ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਕਰੋਨਾ ਵਾਇਰਿਸ ਵਿਰੁੱਧ ਜੰਗ ਵਿਚ ਅਗਵਾਈ ਦੇਣ ਦੀ ਅਪੀਲ
ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਘਰਾਂ ਵਿਚ ਹੀ ਰਹਿਣ ਅਤੇ ਬਜ਼ੁਰਗਾਂ ਦਾ ਵਿਸ਼ੇਸ਼ ਖ਼ਿਆਲ ਰੱਖਣ
ਅਕਾਲੀ ਵਰਕਰਾਂ ਨੂੰ ਭਾਈ ਕਨੱਈਆ ਵਾਂਗ ਲੋੜਵੰਦਾਂ ਦੀ ਮੱਦਦ ਕਰਨ ਲਈ ਆਖਿਆ
ਪੰਜਾਬ 'ਚ ਆਏ ਹੋਏ ਪਰਵਾਸੀਆਂ ਦੀ ਸਹਾਇਤਾ ਕਰਨ ਲਈ ਆਖਿਆ
ਚੰਡੀਗੜ੍ਹ 23 ਮਾਰਚ 2020: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਸਮੂਹ ਪੰਜਾਬੀਆਂ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਕਰਫਿਊ ਦੇ ਨਿਯਮ ਦਾ ਪੂਰੀ ਤਰਾਂ ਪਾਲਣ ਕਰਨ ਤੇ ਪੰਜਾਬ ਅਤੇ ਕੇਂਦਰ ਸਰਕਾਰ ਵੱਲੋਂ ਚੁੱਕੇ ਜਾ ਰਹੇ ਕਦਮਾਂ ਦਾ ਪੂਰੀ ਤਰ੍ਹਾਂ ਸਮਰਥਨ ਕਰਦੀ ਹੈ।
ਉਹਨਾਂ ਕਿਹਾ ਪੰਜਾਬ ਵਿਚ ਬਤੌਰ ਅਕਾਲੀ ਦਲ ਅਸੀਂ ਮੁੱਖ ਮੰਤਰੀ ਨੂੰ ਸੂਬੇ ਦੇ ਹਿੱਤਾਂ ਦੀ ਰਾਖੀ ਲਈ ਇਸ ਲੜਾਈ ਵਿਚ ਆਪਣੀਆਂ ਸੇਵਾਵਾਂ ਪੇਸ਼ ਕਰਦੇ ਹਾਂ। ਓਹਨਾ ਕਿਹਾ ਕਿ ਇਸ ਘੜੀ ਸਾਡੇ ਵਿਚੋਂ ਕੋਈ ਭੀ ਕਿਸੇ ਸਿਆਸੀ ਪਾਰਟੀ ਦਾ ਨੁਮਾਇੰਦਾ ਨਹੀਂ ਅਸੀਂ ਸਾਰੇ ਪੰਜਾਬੀ ਹਾਂ ਤੇ ਇਸ ਲੜਾਈ ਵਿਚ ਸਭ ਮੱਤ ਭੇਦ ਭੁਲਾ ਕੇ ਇਕ ਹਾਂ.
ਸਰਦਾਰ ਬਾਦਲ ਨੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਅਪੀਲ ਕੀਤੀ ਕਿ ਉਹ ਕਰੋਨਾ ਵਾਇਰਿਸ ਵਿਰੁੱਧ ਜੰਗ ਵਿਚ ਅਗਵਾਈ ਦੇਵੇ ਤੇ ਹਸਪਤਾਲਾਂ ਸਮੇਤ ਹਰ ਜਗਾ ਖੁੱਲੇ ਲੰਗਰ ਦਾ ਪ੍ਰਬੰਧ ਯਕੀਨੀ ਬਣਾਏ
