ਮੁੱਖ ਮੰਤਰੀ ਰਾਹਤ ਫੰਡ ਵਿਚ ਆਪਣੀ ਇੱਕ ਮਹੀਨੇ ਦੀ ਤਨਖਾਹ ਦੇਣ ਦਾ ਕੀਤਾ ਐਲਾਨ
ਕੌਵਿਡ-19 ਨੂੰ ਠੱਲ੍ਹ ਪਾਉਣ ਲਈ ਸਮਾਜਕ ਦੂਰੀ ਬਣਾਈ ਰੱਖੋ ਪਰ ਇੱਕ ਦੂਜੇ ਨਾਲੋਂ ਨਾ ਟੁੱਟੋ
ਚੰਡੀਗੜ੍ਹ, 23 ਮਾਰਚ 2020: ਸੂਬੇ ਦਾ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਕੌਵਿਡ-19 ਦੇ ਵਿਸ਼ਾਣੂਆਂ ਦੀ ਸੰਚਾਰ ਦੀ ਕੜੀ ਤੋੜਨ ਲਈ ਪੰਬਾਂ ਭਾਰ ਹੋ ਗਿਆ ਹੈ। ਇਸ ਭਿਆਨਕ ਵਾਇਰਸ ਨੂੰ ਹੋਰ ਅੱਗੇ ਫੈਲਣ ਤੋਂ ਰੋਕਣ ਲਈ ਵਿਭਾਗ ਵਲੋਂ ਵੱਖ ਵੱਖ ਰੋਕਥਾਮ ਉਪਾਵਾਂ ਦੀ ਲੜੀ ਸ਼ੁਰੂ ਕੀਤੀ ਜਾ ਚੁੱਕੀ ਹੈ। ਮੋਹਰਲੀ ਕਤਾਰ ਵਿਚ ਡੱਟੇ ਸਿਹਤ ਵਿਭਾਗ ਦੇ ਜਾਂਬਾਜ਼ਾਂ ਵਲੋਂ ਵਿਦੇਸ਼ ਤੋਂ ਪਰਤਣ ਵਾਲਿਆਂ ਦੀ ਸਕ੍ਰੀਨਿੰਗ ਕੀਤੀ ਜਾ ਰਹੀ ਹੈ ਅਤੇ ਇਸ ਮੁਹਿੰਮ ਵਿਚ ਸੂਬੇ ਦੀ ਪੁਲਿਸ ਅਤੇ ਹੋਰ ਵਿਭਾਗ ਵੀ ਮੋਢੇ ਨਾਲ ਮੋਢਾ ਜੋੜਕੇ ਯੋਗਦਾਨ ਦੇ ਰਹੇ ਹਨ।
ਮੁੱਖ ਮੰਤਰੀ ਰਾਹਤ ਫੰਡ ਲਈ ਆਪਣੀ ਇਕ ਮਹੀਨੇ ਦੀ ਤਨਖਾਹ ਦੇਣ ਦੀ ਘੋਸ਼ਣਾ ਕਰਦਿਆਂ ਸ. ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਸਿਹਤ ਵਿਭਾਗ ਵਿਦੇਸ਼ ਤੋਂ ਆਏ ਹਰ ਯਾਤਰੀ ਦੀ ਸਕ੍ਰੀਨਿੰਗ ਕਰਨ ਲਈ ਜੰਗੀ ਪੱਧਰ 'ਤੇ ਕੰਮ ਕਰ ਰਿਹਾ ਹੈ ਕਿਉਂਕਿ ਸਕ੍ਰੀਨਿੰਗ ਹੀ ਸਾਡੇ ਲੋਕਾਂ ਨੂੰ ਇਸ ਵਾਇਰਸ ਕੋਵਿਡ -19 ਤੋਂ ਬਚਾਉਣ ਵਾਲੇ ਤਰੀਕਿਆਂ ਵਿਚੋਂ ਇਕ ਤਰੀਕਾ ਹੈ। ਉਨ੍ਹਾਂ ਕਿਹਾ ਕਿ ਜਿਵੇਂ ਭਾਰਤ ਦੂਸਰੇ ਪੜਾਅ 'ਤੇ ਪਹੁੰਚ ਗਿਆ ਹੈ, ਭਾਰਤ ਸਰਕਾਰ ਵੱਲੋਂ ਸਖਤ ਹਦਾਇਤਾਂ ਦੀ ਪਾਲਣਾ ਕਰਦਿਆਂ ਸਾਰੇ ਵਿਦੇਸ਼ੀ ਯਾਤਰੀਆਂ ਨੂੰ ਅਲਹਿਦਗੀ ਵਿਚ ਰੱਖਣ ਦੀ ਲੋੜ ਹੈ। ਅਜਿਹੀਆਂ ਪਹਿਲਕਦਮੀਆਂ ਤੋਂ ਇਲਾਵਾ, ਸਿਹਤ ਵਿਭਾਗ ਵੱਲੋਂ ਵੱਖ-ਵੱਖ ਵਿਅਕਤੀਆਂ ਦੇ ਮਕਾਨਾਂ ਦੀ ਨਿਸ਼ਾਨਦੇਹੀ ਅਤੇ ਵਿਅਕਤੀਆਂ ਦੀ ਹੱਥਾਂ 'ਤੇ ਮੋਹਰਾਂ ਵੀ ਲਗਾਏ ਜਾ ਰਹੇ ਹਨ ਤਾਂ ਜੋ ਉਨ੍ਹਾਂ ਵਲੋਂ ਹਦਾਇਤਾਂ ਦੀ ਉਲੰਘਣਾ ਕਰਨ ਤੇ ਅਸਾਨੀ ਨਾਲ ਪਛਾਣ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਸਾਡਾ ਸਾਰਿਆਂ ਦਾ ਇਖ਼ਲਾਕੀ ਫਰਜ਼ ਬਣਦਾ ਹੈ ਕਿ ਅਸੀਂ ਮਾਨਵਤਾ ਦੀ ਸੁਰੱਖਿਆ ਲਈ ਸਰਕਾਰ ਦੀਆਂ ਹਦਾਇਤਾਂ ਦੀ ਸੱਤ ਪ੍ਰਤੀਸ਼ਤ ਪਾਲਣਾ ਨੂੰ ਯਕੀਨੀ ਬਣਾਈਏ।
ਸਿਹਤ ਮੰਤਰੀ ਨੇ ਕਿਹਾ ਕਿ ਮੌਜੂਦਾ ਹਾਲਾਤਾਂ ਵਿੱਚ ਕਿਸੇ ਵੀ ਦੇਸ਼ ਤੋਂ ਆਉਣ ਵਾਲੇ ਵਿਅਕਤੀ ਨੂੰ 14 ਦਿਨਾਂ ਲਈ ਲਾਜ਼ਮੀ ਇਕਾਂਤਵਾਸ(ਆਈਸੋਲੇਸ਼ਨ) ਵਿਚ ਰਹਿਣਾ ਪਏਗਾ, ਜੇਕਰ ਲੱਛਣ ਦਿਖਾਈ ਦਿੰਦੇ ਹਨ ਤਾਂ ਕੋਵਿਡ -19 ਦੀ ਲਾਗ ਤੋਂ ਬਚਣ ਲਈ ਪੁਸ਼ਟੀਕਰਣ ਟੈਸਟ ਮੁਫਤ ਕੀਤੇ ਜਾ ਰਹੇ ਹਨ। ਸਿਹਤ ਵਿਭਾਗ ਵਲੋਂ ਵਿਆਪਕ ਸੂਚਨਾ ਸਿੱਖਿਆ ਅਤੇ ਸੰਚਾਰ (ਆਈ. ਈ. ਸੀ) ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਦੇ ਹਿੱਸੇ ਵਜੋਂ ਲੋਕਾਂ ਨੂੰ ਇਸ ਬਿਮਾਰੀ ਦੇ ਫੈਲਣ ਦੇ ਕਾਰਨ ਅਤੇ ਲੱਛਣਾਂ ਪ੍ਰਤੀ ਜਾਗਰੂਕ ਕਰਨ ਲਈ ਪ੍ਰਿੰਟ, ਸੋਸ਼ਲ ਅਤੇ ਇਲੈਕਟ੍ਰਾਨਿਕ ਮੀਡੀਆ ਰਾਹੀਂ ਮੁਹਿੰਮ ਚਲਾਈ ਜਾ ਰਹੀ ਹੈ।
