ਅਸ਼ੋਕ ਵਰਮਾ
- ਕੋਰੋਨਾ ਦੇ ਲੱਛਣ ਵਿਖਾਈ ਦੇਣ ਤਾਂ ਸਿਹਤ ਵਿਭਾਗ ਨਾਲ ਰਾਬਤਾ ਕਰਨ
ਬਠਿੰਡਾ, 22 ਮਾਰਚ 2020 - ਡਿਪਟੀ ਕਮਿਸ਼ਨਰ ਸ੍ਰੀ ਨਿਵਾਸਨ ਆਈ.ਏ.ਐਸ. ਨੇ ਜ਼ਿਲਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਜਿਹੜੇ ਸ਼ਰਧਾਲੂ ਪਿਛਲੇ ਦਿਨੀਂ 7 ਤੋਂ 9 ਮਾਰਚ ਤੱਕ ਸ੍ਰੀ ਆਨੰਦਪੁਰ ਸਾਹਿਬ ਵਿਖੇ ਹੋਲਾ ਮਹੱਲਾ ਸਮਾਗਮਾਂ ਵਿੱਚ ਸ਼ਾਮਲ ਹੋ ਕੇ ਪਰਤੇ ਹਨ, ਉਹ ਸ਼ਰਧਾਲੂ ਲਾਜਮੀ ਤੌਰ 'ਤੇ ਆਪਣੇ ਘਰਾਂ ਵਿਚ ਆਪਣੇ ਬਾਕੀ ਪਰਿਵਾਰਕ ਮੈਂਬਰਾਂ ਤੋਂ ਵੀ ਵੱਖ ਰਹਿਣ। ਅਜਿਹੇ ਲੋਕ ਆਪਣੇ ਘਰਾਂ ਤੋਂ ਬਾਹਰ ਕਿਸੇ ਵੀ ਹਾਲਤ ਵਿਚ ਨਾ ਨਿਕਲਣ। ਅਜਿਹੇ ਲੋਕ ਆਪਣੀ ਸੂਚਨਾਂ ਕੰਟਰੋਲ ਰੂਮ ਤੇ ਵੀ ਦੇ ਸਕਦੇ ਹਨ। ਇਸ ਤੋਂ ਬਿਨਾਂ ਜੇਕਰ ਉਕਤ ਦਿਨਾਂ ਨੂੰ ਹੋਲਾ ਮੁਹੱਲਾ ਵਿਚ ਸਿਰਕਤ ਕਰਕੇ ਮੁੜੇ ਹਨ, ਨੂੰ ਜਾਂ ਇੰਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਖਾਂਸੀ, ਸਰਦੀ, ਬੁਖਾਰ ਆਦਿ ਲੱਛਣ ਵਿਖਾਈ ਦੇਣ ਤਾਂ ਤੁਰੰਤ ਇਹ ਕੰਟਰੋਲ ਰੂਮ ਤੇ ਸੰਪਰਕ ਕਰਨ। ਜਿਲ੍ਹੇ ਦੇ ਕੰਟਰੋਲ ਰੂਮ ਨੰਬਰ 0164-2241290 ਜਾਂ ਟੌਲ ਫ੍ਰੀ ਹੈਲਪਲਾਈਨ ਨੰਬਰ 104 ’ਤੇ ਤੁਰੰਤ ਸੰਪਰਕ ਕੀਤਾ ਜਾ ਸਕਦਾ ਹੈ।
ਡਿਪਟੀ ਕਮਿਸ਼ਨਰ ਨੇ ਜ਼ਿਲੇ ਵਿੱਚ ਵਿਦੇਸ਼ੋਂ ਪਰਤੇ ਸਮੂਹ ਵਿਅਕਤੀਆਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਦਿਆਂ ਦੋ ਹਫ਼ਤਿਆਂ ਲਈ ਇਕਾਂਤਵਾਸ ਵਿੱਚ ਰਹਿਣ। ਉਨਾਂ ਆਮ ਲੋਕਾਂ ਨੂੰ ਵੀ ਵਿਦੇਸ਼ੋਂ ਅਤੇ ਹੋਲਾ ਮੁਹੱਲਾ ਸਮਾਗਮ ਤੋਂ ਪਰਤਣ ਵਾਲਿਆਂ ਤੋਂ 14 ਦਿਨਾਂ ਦੀ ਦੂਰੀ ਬਣਾ ਕੇ ਰੱਖਣ ਨੂੰ ਆਖਿਆ ਹੈ। ਉਨਾਂ ਆਖਿਆ ਕਿ ਕਰੋਨਾ ਵਾਇਰਸ ਤੋੋਂ ਬਚਾਅ ਲਈ ਬਾਕੀ ਲੋਕ ਆਪਣੇ ਘਰਾਂ ਵਿੱਚ ਹੀ ਰਹਿਣ ਅਤੇ ਗੰਭੀਰਤਾ ਨਾਲ ਇਸ ਸਬੰਧੀ ਇਹਤਿਆਤ ਵਰਤਣ ਤਾਂ ਜੋ ਅਸੀਂ ਖੁਦ ਅਤੇ ਦੂਜਿਆਂ ਨੂੰ ਸੁਰੱਖਿਅਤ ਕਰ ਸਕੀਏ।
ਜਿਲ੍ਹਾ ਪੱਧਰ ਤੇ ਕੰਟਰੋਲ ਰੂਮ ਸਥਾਪਿਤ
ਡਿਪਟੀ ਕਮਿਸਨਰ ਨੇ ਦੱਸਿਆ ਕਿ ਜਿਲਾ ਪ੍ਰੰਬਧਕੀ ਕੰਪਲੈਕਸ ਦੇ ਕਮਰਾ ਨੰਬਰ 209 ਵਿਖੇ 24 ਘੰਟੇ ਖੁੱਲਾ ਰਹਿਣ ਵਾਲਾ ਕੰਟਰੋਲ ਰੂਮ ਵੀ ਸਥਾਪਿਤ ਕੀਤਾ ਗਿਆ ਹੈ । ਇੱਥੇ ਵਿਦੇਸ਼ ਤੋਂ ਪਰਤੇ ਵਿਅਕਤੀ ਆਪਣੇ ਬਾਰੇ ਸੂਚਨਾ ਦੇ ਸਕਦੇ ਹਨ। ਕੋਈ ਹੋਰ ਨਾਗਰਿਕ ਵੀ ਆਪਣੇ ਇਲਾਕੇ ਵਿਚ ਵਿਦੇਸ ਤੋਂ ਪਰਤੇ ਵਿਅਕਤੀ ਦੀ ਸੂਚਨਾ ਇਸ ਕੰਟਰੋਲ ਰੂਮ ਵਿਖੇ ਸੂਚਨਾ ਦੇ ਸਕਦਾ ਹੈ। ਇਸਦਾ ਨੰਬਰ 0164-2241290 ਹੈ। ਜਿਲੇ ਦੇ ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਵਿਦੇਸ ਤੋਂ ਪਰਤੇ ਲੋਕ ਤੁਰੰਤ ਆਪਣੀ ਸੂਚਨਾ ਇਸ ਨੰਬਰ ਤੇ ਦੇਣ।ਉਨਾਂ ਨੇ ਕਿਹਾ ਕਿ ਲੋਕ ਘਬਰਾਉਣ ਨਾ ਪਰ ਸਿਹਤ ਵਿਭਾਗ ਦੀਆਂ ਸਲਾਹਾਂ ਦਾ ਪਾਲਣ ਕਰਨ।