ਅਸ਼ੋਕ ਵਰਮਾ
ਬਠਿੰਡਾ, 25 ਮਾਰਚ 2020 - ਕੋਰੋਨਾ ਵਰਗੀ ਬਿਪਤਾ ਨਾਲ ਨਜਿੱਠਣ ਲਈ ਸਰਕਾਰ ਆਮ ਲੋਕਾਂ, ਜਨਤਕ ਅਤੇ ਸਮਾਜ ਸੇਵੀ ਸੰਗਠਨਾਂ ਨਾਲ ਤਾਲਮੇਲ ਬਣਾਵੇ, ਲੋਕਾਂ ਨੂੰ ਵਿਸ਼ਵਾਸ ‘ਚ ਲਵੇ ਅਤੇ ਸਰਕਾਰ ਦਾ ਚਿਹਰਾ ਡਾਕਟਰ ਅਤੇ ਸਿਹਤ ਕਾਮੇ ਬਨਣ ਨਾ ਕਿ ਪੁਲਸ ਪ੍ਰਸ਼ਾਸਨ ਦੀ ਸਖਤੀ। ਅੱਜ ਜਾਰੀ ਕੀਤੇ ਇੱਕ ਪ੍ਰੈਸ ਬਿਆਨ ਵਿੱਚ ਜਮਹੂਰੀ ਅਧਿਕਾਰ ਸਭਾ ਜਿਲਾ ਬਠਿੰਡਾ ਦੇ ਪ੍ਰਧਾਨ ਪਿ੍ੰ ਬੱਗਾ ਸਿੰਘ, ਸਕੱਤਰ ਪਿ੍ਰਤਪਾਲ ਸਿੰਘ ਤੇ ਪ੍ਰੈਸ ਸਕੱਤਰ ਡਾ. ਅਜੀਤਪਾਲ ਸਿੰਘ ਨੇ ਕਿਹਾ ਕਿ ਲੋਕਾਂ ਅਤੇ ਪ੍ਰਸ਼ਾਸਨ ਦਰਮਿਆਨ ਤਾਲਮੇਲ ਪੈਦਾ ਕਰਨ ਵਿੱਚ ਸਮਾਜਸੇਵੀ ਤੇ ਜਨਤਕ ਜਥੇਬੰਦੀਆਂ ਦਾ ਅਹਿਮ ਰੋਲ ਬਣਦਾ ਹੈ। ਸਭਾ ਨੇ ਪ੍ਰਸ਼ਾਸਨ ਨੂੰ ਕੁਝ ਸੁਝਾਅ ਦਿੰਦੀਆਂ ਕਿਹਾ ਕਿ ਬਠਿੰਡਾ ਪ੍ਰਸ਼ਾਸਨ ਦਾ ਕੋਰੋਨਾ ਸੰਕਟ ਨੂੰ ਨਜਿਠਣ ਵਾਲਾ ਨੋਡਲ ਸੈਂਟਰ ਲੋਕਾਂ ਦੀਆਂ ਜਰੂਰਤਾਂ ਸਬੰਧੀ ਵੱਖ ਵੱਖ ਸੂਚਨਾਵਾਂ ਜਾਰੀ ਕਰ ਰਿਹਾ ਹੈ।
ਇਹ ਸੂਚਨਾਵਾਂ ਰਾਹੀਂ ਪ੍ਰਸ਼ਾਸਨ ਨੇ ਕਰਿਆਨਾ,ਸਬਜੀ, ਗੈਸ ਸਲੰਡਰ,ਦਵਾਈਆਂ ਤੇ ਹੋਰ ਜਰੂਰੀ ਵਸਤਾਂ ਦੀਆਂ ਦੁਕਾਨਾਂ ਦੇ ਨੰਬਰ ਜਾਰੀ ਕੀਤੇ ਹਨ ਅਤੇ ਪਾਣੀ ਦੀ ਸਪਲਾਈ ਦਾ ਸ਼ੈਡਿਊਲ ਜਾਰੀ ਕੀਤਾ ਹੈ। ਉਨਾਂ ਆਖਿਆ ਕਿ ਹੋਰ ਵਧੀਆ ਹੋਵੇਗਾ ਜੇ ਨੋਡਲ ਸੈਂਟਰ ਵਲੋਂ ਜਾਰੀ ਹਰ ਪੱਤਰ ਬਠਿੰਡਾ ਸਾਇਟ ਤੇ ਪਾਇਆ ਜਾਵੇ ਤਾਂ ਜੋ ਲੋਕਾਂ ਨੂੰ ਸੌਖੇ ਤਰੀਕੇ ਨਾਲ ਜਾਣਕਾਰੀ ਮਿਲ ਸਕੇ। ਉਨਾਂ ਕਿਹਾ ਕਿ ਸ਼ਹਿਰ ਪਿੰਡਾਂ ਤੇ ਕਸਬਿਆਂ ਨੂੰ ਅਲਗ ਅਲਗ ਖੇਤਰਾਂ ‘ਚ ਵੰਡ ਕੇ ਵੱਖ ਵੱਖ ਸਮੇਂ ‘ਤੇ ਕਰਫਿਊ ਅੰਦਰ ਢਿੱਲ ਦਿਤੀ ਜਾਵੇ ਤਾਂ ਜੋ ਇਕਦਮ ਭੀੜ ਤੋਂ ਬਚਾਅ ਰਹੇ। ਸੂਚਨਾ ਅਨੁਸਾਰ ਪ੍ਰਸ਼ਾਸਨ ਨੇ ਰੇੜੀਆਂ ਤੇ ਸਬਜੀ ਵਿਕਰੇਤਾਵਾਂ ਨੂੰ ਪਾਸ ਬਣਾ ਕੇ ਛੋਟ ਦਿਤੀ ਹੈ ਪਰ ਮਾਲੀ ਜਾਂ ਸਬਜੀ ਪੈਦਾ ਕਰਨ ਵਾਲੇ ਲੋਕ ਉਹ ਥੋਕ ਸਬਜੀ ਕਦੋਂ ਮੰਡੀ ਵਿੱਚ ਲੈਕੇ ਆਉਣ ?