ਸ. ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਲੋਕਾਂ ਨੂੰ ਕੋਰੋਨਾਵਾਇਰਸ ਦੇ ਫੈਲਣ ਦੇ ਕਾਰਨਾਂ ਪ੍ਰਤੀ ਜਾਗਰੂਕ ਕਰਨ ਲਈ ਸਾਰੇ ਸ਼ਹਿਰਾਂ ਅਤੇ ਪਿੰਡਾਂ ਵਿੱਚ ਰੋਕਥਾਮ ਦੇ ਉਪਾਅ ਪ੍ਰਦਰਸ਼ਤ ਕੀਤੇ ਜਾ ਰਹੇ ਹਨ। ਕੰਟਰੋਲ ਰੂਮ ਦੇ ਨੰਬਰ ਵੀ ਇਸ਼ਤਿਹਾਰਾਂ ਵਿੱਚ ਦਿੱਤੇ ਜਾ ਰਹੇ ਹਨ। ਹੱਥ ਧੋਣ ਦਾ ਸਹੀ ਤਰੀਕਾ ਅਤੇ ਕੀ ਕਰਨਾ ਹੈ ਤੇ ਕੀ ਨਹੀਂ ਕਰਨਾ ਹੈ ਸਬੰਧੀ ਹਦਾਇਤਾਂ ਨੂੰ ਇਸ ਮੁਹਿੰਮ ਰਾਹੀ ਪ੍ਰਚਾਰਿਆ ਜਾ ਰਿਹਾ ਹੈ ਤਾਂ ਜੋ ਇਸ ਵਾਇਰਸ ਨੂੰ ਹੋਰ ਅੱਗੇ ਫੈਲਣ ਤੋਂ ਰੋਕਿਆ ਜਾ ਸਕੇ।
ਇਸੇ ਤਰ੍ਹਾਂ ਲੋਕਾਂ ਦੀ ਜਾਗਰੂਕਤਾ ਲਈ ਰੇਡੀਓ ਅਤੇ ਟੀ.ਵੀ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ। ਵੱਖ-ਵੱਖ ਵਿਭਾਗਾਂ ਨੂੰ ਕੋਵਿਡ -19 ਸਬੰਧੀ ਅਡਵਾਈਜ਼ਰੀ ਜਾਰੀ ਕੀਤੀ ਗਈ ਹੈ ਜਿਸ ਵਿਚ ਸਬੰਧਤ ਵਿਭਾਗ ਨੂੰ ਬਣਦੀ ਕਾਰਵਾਈ ਕਰਨ ਸਬੰਧੀ ਹਦਾਇਤਾਂ ਹੋਣਗੀਆਂ ।
ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸਥਿਤੀ ਦਾ ਜਾਇਜ਼ਾ ਲੈ ਰਹੀ ਹੈ ਅਤੇ ਦਿਨੋ ਦਿਨ ਇਸ ਦੀ ਸਮੀਖਿਆ ਕਰ ਰਹੀ ਹੈ ਅਤੇ ਇਸ ਅਨੁਸਾਰ ਬਿਮਾਰੀ ਨੂੰ ਰੋਕਣ ਲਈ ਸਮੇਂ ਸਿਰ ਲੋੜੀਂਦੇ ਕਦਮ ਚੁੱਕੇ ਜਾ ਰਹੇ ਹਨ। ਹਾਲ ਹੀ ਵਿੱਚ ਕੀਤੇ ਕੁਝ ਉਪਾਵਾਂ ਵਿੱਚ 31 ਮਾਰਚ ਤੱਕ ਮੁਕੰਮਲ ਕਰਫਿਊ ਲਗਾਉਣਾ ਸ਼ਾਮਲ ਹੈ।