ਫਤਿਹਗੜ੍ਹ ਸਾਹਿਬ, 24 ਮਾਰਚ 2020 - ਫਤਹਿਗੜ੍ਹ ਸਾਹਿਬ ਦੇ ਨੇੜਲੇ ਪਿੰਡ ਅਜਨਾਲੀ ਦਾ ਵਸਨੀਕ, ਜੋ ਕੁੱਝ ਦਿਨ ਪਹਿਲਾਂ ਦੁਬਈ ਤੋਂ ਵਾਪਸ ਆਇਆ ਸੀ ਦੀ ਤੇਜ਼ ਬੁਖਾਰ ਕਾਰਨ ਅੱਜ ਮੰਗਲਵਾਰ ਨੂੰ ਪੀਜੀਆਈ ਵਿੱਚ ਮੌਤ ਹੋ ਗਈ। ਉਸ ਦੀ ਮ੍ਰਿਤਕ ਦੇਹ ਨੂੰ ਪੋਸਟ ਮਾਰਟਮ ਤੋਂ ਬਾਅਦ ਪਿੰਡ ਭੇਜ ਦਿੱਤਾ ਗਿਆ ਹੈ। ਪਿੰਡ ਵਾਲਿਆਂ ਨੂੰ ਸ਼ੱਕ ਹੈ ਕਿ ਉਸ ਦੀ ਮੌਤ ਕੋਰੋਨਾ ਵਾਇਰਸ ਕਾਰਨ ਹੋਈ ਹੈ ਪਰ ਡਾ. ਐੱਨ.ਕੇ. ਅਗਰਵਾਲ ਸਿਵਲ ਸਰਜਨ ਵੱਲੋਂ ਇਸ ਗੱਲ ਤੋਂ ਇਨਕਾਰ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮ੍ਰਿਤਕ ਕਾਫੀ ਸਮਾਂ ਪਹਿਲਾਂ ਦੁਬਈ ਗਿਆ ਸੀ ਜਦੋਂ ਕਿ ਸਿਵਿਲ ਹਸਪਤਾਲ ਫਤਿਹਗੜ੍ਹ ਸਾਹਿਬ 'ਚ ਵੀ ਉਹ ਆਪਣੇ ਆਪ ਆਪਣੇ ਚੈੱਕਅੱਪ ਲਈ ਗਿਆ ਸੀ।
ਉਸ ਨੂੰ ਡਾਕਟਰਾਂ ਦੁਆਰਾ ਚੈੱਕ ਕੀਤਾ ਗਿਆ ਅਤੇ ਪਾਇਆ ਗਿਆ ਕਿ ਉਸ ਨੂੰ ਕੁੱਝ ਦਿਲ ਦੀ ਸਮੱਸਿਆ ਸੀ ਜਿਸ ਕਰਕੇ ਉਸ ਨੂੰ ਸਾਹ ਲੈਣ ਵਿੱਚ ਮੁਸ਼ਕਿਲ ਆ ਰਹੀ ਸੀ ਜਿਸ ਤੋਂ ਬਾਅਦ ਉਸ ਨੂੰ ਪੀਜੀਆਈ ਚੰਡੀਗੜ੍ਹ ਰੈਫ਼ਰ ਕਰ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਪੀਜੀਆਈ 'ਚ ਵੀ ਉਸ ਦੇ ਕੋਰੋਨਾ ਦੇ ਸੈਂਪਲ ਲਏ ਗਏ ਸਨ ਜੋ ਕਿ ਕੋਰੋਨਾ ਨੈਗੇਟਿਵ ਆਏ ਸਨ। ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੈਡੀਕਲ ਮਾਹਿਰਾਂ ਅਨੁਸਾਰ ਮ੍ਰਿਤਕ ਨੂੰ ਕੋਈ ਬੁਖਾਰ, ਖੰਘ ਅਤੇ ਜ਼ੁਕਾਮ ਨਹੀਂ ਸੀ। ਪਰ ਮ੍ਰਿਤਕ ਨੂੰ ਸਾਹ ਲੈਣ 'ਚ ਮੁਸ਼ਕਿਲ ਆ ਰਹੀ ਸੀ ਕਿਉਂਕਿ ਉਸਨੂੰ ਪਹਿਲਾਂ ਹੀ ਬਲੱਡ ਕਲਾਟਸ ਦੀ ਸਮੱਸਿਆ ਸੀ।
ਇਸੇ ਦੌਰਾਨ ਗੁਰਦੁਆਰਾ ਫਤਹਿਗੜ੍ਹ ਸਾਹਿਬ ਦੇ ਮੈਨੇਜਰ ਨੇ ਦੱਸਿਆ ਕਿ ਜ਼ਿਲ੍ਹਾ ਸਿਹਤ ਅਧਿਕਾਰੀਆਂ ਦੀ ਮਦਦ ਨਾਲ ਗੁਰਦੁਆਰਾ ਸਾਹਿਬ ਦੇ 25 ਸੇਵਾਦਾਰ ਇਕਾਂਤਵਾਸ 'ਚ ਭੇਜੇ ਜਾ ਚੁੱਕੇ ਹਨ, ਜਿਨ੍ਹਾਂ ਨੂੰ ਹੋਲਾ ਮੁਹਲਾ ਅਨੰਦਪੁਰ ਸਾਹਿਬ 'ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਡਿਊਟੀ 'ਤੇ ਲਗਾਇਆ ਗਿਆ ਸੀ। ਹੋਲਾ ਮੁਹਲਾ ਅਨੰਦਪੁਰ ਸਾਹਿਬ 'ਤੇ ਗਏ ਨਵਾਂਸ਼ਹਿਰ ਦੇ ਬਲਦੇਵ ਸਿੰਘ ਦੀ ਕੋਰੋਨਾਵਾਇਰਸ ਕਾਰਨ ਮੌਤ ਹੋ ਗਈ ਸੀ। ਜਿਸ ਤੋਂ ਬਾਅਦ ਹੁਣ ਮੈਨੇਜਰ ਨੇ ਸੰਗਤ ਨੂੰ ਅਪੀਲ ਕੀਤੀ ਹੈ ਕਿ ਉਹ ਗੁਰਦੁਆਰੇ ਅਤੇ ਭੀੜ ਵਿੱਚ ਨਾ ਜਾਣ ਅਤੇ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ।