ਅਸ਼ੋਕ ਵਰਮਾ
ਬਠਿੰਡਾ, 22 ਮਾਰਚ 2020 - ਡਿਪਟੀ ਕਮਿਸ਼ਨਰ ਬੀ.ਸ੍ਰੀਨਿਵਾਸਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕੋਰੋਨਾ ਵਾਇਰਸ ਦੀ ਬਿਮਾਰੀ ਦੇ ਨਾਲ ਨਜਿੱਠਣ ਦੇ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਇਸ ਵਾਇਰਸ ਦੇ ਫੈਲਣ ਤੋਂ ਬਚਾਅ ਲਈ ਵੱਖ ਵੱਖ ਵਿਭਾਗਾਂ ਵਲੋਂ ਬਣਾਈਆਂ ਗਈਆਂ ਵਿਸ਼ੇਸ਼ ਟੀਮਾਂ ਵਲੋਂ ਜ਼ਿਲੇ ਦੇ ਵੱਖ ਵੱਖ ਪਿੰਡਾਂ ਵਿਚ ਜਾ ਕੇ ਲੋਕਾਂ ਨੂੰ ਕੋਰੋਨਾ ਵਾਇਰਸ ਦੀ ਬਿਮਾਰੀ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ।
ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਐਸ.ਡੀ.ਈ.-ਕਮ-ਏ.ਡੀ.ਐਸ.ਓ. ਸ਼੍ਰੀ ਅਮਨਦੀਪ ਸਿੰਘ ਬਰਾੜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਭਾਗ ਦੁਆਰਾ ਗਠਿਤ ਕੀਤੀ ਗਈ ਟੀਮ ਵਲੋਂ ਸ਼ਹਿਰ ਦੇ ਸ਼ਨੀ ਮੰਦਰ, ਪੁਲਿਸ ਲਾਇਨ, ਭਾਗੂ ਰੋਡ ਤੇ ਫੇਜ਼-1, 2 ਵਿਖੇ ਕੋਰੋਨਾ ਵਾਇਰਸ ਦੀ ਬਿਮਾਰੀ ਦੇ ਕਾਰਨਾਂ ਤੇ ਇਸ ਤੋਂ ਕਿਵੇਂ ਬਚਾਅ ਕੀਤਾ ਜਾਵੇ, ਸਬੰਧੀ ਫਲੈਕਸਾਂ ਲਗਾਈਆਂ ਗਈਆਂ। ਉਨਾਂ ਦੱਸਿਆ ਕਿ ਵਿਭਾਗ ਵਲੋਂ ਆਪਣੇ ਦਫ਼ਤਰ ਦੇ ਪ੍ਰਵੇਸ਼ ਦਰਵਾਜ਼ੇ 'ਤੇ ਹੱਥ ਧੋਣ ਵਾਲੀ ਪਾਣੀ ਵਾਲੀ ਟੈਂਕੀ ਲਗਾਈ ਗਈ ਹੈ ਤਾਂ ਜੋ ਹਰ ਇੱਕ ਵਿਅਕਤੀ ਹੱਥ ਧੋ ਕੇ ਹੀ ਦਫ਼ਤਰ ਆ ਸਕੇ।
ਸਹਿਕਾਰਤਾ ਵਿਭਾਗ ਤੋਂ ਜ਼ਿਲੇ ਬਠਿੰਡਾ ਵਿੱਚ ਕੋਰੋਨਾ ਵਾਇਰਸ ਦੇ ਮਾੜੇ ਪ੍ਰਭਾਵਾਂ ਬਾਰੇ ਤੇ ਇਸ ਤੋਂ ਬਚਣ ਦੇ ਲਈ ਖੇਤੀਬਾੜੀ ਸਹਿਕਾਰੀ ਸਭਾਵਾਂ ਦੇ ਸਟਾਫ਼ ਦੁਆਰਾ ਘਰ-ਘਰ ਜਾ ਕੇ ਇਸ ਵਾਇਰਸ ਦੇ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਉਨਾਂ ਦੱਸਿਆ ਕਿ ਉਨਾਂ ਵਲੋਂ ਪਿੰਡ ਪੱਧਰ 'ਤੇ ਅਤੇ ਪਿੰਡਾਂ ਦੀਆਂ ਸਾਂਝੀਆਂ ਥਾਵਾਂ 'ਤੇ ਕੋਰੋਨਾ ਦੀ ਬਿਮਾਰੀ ਸਬੰਧੀ ਫਲੈਕਸਾਂ ਤੇ ਪਰਚੇ ਵੰਡੇ ਗਏ।
ਇਸ ਤੋਂ ਇਲਾਵਾ ਡਿਪਟੀ ਰਜਿਸਟਰਾਰ ਬਠਿੰਡਾ ਸ਼੍ਰੀ ਅਨਿਲ ਮੁਰਾਰੀ ਤੇ ਸਹਾਇਕ ਰਜਿਸਟਰਾਰ ਰਾਮਪੁਰਾ ਫੂਲ ਸ਼੍ਰੀ ਰੁਪਿੰਦਰ ਸਿੰਘ ਨੇ ਵੀ ਕੋਰੋਨਾ ਵਾਇਰਸ ਦੇ ਬਾਰੇ ਵਿੱਚ ਲੋਕਾਂ ਜਾਗਰੂਕ ਕੀਤਾ ਤੇ ਉਨਾਂ ਨੂੰ ਇੱਕ ਦੂਜੇ ਨਾਲ ਸੰਪਰਕ ਨਾ ਰੱਖਣ, ਵਾਰ ਵਾਰ ਹੱਥ ਧੋਣ ਤੇ ਘਰ ਵਿਚ ਰਹਿਣ ਲਈ ਹੀ ਪ੍ਰੇਰਿਤ ਕੀਤਾ।