ਚੰਡੀਗੜ੍ਹ 'ਚ ਅੱਜ ਰਾਤ ਤੋਂ ਕਰਫਿਊ ਲਾਗੂ ਕਰਨ ਦਾ ਫੈਸਲਾ
ਚੰਡੀਗੜ੍ਹ, 23 ਮਾਰਚ, 2020 : ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਵੀ ਪੀ ਸਿੰਘ ਬਦਨੌਰ ਨੇ 24 ਮਾਰਚ 2020 ਦਿਨ ਸੋਮਵਾਰ ਦੀ ਰਾਤ ਤੋਂ ਸ਼ਹਿਰ ਵਿਚ ਕਰਫਿਊ ਲਾਗੂ ਕਰਨ ਦਾ ਫੈਸਲਾ ਕੀਤਾ ਹੈ। ਕਰਫਿਊ ਲਾਗੂ ਹੋਣ ਨਾਲ ਸ਼ਹਿਰ ਦੇ ਸਾਰੇ ਵਸਨੀਕਾਂ ਨੂੰ ਘਰਾਂ ਦੇ ਅੰਦਰ ਹੀ ਰਹਿਣਾ ਪਵੇਗਾ। ਪ੍ਰਸ਼ਾਸਕ ਨੇ ਡੀ ਜੀ ਪੀ ਨੂੰ ਕਰਫਿਊ ਸਖ਼ਤੀ ਨਾਲ ਲਾਗੂ ਕਰਨ ਦੇ ਹੁਕਮ ਦਿੱਤੇ ਹਨ ਅਤੇ ਇਸ ਵਿਚ ਕਿਸੇ ਤਰਾਂ ਦੀ ਢਿੱਲ ਨਹੀਂ ਦਿੱਤੀ ਜਾਵੇਗੀ।
ਪ੍ਰਸ਼ਾਸਕ ਦੇ ਸਲਾਹਕਾਰ ਮਨੋਜ ਪਰੀਦਾ ਆਈ ਏ ਐਸ ਨੇ ਦੱਸਿਆ ਕਿ ਪੁਲਿਸ, ਮੈਡੀਕਲ ਆਦਿ ਸਮੇਤ ਜ਼ਰੂਰੀ ਸੇਵਾਵਾਂ ਵਿਚ ਲੱਗੇ ਵਿਅਕਤੀਆਂ ਨੂੰ ਸਿਰਫ ਕਰਫਿਊ ਪਾਸ ਨਾਲ ਹੀ ਛੋਟ ਹੋਵੇਗੀ। ਉਹਨਾ ਕਿਹਾ ਕਿ ਪੰਜਾਬ, ਹਰਿਆਣਾ ਤੇ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਨੂੰ ਪਾਸ ਵਾਸਤੇ ਆਪੋ ਆਪਣੇ ਮੁੱਖ ਸਕੱਤਰਾਂ ਰਾਹੀਂ ਬੇਨਤੀ ਕਰਨ ਵਾਸਤੇ ਆਖਿਆ ਗਿਆ ਹੈ। ਡਿਪਟੀ ਕਮਿਸ਼ਨਰ ਚੰਡੀਗੜ੍ਹ ਵੱਲੋਂ ਕਰਫਿਊ ਪਾਸ ਬਾਰੇ ਫੈਸਲਾ ਲਿਆ ਜਾਵੇਗਾ। ਜ਼ਰੂਰੀ ਵਸਤਾਂ ਦੀ ਖਰੀਦ ਲਈ ਕਰਫਿਊ ਵਿਚ ਢਿੱਲ ਅਗਲੇ ਸਮੇਂ ਦੌਰਾਨ ਦਿੱਤੀ ਜਾਵੇਗੀ। ਡਿਪਟੀ ਕਮਿਸ਼ਨਰ ਯੂ ਟੀ ਚੰਡੀਗੜ੍ਹ ਵੱਲੋਂ ਇਸ ਸਬੰਧ ਵਿਚ ਵਿਸਥਾਰਿਤ ਹੁਕਮ ਜਾਰੀ ਕੀਤੇ ਜਾਣਗੇ।