ਐਲਾਨ ਕੀਤਾ ਕਿ ਉਹ ਇਸ ਮੰਤਵ ਲਈ ਫਿਰੋਜ਼ਪੁਰ ਅਤੇ ਬਠਿੰਡਾ ਦੇ ਹਸਪਤਾਲਾਂ ਨੂੰ ਫੰਡ ਜਾਰੀ ਕਰਨਗੇ
ਚੰਡੀਗੜ੍ਹ 22 ਮਾਰਚ 2020: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਅਤੇ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਅੱਜ ਸਾਰੇ ਸਾਂਸਦਾਂ ਨੂੰ ਆਪਣੇ ਅਖ਼ਤਿਆਰੀ ਫੰਡਾਂ ਵਿਚੋਂ ਕਰੋਨਵਾਇਰਸ ਵਿਰੁੱਧ ਲੜਾਈ ਲਈ ਲੋੜੀਂਦਾ ਮੈਡੀਕਲ ਸਾਜ਼ੋ-ਸਮਾਨ ਖਰੀਦਣ ਵਾਸਤੇ ਹਸਪਤਾਲਾਂ ਨੂੰ ਫੰਡ ਜਾਰੀ ਕਰਨ ਦੀ ਅਪੀਲ ਕੀਤੀ ਹੈ। ਉਹਨਾਂ ਇਹ ਵੀ ਕਿਹਾ ਹੈ ਕਿ ਉਹਨਾਂ ਦੇ ਹਲਕਿਆਂ ਫਿਰੋਜ਼ਪੁਰ ਅਤੇ ਬਠਿੰਡਾ ਵਿਚ ਪੈਂਦੇ ਸਾਰੇ ਹਸਪਤਾਲ ਇਸ ਮੰਤਵ ਲਈ ਫੰਡ ਹਾਸਿਲ ਕਰ ਸਕਣਗੇ।
ਇੱਥੇ ਇੱਕ ਸਾਂਝੇ ਬਿਆਨ ਵਿਚ ਸਰਦਾਰ ਸੁਖਬੀਰ ਸਿੰਘ ਬਾਦਲ ਅਤੇ ਬੀਬਾ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਸਰਕਾਰੀ ਹਸਪਤਾਲਾਂ ਵਿਚ ਮੈਡੀਕਲ ਸਾਜ਼ੋ-ਸਮਾਨ ਅਤੇ ਟੈਸਟਿੰਗ ਕਿੱਟਾਂ ਦੀ ਭਾਰੀ ਕਮੀ ਦੀਆਂ ਰਿਪੋਰਟਾਂ ਆ ਰਹੀਆਂ ਹਨ। ਉਹਨਾਂ ਕਿਹਾ ਕਿ ਇਸ ਸੰਬੰਧੀ ਜ਼ਿਲ੍ਹਾ ਪ੍ਰਸਾਸ਼ਨ ਹਸਪਤਾਲਾਂ ਨਾਲ ਸੰਪਰਕ ਕਰ ਸਕਦਾ ਹੈ ਅਤੇ ਵਿਸ਼ੇਸ਼ ਮੈਡੀਕਲ ਸਾਜ਼ੋਸਮਾਨ ਲਈ ਲੋੜੀਂਦੇ ਫੰਡ ਉਹਨਾਂ ਦੇ ਅਖ਼ਤਿਆਰੀ ਫੰਡਾਂ ਵਿਚੋਂ ਜਾਰੀ ਕੀਤੇ ਜਾਣਗੇ।
ਦੋਵੇਂ ਸਾਂਸਦਾਂ ਨੇ ਪੰਜਾਬ ਅਤੇ ਦੇਸ਼ ਦੇ ਬਾਕੀ ਸਾਂਸਦਾਂ ਨੂੰ ਵੀ ਅਪੀਲ ਕੀਤੀ ਕਿ ਉਹ ਜਲਦੀ ਤੋਂ ਜਲਦੀ ਸਰਕਾਰੀ ਹਸਪਤਾਲਾਂ ਲਈ ਫੰਡ ਜਾਰੀ ਕਰਕੇ ਇਸ ਮਹਾਮਾਰੀ ਖ਼ਿਲਾਫ ਲੜਾਈ ਵਿਚ ਆਪਣਾ ਯੋਗਦਾਨ ਪਾਉਣ। ਉਹਨਾਂ ਕਿਹਾ ਕਿ ਬਾਕੀ ਸਾਰੇ ਚੁਣੇ ਹੋਏ ਨੁੰਮਾਇਦਿਆਂ ਅਤੇ ਜਨਤਾ ਵੀ ਨੂੰ ਇਸ ਕਾਰਜ ਵਿਚ ਸਹਾਇਤਾ ਕਰਨੀ ਚਾਹੀਦੀ ਹੈ। ਸਾਨੂੰ ਇਹ ਰਾਹਤ ਕਾਰਜ ਤੁਰੰਤ ਸ਼ੁਰੂ ਕਰਨਾ ਚਾਹੀਦਾ ਹੈ। ਸਾਨੂੰ ਹਰ ਤਰ੍ਹਾਂ ਦੀ ਸਥਿਤੀ ਲਈ ਤਿਆਰ ਰਹਿਣਾ ਚਾਹੀਦਾ ਹੈ। ਉਹਨਾਂ ਐਸਜੀਪੀਸੀ ਨੂੰ ਵੀ ਅਪੀਲ ਕੀਤੀ ਕਿ ਉਹ ਮਾਸਕ ਅਤੇ ਸੈਨੇਟਾਈਜ਼ਰ ਵੰਡ ਕੇ ਇਸ ਕਾਰਜ ਵਿਚ ਆਪਣਾ ਯੋਗਦਾਨ ਪਾਉਣ।
