ਹੁਸ਼ਿਆਰਪੁਰ, 24 ਮਾਰਚ 2020 - ਸਿਵਲ ਸਰਜਨ ਡਾ. ਜਸਵੀਰ ਸਿੰਘ ਨੇ ਦੱਸਿਆ ਕਿ ਕੋਵਿਡ-19 (ਕੋਰੋਨਾ ਵਾਇਰਸ) ਨਾਲ ਸਬੰਧਤ ਇਕਾਂਤਵਾਸ ਵਿੱਚ 1335 ਘਰਾਂ 'ਤੇ ਸਟਿੱਕਰ ਲਗਾਏ ਜਾ ਚੁੱਕੇ ਹਨ ਅਤੇ ਅਜਿਹੇ ਘਰਾਂ ਨੂੰ ਡਾਕਟਰਾਂ ਦੀ ਨਿਗਰਾਨੀ ਹੇਠ ਰੱਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਸਿਵਲ ਹਸਪਤਾਲ ਹੁਸ਼ਿਆਰਪੁਰ ਵਿੱਚ ਜ਼ੇਰੇ ਇਲਾਜ ਵਿਦੇਸ਼ਾਂ ਤੋਂ ਪਰਤੇ 2 ਸ਼ੱਕੀ ਮਰੀਜ਼ਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਲਏ ਗਏ ਸੈਂਪਲਾਂ ਵਿੱਚੋਂ ਕੇਵਲ ਇਕ ਪੋਜ਼ੀਟਿਵ ਕੇਸ ਸਾਹਮਣੇ ਆਇਆ ਹੈ, ਜਿਸ ਨੂੰ ਪਿਛਲੇ ਦਿਨੀਂ ਮੈਡੀਕਲ ਕਾਲਜ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਹੁਣ ਮੌਜੂਦਾ ਤੌਰ 'ਤੇ ਆਈਸੋਲੇਸ਼ਨ ਵਾਰਡ ਵਿੱਚ 2 ਵਿਅਕਤੀ ਹਨ, ਜਿਨ੍ਹਾਂ ਦੇ ਸੈਂਪਲ ਲਏ ਗਏ ਹਨ, ਪਰ ਰਿਪੋਰਟ ਆਉਣੀ ਅਜੇ ਬਾਕੀ ਹੈ।
ਸਿਵਲ ਸਰਜਨ ਨੇ ਦੱਸਿਆ ਕਿ ਕੋਰੋਨਾ ਵਾਇਰਸ ਸਬੰਧੀ ਅੱਜ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਮੈਂਬਰਾਂ ਵਲੋਂ ਭਰੋਸਾ ਦੁਆਇਆ ਗਿਆ ਹੈ ਕਿ ਆਈ.ਐਮ.ਏ. ਸਿਹਤ ਵਿਭਾਗ ਨੂੰ ਪੂਰਾ ਸਹਿਯੋਗ ਕਰੇਗੀ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ 80 ਪ੍ਰਤੀਸ਼ਤ ਬੀਮਾਰੀ ਘਰ ਵਿੱਚ ਹੀ ਇਕਾਂਤਵਾਸ ਵਿੱਚ ਰਹਿਣ ਅਤੇ ਦਵਾਈਆਂ ਦਾ ਪ੍ਰਯੋਗ ਕਰਕੇ ਠੀਕ ਹੋ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਹੋਮ ਕੁਆਰਨਟਾਈਨ ਵਿੱਚ ਰੱਖੇ ਵਿਅਕਤੀ ਸਿਹਤ ਵਿਭਾਗ ਦੀ ਨਿਗਰਾਨੀ ਵਿੱਚ ਹਨ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਹੋਮ ਕੁਆਰਨਟਾਈਨ ਕੀਤੇ ਵਿਅਕਤੀ ਪੋਜੀਟਿਵ ਕੇਸਾਂ ਵਿੱਚ ਨਹੀਂ ਆਉਂਦੇ, ਬਲਕਿ ਸਿਹਤ ਵਿਭਾਗ ਦੀ ਨਿਗਰਾਨੀ ਹੇਠ ਹੀ ਹੁੰਦੇ ਹਨ।