ਅਸ਼ੋਕ ਵਰਮਾ
ਬਠਿੰਡਾ, 24 ਮਾਰਚ 2020 - ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰੀ ਬੀ. ਸ੍ਰੀਨਿਵਾਸਨ ਨੇ ਅੱਜ ਇੱਥੇ ਜ਼ਿਲੇ ਦੇ ਸੀਨਿਅਰ ਅਧਿਕਾਰੀਆਂ ਨਾਲ ਬੈਠਕ ਕਰਕੇ ਜ਼ਿਲ੍ਹੇ ਵਿਚ ਕਰਫ਼ਿਊ ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਕਿਹਾ। ਨਾਲ ਹੀ ਉਨ੍ਹਾਂ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਮਾਨਵਤਾ ਲਈ ਪੈਦਾ ਹੋਏ ਕੋਰੋਨਾ ਵਾਇਰਸ ਦੇ ਖ਼ਤਰੇ ਨੂੰ ਰੋਕਣ ਲਈ ਹਰੇਕ ਨਾਗਰਿਕ ਕਰਫ਼ਿਊ ਦਾ ਸਵੈ ਜਾਬਤੇ ਨਾਲ ਪਾਲਣਾ ਕਰੇ ਅਤੇ ਕੋਈ ਵੀ ਘਰ ਤੋਂ ਬਾਹਰ ਨਾ ਆਵੇ। ਉਨ੍ਹਾਂ ਨੇ ਕਿਹਾ ਕਿ ਜੇਕਰ ਕਿਸੇ ਨੇ ਕਰਫਿਊ ਦਾ ਉਲੰਘਣ ਕੀਤਾ ਤਾਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਐਮਰਜੈਂਸੀ ਸੇਵਾਵਾਂ ਦੀਆਂ ਜ਼ਰੂਰਤਾਂ ਲਈ ਦੋ ਪੈਟਰੋਲ ਪੰਪ ਸ਼ਹਿਰ ਵਿਚ ਖੁੱਲ੍ਹੇ ਰਹਿਣਗੇ। ਇਹ ਪੰਪ ਹਨ ਦੂਜਾ ਫੇਜ਼, ਮਾਡਲ ਟਾਉਨ ਅਤੇ ਜੱਸੀ ਪਓ ਵਾਲੀ ਚੌਕ। ਇਸ ਤੋਂ ਬਿਨਾਂ ਉਨਾਂ ਨੇ ਉਪ ਮੰਡਲ ਮੈਜਿਸਟ੍ਰੇਟਾਂ ਨੂੰ ਕਿਹਾ ਕਿ ਉਹ ਵੀ ਸਰਕਾਰੀ ਜ਼ਰੂਰਤਾਂ ਲਈ ਇਕ ਇਕ ਪੰਪ ਆਪਣੀ ਸਬ-ਡਵੀਜਨ ਵਿਚ ਖੁਲ੍ਹਵਾ ਸਕਦੇ ਹਨ।
ਡਿਪਟੀ ਕਮਿਸ਼ਨਰ ਨੇ ਇਸ ਮੌਕੇ ਕਿਹਾ ਕਿ ਜ਼ਿਲ੍ਹੇ ਵਿਚ ਜਨ ਸਹੂਲਤਾਂ ਯਕੀਨੀ ਬਣਾਉਣ ਲਈ 47 ਕਾਰਜਕਾਰੀ ਮੈਜਿਸਟ੍ਰੇਟ ਨਾਮਜ਼ਦ ਕੀਤੇ ਗਏ ਹਨ। ਉਹ ਆਪਣੇ-ਆਪਣੇ ਖੇਤਰ ਵਿਚ ਯਕੀਨੀ ਬਣਾਉਣ ਕਿ ਉਨਾਂ ਦੇ ਇਲਾਕੇ ਵਿਚ ਕਰਫਿਊ ਦੀ ਸਖ਼ਤੀ ਨਾਲ ਪਾਲਣਾ ਹੋਵੇ ਅਤੇ ਲੋਕਾਂ ਨੂੰ ਕੋਈ ਦਿੱਕਤ ਵੀ ਨਾ ਆਵੇ। ਉਨ੍ਹਾਂ ਨੇ ਕਿਹਾ ਕਿ ਜੇਕਰ ਕਿਸੇ ਅਧਿਕਾਰੀ ਕਰਮਚਾਰੀ ਨੇ ਇਸ ਸਬੰਧੀ ਕੋਈ ਢਿੱਲ ਵਰਤੀ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਇਹ ਅਮਨ ਕਾਨੂੰਨ ਦੀ ਸਥਿਤੀ ਕਾਰਨ ਨਹੀਂ ਸਗੋਂ ਮਨੁੱਖਾਂ ਨੂੰ ਬਿਮਾਰੀ ਤੋਂ ਬਚਾਉਣ ਲਈ ਲੋਕਾਂ ਦਾ ਆਪਸੀ ਸੰਪਰਕ ਘੱਟ ਕਰਨ ਲਈ ਇਹ ਕਰਫ਼ਿਊ ਲਗਾਇਆ ਗਿਆ ਹੈ। ਇਸ ਲਈ ਹਰੇਕ ਨਾਗਰਿਕ ਸਹਿਯੋਗ ਕਰੇ ਅਤੇ ਆਪਣੇ ਘਰ ਤੋਂ ਨਿਕਲ ਕੇ ਆਪਣੇ ਆਂਢੀ-ਗੁਆਂਢੀ ਨਾਲ ਮਿਲਣ ਤੋਂ ਵੀ ਪ੍ਰਹੇਜ਼ ਕਰਨ ਦੀ ਜ਼ਰੂਰਤ ਹੈ ਕਿਉਂਕਿ ਇਹ ਬਿਮਾਰੀ ਆਪਸੀ ਸੰਪਰਕ ਨਾਲ ਫੈਲਦੀ ਹੈ ਅਤੇ ਇਕ ਵਾਰ ਇਸ ਦਾ ਸਮਾਜਿਕ ਪੱਧਰ ’ਤੇ ਪਸਾਰ ਹੋ ਗਿਆ ਤਾਂ ਇਸ ਨੂੰ ਨਿਯੰਤਰਣ ਕਰਨਾ ਮੁਸਕਿਲ ਹੋ ਜਾਵੇਗਾ।
ਇਸ ਮੌਕੇ ਏ.ਡੀ.ਸੀ. ਜਨਰਲ ਰਾਜਦੀਪ ਸਿੰਘ ਬਰਾੜ, ਏ.ਡੀ.ਸੀ. ਵਿਕਾਸ ਪਰਮਵੀਰ ਸਿੰਘ, ਕਮਿਸ਼ਨਰ ਨਗਰ ਨਿਗਮ ਬਿਕਰਮਜੀਤ ਸ਼ੇਰਗਿੱਲ, ਐਸ.ਡੀ.ਐਮ. ਖੁਸ਼ਦਿਲ ਸਿੰਘ, ਵਰਿੰਦਰ ਸਿੰਘ ਅਤੇ ਸਿਵਲ ਸਰਜਨ ਅਮਰੀਕ ਸਿੰਘ ਆਦਿ ਵੀ ਹਾਜਰ ਸਨ।