ਕਰਫਿਊ ਦਾ ਉਲੰਘਣ ਕਰਨ ਵਾਲੇ ਖਿਲਾਫ ਕਾਰਵਾਈ
ਅਸ਼ੋਕ ਵਰਮਾ
ਬਠਿੰਡਾ, 23 ਮਾਰਚ 2020 : ਬਠਿੰਡਾ ਪੁਲਿਸ ਨੇਅੱਜ ਬਠਿੰਡਾ ਅਤੇ ਜਿਲੇ ’ਚ ਪੈਂਦੇ ਕਸਬਿਆਂ ’ਚ ਫਲੈਗ ਮਾਰਚ ਕਰਕੇ ਸੜਕਾਂ ਤੇ ਘੁੰਮਣ ਵਾਲਿਆਂ ਨੂੰ ਸਖਤੀ ਦਾ ਸੁਨੇਹਾ ਦਿੱਤਾ। ਫਲੈਗ ਮਾਰਚ ਦੀ ਅਗਵਾਈ ਡਿਪਟੀ ਕਮਿਸ਼ਨਰ ਬੀ ਸ੍ਰੀ ਨਿਵਾਸਨ, ਐਸਐਸਪੀ ਡਾ ਨਾਨਕ ਸਿੰਘ ਅਤੇ ਕਮਿਸ਼ਨਰ ਨਗਰ ਨਿਗਮ ਭੁਪਿੰਦਰ ਸਿੰਘ ਸ਼ੇਰਗਿੱਲ ਨੇ ਕੀਤੀ। ਕਰੋਨਾ ਵਾਇਰਸ ਦੇ ਕਹਿਰ ਕਾਰਨ ਉਪਜੇ ਹਲਾਤਾਂ ਦੇ ਮੱਦੇਨਜਰ ਜ਼ਿਲਾ ਮੈਜਿਸਟੇ੍ਰਟ ਸ੍ਰੀ ਬੀ ਸ੍ਰੀਨਿਵਾਸਨ ਨੇ ਧਾਰਾ 144 ਤਹਿਤ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲੇ ਦੀ ਹਦੂਦ ਅੰਦਰ ਅਗਲੇ ਹੁਕਮਾਂ ਤੱਕ ਕਰਫਿਊ ਲਗਾ ਦਿੱਤਾ ਹੈ। ਕਰਫਿਊ ਲੱਗਦਿਆਂ ਹੀ ਪੁਲਿਸ ਦੀ ਵੱਡੀ ਨਫਰੀ ਸੜਕਾਂ ਤੇ ਉੱਤਰੀ ਅਤੇ ਚਾਰੇ ਪਾਸੇ ਨਾਕਾਬੰਦੀ ਕਰ ਦਿੱਤੀ। ਪੁਲਿਸ ਪ੍ਰਸ਼ਾਸ਼ਨ ਦਾ ਕਹਿਣਾ ਹੈ ਕਿ ਕਰਫਿਊ ਦੌਰਾਨ ਕਿਸੇ ਨੂੰ ਵੀ ਬਿਨਾਂ ਆਗਿਆ ਤੋਂ ਘਰ ਤੋਂ ਬਾਹਰ ਆਉਣ ਦੀ ਆਗਿਆ ਨਹੀਂ ਹੋਵੇਗੀ। ਇਸ ਦੌਰਾਨ ਜ਼ਿਲਾ ਪੁਲਿਸ ਨੇ ਅੱਜ ਸ਼ਹਿਰ ਵਿਚ ਫਲੈਗ ਮਾਰਚ ਦੌਰਾਨ ਲੋਕਾਂ ਨੂੰ ਤਾਕੀਦ ਕੀਤੀ ਕਿ ਉਹ ਘਰਾਂ ਵਿਚ ਹੀ ਰਹਿਣ। ਡਿਪਟੀ ਕਮਿਸ਼ਨਰ ਸ੍ਰੀ ਬੀ ਸ੍ਰੀਨਿਵਾਸਨ ਅਤੇ ਐਸਐਸਪੀ ਡਾ: ਨਾਨਕ ਸਿੰਘ ਨੇ ਸਮੂਹ ਜ਼ਿਲਾ ਵਾਸੀਆਂ ਨੂੰ ਕਰਫਿਉ ਦੀ ਸਖ਼ਤੀ ਨਾਲ ਪਾਲਣਾ ਕਰਨ ਲਈ ਕਿਹਾ ਹੈ। ਉਨਾਂ ਨੇ ਕਿਹਾ ਕਿ ਇਹ ਮਨੁੱਖਤਾ ਦੀ ਰਾਖੀ ਲਈ ਬਹੁਤ ਜਰੂਰੀ ਹੈ। ਉਨਾਂ ਨੇ ਕਿਹਾ ਕਿ ਕਰੋਨਾ ਵਾਇਰਸ ਮਨੁੱਖਤਾ ਲਈ ਵੱਡਾ ਖਤਰਾ ਹੈ ਅਤੇ ਸਮੂਹਿਕ ਯਤਨਾ ਨਾਲ ਹੀ ਅਸੀਂ ਇਸ ਵਾਇਰਸ ਨੂੰ ਫੈਲਣ ਤੋਂ ਰੋਕ ਸਕਦੇ ਹਾਂ। ਉਨਾਂ ਨੇ ਕਿਹਾ ਕਿ ਇਸ ਸਮੇਂ ਦੌਰਾਨ ਅਸੀਂ ਸਾਰਿਆਂ ਨੇ ਆਪਣੇ ਘਰਾਂ ਵਿਚ ਹੀ ਰਹਿਣਾ ਹੈ ਅਤੇ ਆਪਸ ਵਿਚ ਸੰਪਰਕ ਘੱਟ ਤੋਂ ਘੱਟ ਰੱਖਣਾ ਹੈ। ਉਨਾਂ ਨੇ ਕਿਹਾ ਕਿ ਸਮਾਜ ਦੇ ਹਰ ਵਿਅਕਤੀ ਨੂੰ ਇਸ ਮੁਹਿੰਮ ਵਿਚ ਸਾਥ ਦੇਣਾ ਚਾਹੀਦਾ ਹੈ।
ਸਮਾਜ ਸੇਵੀ ਸੰਸਥਾਵਾਂ ਦੀ ਪਹਿਲਕਦਮੀ
ਬਠਿੰਡਾ ਦੀ ਸਮਾਜਸੇਵੀ ਸੰਸਥਾ ਨੌਜਵਾਨ ਵੈਲਫੇਅਰ ਸੁਸਾਇਟੀ ਨੇ ਕਰਫਿਊ ਦੌਰਾਨ ਵਿਸ਼ੇਸ਼ ਪਹਿਲਕਦਮੀ ਕਰਦਿਆਂ ਕਰਫਿਊ ਦੌਰਾਨ ਖਾਣਾ ਮੁਹੱਈਆ ਕਰਵਾਉਣ ਦਾ ਐਲਾਨ ਕੀਤਾ ਹੈ। ਸੰਸਥਾ ਦੇ ਪ੍ਰਧਾਨ ਸੋਨੂੰ ਮਹੇਸ਼ਵਰੀ ਦਾ ਕਹਿਣਾ ਸੀ ਕਿ ਉਹ ਬਾਹਰੀ ਭੋਜਨ ਤੇ ਨਿਰਭਰ ਪ੍ਰੀਵਾਰਾਂ ਜਾਂ ਬਜ਼ੁਰਗਾਂ ਦੇ ਵੇਰਵੇ ਇਕੱਠੇ ਕਰ ਰਹੇ ਹਨ। ਇਸੇ ਤਰਾਂ ਹੀ ਮਜਦੂਰ,ਬੇਸਹਾਰਾ,ਰਿਕਸ਼ੇ ਵਾਲੇ ,ਗੁਬਾਰੇ ਵਾਲੇ ਜਾਂ ਰੋਜਾਨਾਂ ਕਮਾ ਕੇ ਘਰ ਚਲਾਉਣ ਵਾਲਿਆਂ ਨੂੰ ਵੀ ਭੋਜਨ ਮੁਹੱਈਆ ਰਵਾਉਣ ਦੀ ਕੋਸ਼ਿਸ ਕਰਨਗੇ। ਉਨਾਂ ਵਿਦੇਸ਼ੋਂ ਆਏ ਵਿਅਕਤੀ ਬਾਰੇ ਵੀ ਸੰਸਥਾ ਨੂੰ ਸੂਚਨਾ ਦੇਣ ਦੀ ਅਪੀਲ ਕੀਤੀ। ਉਨਾਂ ਕਿਹਾ ਕਿ ਜਾਣਕਾਰੀ ਦੇਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਏਗਾ। ਉਨਾਂ ਕਿਸੇ ਹੰਗਾਮੀ ਹਾਲਤ ’ਚ ਮੈਡੀਕਲ ਜਾਂ ਐਂਬੂਲੈਂਸ ਸੇਵਾਵਾਂ ਲਈ ਵੀ ਨੌਜਵਾਨ ਵੈਲਫੇਅਰ ਸੁਸਾਇਟੀ ਨਾਲ ਸੰਪਰ ਕਰਨ ਲਈ ਕਿਹਾ।