ਥੋਕ ਸਬਜੀ ਮੰਡੀ ਬਾਰੇ ਵੀ ਪ੍ਰਸਾਸ਼ਨ ਸਪਸ਼ਟ ਕਰੇ। ਉਨਾਂ ਦੱਸਿਆ ਕਿ ਲਾਈਨੋਂ ਪਾਰ ਵਾਲੇ ਇਲਾਕੇ ਅੰਦਰ ਕੂੜਾ ਚੁੱਕਣ ਵਾਲੀਆਂ ਗੱਡੀਆਂ ਨਹੀਂ ਪਹੁੰਚ ਰਹੀਆਂ ਜਿਸ ਵੱਲ ਧਿਆਨ ਦੇਣ ਦੀ ਜਰੂਰਤ ਹੈ । ਗਰੀਬ ਬਸਤੀਆਂ ਅੰਦਰ ਜਿਹਨਾਂ ਲੋਕਾਂ ਦੀ ਪਹੁੰਚ ਨਹੀਂ ਹੈ ਉਹ ਨਕਦ ਰਾਸ਼ਨ ਖਰੀਦਣ ਤੋਂ ਅਸਮਰਥ ਹਨ, ਇਸ ਲਈ ਐਮਰਜੰਸੀ ਫੰਡ ਜੁਟਾ ਕੇ ਜਨਤਕ ਵੰਡ ਪ੍ਰਣਾਲੀ ਰਾਹੀਂ ਅਜਿਹੇ ਲੋਕਾਂ ਵਾਸਤੇ ਮੁਫਤ ਰਾਸ਼ਨ ਦਾ ਪ੍ਰਬੰਧ ਕੀਤਾ ਜਾਵੇ। ਪ੍ਰਸ਼ਾਸਨ, ਮੁਹੱਲਾ ਕਮੇਟੀਆਂ, ਸਮਾਜ ਸੇਵੀ ਤੇ ਧਾਰਮਕ ਸੰਗਠਨਾਂ ਅਤੇ ਜਨਤਕ ਜਥੇਬੰਦੀਆਂ ਨਾਲ ਤਾਲਮੇਲ ਕਰੇ। ਹੋ ਸਕੇ ਤਾਂ ਪ੍ਰਸ਼ਾਸਨ ਇਹਨਾਂ ਜਥੇਬੰਦੀਆਂ ਤੋਂ ਵਲੰਟੀਅਰ ਲੈ ਕੇ, ਉਹਨਾਂ ਦੀ ਢੁਕਵੀਂ ਤੇ ਮੁਢਲੀ ਟਰੇਨਿੰਗ ਕਰੇ ਅਤੇ ਲੋਕਾਂ ਨਾਲ ਤਾਲਮੇਲ ਤੇ ਵਿਵਸਥਾ ਬਣਾਈ ਰਖਣ ਲਈ ਲੋਕ ਨੁਮਾਇੰਦਿਆਂ ਦਾ ਸਹਿਯੋਗ ਲਿਆ ਜਾਵੇ।
ਮੌਜੂਦਾ ਸਥਿਤੀ ਨਾਲ ਨਜਿੱਠਣ ਲਈ ਪ੍ਰਸ਼ਾਸਨ ਨੂੰ ਲੋਕਾਂ ਦਾ ਸਰਗਰਮ ਸਹਿਯੋਗ ਹਾਸਲ ਕਰਨ ਚਾਹੀਦਾ ਹੈ। ਲੋਕਾਂ ਅੰਦਰ ਕਰੋਨਾ ਤੋਂ ਬਚਾਅ ਲਈ ਲੋੜੀਂਦੀ ਵਿਗਿਆਨਕ ਜਾਣਕਾਰੀ ਦੇਣੀ ਯਕੀਨੀ ਬਣਾਈ ਜਾਵੇ। ਸਭਾ ਆਗੂਆਂ ਨੇ ਜੋਰ ਦੇ ਕੇ ਕਿਹਾ ਕਿ ਪੁਲਸ ਪ੍ਰਸ਼ਾਸਨ ਨੂੰ ਲੋਕਾਂ ਨਾਲ ਸਮਝਾਊ ਤਰੀਕੇ ਨਾਲ ਪੇਸ਼ ਆਉਣ ਦੀ ਹਦਾਇਤ ਹੋਵੇ ਅਤੇ ਡਿਊਟੀ ਤੇ ਆਉਣ ਜਾਣ ਵਾਲੇ ਮੈਡੀਕਲ ਤੇ ਹੋਰ ਸਟਾਫ ਨੂੰ ਆਉਣ ਜਾਣ ਸਮੇਂ ਕਿਸੇ ਕਿਸਮ ਦੀ ਪਰੇਸ਼ਾਨੀ ਨਾ ਆਉਣਾ ਦਿੱਤੀ ਜਾਵੇ।