ਅਕਾਲੀ ਦਲ ਪ੍ਰਧਾਨ ਨੇ ਪਾਰਟੀ ਵਰਕਰਾਂ ਨੂੰ ਵੀ ਆਖਿਆ ਕਿ ਉਹ ਇਸ ਲੜਾਈ ਵਿਚ ਪੰਜਾਬ ਅਤੇ ਕੇਂਦਰ ਸਰਕਾਰ ਵੱਲੋਂ ਕੀਤੇ ਜਾ ਰਹੇ ਯਤਨਾਂ ਵਿਚ ਪੂਰੀ ਤਰ੍ਹਾਂ ਸਹਿਯੋਗ ਦੇਣ। ਉਹਨਾਂ ਕਿਹਾ ਕਿ ਅਸੀਂ ਸਾਰੇ ਇਸ ਸਾਂਝੀ ਚੁਣੌਤੀ ਦੀ ਘੜੀ ਵਿੱਚ ਉਹਨਾਂ ਸਾਰੇ ਕਦਮਾਂ ਦੀ ਹਮਾਇਤ ਕਰਦੇ ਹਾਂ, ਜਿਹਨਾਂ ਦਾ ਦੇਸ਼ ਦੀ ਸੁਰੱਖਿਆ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪੰਜਾਬ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਐਲਾਨ ਕਰਦੇ ਹਨ।
ਸਰਦਾਰ ਬਾਦਲ ਨੇ ਹਰ ਘਰ ਵਿਚ ਬਜ਼ੁਰਗਾਂ ਅਤੇ ਬੱਚਿਆਂ ਦਾ ਖਾਸ ਖ਼ਿਆਲ ਰੱਖਣ ਲਈ ਆਖਿਆ। ਉਹਨਾਂ ਕਿਹਾ ਕਿ ਇਹ ਸਾਡਾ ਆਪਣੇ ਬਜ਼ੁਰਗਾਂ ਦਾ ਮੁੱਲ ਮੋੜਣ ਦਾ ਸਮਾਂ ਹੈ, ਜਿਹਨਾਂ ਨੇ ਸਾਡੇ ਲਈ ਬਹੁਤ ਸਾਰੀਆਂ ਕੁਰਬਾਨੀਆਂ ਦਿੱਤੀਆਂ ਹਨ।
ਸਾਬਕਾ ਉਪ ਮੁੱਖ ਮੰਤਰੀ ਨੇ ਕੈਨੇਡਾ, ਇਟਲੀ, ਅਮਰੀਕਾ, ਬਰਤਾਨੀਆ, ਸਪੇਨ, ਜਰਮਨੀ ਅਤੇ ਮਿਡਲ ਈਸਟ ਵਿਚ ਅਕਾਲੀ ਦਲ ਦੇ ਅਹੁਦੇਦਾਰਾਂ ਅਤੇ ਵਰਕਰਾਂ ਨੂੰ ਨਿਰਦੇਸ਼ ਜਾਰੀ ਕੀਤੇ ਹਨ ਕਿ ਉਹ ਵਿਦੇਸ਼ਾਂ ਵਿਚ ਹਰ ਲੋੜਵੰਦ ਪੰਜਾਬੀ ਦੀ ਬਿਨਾਂ ਕੋਈ ਸਿਆਸੀ ਜਾਂ ਹੋਰ ਵਿਤਕਰਾ ਕੀਤੇ ਹਰ ਸੰਭਵ ਸਹਾਇਤਾ ਕਰਨ। ਉਹਨਾਂ ਨੇ ਅਕਾਲੀ ਅਹੁਦੇਦਾਰਾਂ ਨੂੰ ਆਖਿਆ ਕਿ ਉਹ ਪੰਜਾਬੀ ਲੋਕਾਂ ਦੀ ਮੱਦਦ ਕਰਨ ਲਈ ਭਾਰਤੀ ਵਿਦੇਸ਼ੀ ਮਿਸ਼ਨਾਂ ਨਾਲ ਤਾਲਮੇਲ ਕਰਨ। ਸਰਦਾਰ ਬਾਦਲ ਨੇ ਪਾਰਟੀ ਅਹੁਦੇਦਾਰਾਂ ਅਤੇ ਵਰਕਰਾਂ ਨੂੰ ਇਹ ਵੀ ਨਿਰਦੇਸ਼ ਦਿੱਤਾ ਹੈ ਕਿ ਉਹ ਪੰਜਾਬ 'ਚ ਆਏ ਪਰਵਾਸੀਆਂ ਦੀ ਹਰ ਸੰਭਵ ਸਹਾਇਤਾ ਕਰਨ ਅਤੇ ਇਹ ਯਕੀਨੀ ਬਣਾਉਣ ਕਿ ਝੂਠੀਆਂ ਅਫਵਾਹਾਂ ਕਰਕੇ ਉਹਨਾਂ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਇਸ ਤੋਂ ਪਹਿਲਾਂ ਅਕਾਲੀ ਦਲ ਪ੍ਰਧਾਨ ਨੇ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਸ੍ਰੀ ਸੁਬਰਾਮਨੀਅਮ ਜੈਸ਼ੰਕਰ ਨੂੰ ਅਪੀਲ ਕੀਤੀ ਸੀ ਕਿ ਉਹ ਇਸ ਮਕਸਦ ਲਈ ਵਿਸ਼ੇਸ਼ ਸਹਾਇਤਾ ਸੈਲ ਬਣਾਉਣ ਅਤੇ ਪਰਵਾਸੀਆਂ ਲਈ ਇੱਕ ਹੈਲਪਲਾਇਨ ਵੀ ਸ਼ੁਰੂ ਕਰਨ।