ਦਿੱਲੀ ਲਾਕ ਡਾਊਨ : ਸ਼ਾਹੀਨਬਾਗ ਕਰਵਾਇਆ ਖਾਲੀ, ਪੁਲਿਸ ਨੇ ਕੀਤੀ ਕਾਰਵਾਈ
ਨਵੀਂ ਦਿੱਲੀ, 24 ਮਾਰਚ, 2020 : ਦਿੱਲੀ ਪੁਲਿਸ ਨੇ ਅੱਜ ਸਵੇਰੇ ਪਿਛਲੇ 101 ਦਿਨਾਂ ਤੋਂ ਨਾਗਰਿਕਤਾ ਸੋਧ ਬਿੱਲ ਯਾਨੀ ਸੀ ਏ ਏ ਨੂੰ ਲੈ ਕੇ ਸ਼ਾਹੀਨਬਾਗ ਵਿਖੇ ਰੋਸ ਵਿਖਾਵਾ ਕਰ ਰਹੇ ਵਿਖਾਵਾਕਾਰੀਆਂ ਨੂੰ ਚੁੱਕ ਲਿਆ ਤੇ ਸ਼ਾਹੀਨਬਾਗ ਖਾਲੀ ਕਰਵਾ ਦਿੱਤਾ। ਪੁਲਿਸ ਸਵੇਰੇ 7.00 ਵਜੇ ਮੌਕੇ 'ਤੇ ਪਹੁੰਚੀ ਤੇ ਉਹਨਾਂ ਨੂੰ ਥਾਂ ਖਾਲੀ ਕਰਨ ਵਾਸਤੇ ਆਖਿਆ ਪਰ ਜਦੋਂ ਵਿਖਾਵਾਕਾਰੀਆਂ ਨੇ ਉਠਣ ਤੋਂ ਇਨਕਾਰ ਕੀਤਾ ਤਾਂ ਫਿਰ 7.30 ਵਜੇ ਪੁਲਿਸ ਨੇ ਉਹਨਾਂ ਨੂੰ ਜ਼ਬਰੀ ਚੁੱਕ ਲਿਆ। ਪੁਲਿਸ ਨੇ ਦੱਸਿਆ ਕਿ ਦਿੱਲੀ ਵਿਚ ਧਾਰਾ 144 ਲਾਗੂ ਹੈ ਤੇ ਵੱਡੇ ਇਕੱਠਾਂ ਦੀ ਸਖ਼ਤ ਮਨਾਹੀ ਹੈ। ਵਿਖਾਵਾਕਾਰੀਆਂ ਵਿਚੋਂ ਛੇ ਮਹਿਲਾਵਾਂ ਤੇ ਤਿੰਨ ਪੁਰਸ਼ ਹਿਰਾਸਤ ਵਿਚ ਲਏ ਗਏ ਹਨ। ਅੱਜ ਸਵੇਰੇ ਦਿੱਲੀ ਵਿਚ ਦੋ ਹੋਰ ਥਾਵਾਂ ਜਫਰਾਬਾਦ ਅਤੇ ਤੁਰਕਮਾਨ ਗੇਟ ਤੋਂ ਵੀ ਵਿਖਾਵਾਕਾਰੀਆਂ ਨੂੰ ਚੁੱਕ ਲਿਆ ਗਿਆ।
ਯਾਦ ਰਹੇ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦੋ ਦਿਨ ਪਹਿਲਾਂ ਦਿੱਲੀ ਲਾਕ ਡਾਊਨ ਦਾ ਐਲਾਨ ਕੀਤਾ ਸੀ। ਉਹਨਾਂ ਇਕ ਟਵੀਟ ਵਿਚ ਕਿਹਾ ਗਿਆ ਸੀ ਕਿ ਗੈਰ ਸਾਧਾਰਣ ਹਾਲਾਤ, ਗੈਰ ਸਾਧਾਰਨ ਕਾਰਵਾਈਆਂ ਦੀ ਮੰਗ ਕਰਦੇ ਹਨ।