕਰਨ ਵਾਲਿਆਂ ਨੂੰ ਵਾਪਸ ਵੀ ਭੇਜਿਆ ਜਾ ਰਿਹਾ ਹੈ। ਇੱਥੋਂ ਤੱਕ ਕਿ ਕਈਆਂ ਦੇ ਚਲਾਨ ਵੀ ਕੱਟੇ ਗਏ ਹਨ। ਡੀਸੀਪੀ ਨੇ ਦੱਸਿਆ ਕਿ ਸਿਰਫ ਮੈਡੀਕਲ ਸਹੂਲਤਾਂ ਦੇਣ ਵਾਲਿਆਂ ਜਾਂ ਫਿਰ ਐਮਰਜੈਂਸੀ 'ਚ ਜਾਣ ਵਾਲਿਆਂ ਜਾਂ ਫਿਰ ਹਸਪਤਾਲ ਜਾਣ ਵਾਲਿਆਂ ਨੂੰ ਹੀ ਜਾਣ ਦਿੱਤਾ ਜਾ ਰਿਹਾ ਹੈ।