ਅਕਾਲੀ ਦਲ ਪ੍ਰਧਾਨ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ 31 ਮਾਰਚ ਤਕ ਮੁਕੰਮਲ ਤਾਲਾਬੰਦੀ ਸੰਬੰਧੀ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਨਿਰਦੇਸ਼ਾਂ ਦਾ ਪੂਰੀ ਈਮਾਨਦਾਰੀ ਨਾਲ ਪਾਲਣ ਕਰਨ। ਉਹਨਾਂ ਅਕਾਲੀ ਵਰਕਰਾਂ ਅਤੇ ਵਲੰਟੀਅਰਾਂ ਨੂੰ ਵੀ ਲੋੜ ਦੀ ਇਸ ਘੜੀ ਵਿਚ ਪੰਜਾਬ ਸਰਕਾਰ ਦੀ ਸਹਾਇਤਾ ਕਰਨ ਅਤੇ ਲੋਕਾਂ ਵਿਚ ਵਲੰਟਰੀ ਤਾਲਾਬੰਦੀ ਦੀ ਲੋੜ ਸੰਬੰਧੀ ਜਾਗਰੂਕਤਾ ਫੈਲਾਉਣ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਇਸ ਗੱਲ ਵੱਲ ਖਾਸ ਧਿਆਨ ਦੇਣਾ ਚਾਹੀਦਾ ਹੈ ਕਿ ਬਜ਼ੁਰਗਾਂ ਨੂੰ ਸੁਰੱਖਿਅਤ ਰੱਖਿਆ ਜਾਵੇ।
ਸਰਦਾਰ ਬਾਦਲ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਗੁਰਦੁਆਰਾ ਅਰਾਮ ਘਰਾਂ ਨੂੰ ਸਰਕਾਰ ਲਈ ਕੁਆਰੰਟਾਇਨ ਕੇਂਦਰ ਬਣਾਉਣ ਦੀ ਦਿੱਤੀ ਪੇਸ਼ਕਸ਼ ਅਤੇ ਸਿੱਖਾਂ ਨੂੰ ਘਰਾਂ ਅੰਦਰ ਰਹਿਣ ਦੀ ਕੀਤੀ ਅਪੀਲ ਦੀ ਸ਼ਲਾਘਾ ਕੀਤੀ। ਉਹਨਾਂ ਕਿਹਾ ਕਿ ਸਿੱਖ ਧਰਮ ਦੀ 'ਸਰਬਤ ਦਾ ਭਲਾ' ਫਿਲਾਸਫੀ ਉੱਤੇ ਪੱਕੇ ਪੈਰੀਂ ਚੱਲਦਿਆਂ ਸਿੰਘ ਸਾਹਿਬ ਨੇ ਵਿਦੇਸ਼ਾਂ ਵਿਚਲੀਆਂ ਗੁਰਦੁਆਰਾ ਮੈਨੇਜਮੈਂਟਾਂ ਨੂੰ ਨਿਰਦੇਸ਼ ਦਿੱਤਾ ਹੈ ਕਿ ਇਸ ਸੰਕਟ ਦੀ ਘੜੀ ਵਿਚ ਉਹ ਲੋੜਵੰਦਾਂ ਦੀ ਸਹਾਇਤਾ ਕਰਨ। ਅਕਾਲੀ ਦਲ ਪ੍ਰਧਾਨ ਨੇ ਪ੍ਰਭਾਵਿਤ ਦੇਸ਼ਾਂ ਵਿਚ ਅਕਾਲੀ ਦਲ ਦੀਆਂ ਇਕਾਈਆਂ ਨੂੰ ਇਸ ਕਾਰਜ ਵਿਚ ਮੱਦਦ ਕਰਨ ਦੀ ਅਪੀਲ ਕੀਤੀ ਹੈ। ਉਹਨਾਂ ਕਿਹਾ ਕਿ ਜਿਹੜੇ ਭਾਰਤੀ ਇਟਲੀ, ਸਪੇਨ , ਬਰਤਾਨੀਆ, ਜਰਮਨੀ, ਕੈਨੇਡਾ ਅਤੇ ਅਮਰੀਕਾ ਵਰਗੇ ਮੁਲਕਾਂ ਅੰਦਰ ਰੁਜ਼ਗਾਰ ਗੁਆ ਬੈਠੇ ਹਨ ਅਤੇ ਲੋੜਵੰਦ ਹਨ, ਉਹਨਾਂ ਦੀ ਪੰਜਾਬੀ ਭਰਾਵਾਂ ਵੱਲੋਂ ਮੱਦਦ ਕੀਤੀ ਜਾਣੀ ਚਾਹੀਦੀ ਹੈ।