- ਲੋੜੀਂਦੀਆਂ ਜਰੂਰੀ ਵਸਤਾਂ ਨੂੰ ਲੋਕਾਂ ਦੇ ਘਰਾਂ ਤੱਕ ਮੁਹੱਈਆ ਕਰਵਾਉਣਾ ਅਤੇ ਗਰੀਬਾਂ ਨੂੰ ਮੁਫ਼ਤ ਭੋਜਨ ਮੁਹੱਈਆ ਕਰਵਾਉਣਾ ਸਾਡੀ ਸਭ ਤੋਂ ਅਹਿਮ ਤਰਜੀਹ : ਪਰਨੀਤ ਕੌਰ
ਪਟਿਆਲਾ, 26 ਮਾਰਚ 2020 - ਕੋਵਿਡ 19 ਦੇ ਪਸਾਰ ਨੂੰ ਰੋਕਣ ਲਈ ਪੂਰਨ ਲਾਕ ਡਾਊਨ ਨੂੰ ਸਹੀ ਦੱਸਦਿਆਂ, ਪਟਿਆਲਾ ਤੋਂ ਲੋਕ ਸਭਾ ਮੈਂਬਰ ਪ੍ਰਨੀਤ ਕੌਰ ਨੇ ਵੀਰਵਾਰ ਨੂੰ ਪ੍ਰਸ਼ਾਸਨ ਦੀ ਸਭ ਤੋਂ ਵੱਡੀ ਤਰਜੀਹ ਬੇ-ਘਰ ਅਤੇ ਹੋਰ ਗਰੀਬ ਵਰਗ ਦੇ ਲੋਕਾਂ ਨੂੰ ਭੋਜਨ ਮੁਹੱਈਆ ਕਰਵਾਉਣਾ ਅਤੇ ਰੋਜ਼ਮਰਾ ਦੀ ਜ਼ਰੂਰੀ ਚੀਜ਼ਾਂ ਦੀ ਘਰ-ਘਰ ਸਪਲਾਈ ਨੂੰ ਯਕੀਨੀ ਬਣਾਉਣਾ ਦੱਸਿਆ।
ਪ੍ਰਨੀਤ ਕੌਰ ਨੇ 50 ਲੱਖ ਰੁਪਏ ਮੁੱਖ ਮੰਤਰੀ ਕੋਵਿਡ ਰਾਹਤ ਫੰਡ ਲਈ ਜਾਰੀ ਕਰਨ ਦਾ ਵੀ ਐਲਾਨ ਕੀਤਾ ਜੋ ਰਾਜ ਵਿਚ ਸੰਕਟ ਤੋਂ ਪ੍ਰਭਾਵਤ ਲੋਕਾਂ ਦੇ ਦੁੱਖਾਂ ਨੂੰ ਦੂਰ ਕਰਨ ਲਈ ਰਾਜ ਸਰਕਾਰ ਦੀਆਂ ਕੋਸ਼ਿਸ਼ਾਂ ਵਿੱਚ ਸਹਾਇਤਾ ਕਰਣਗੇ। ਇਸ ਤੋਂ ਇਲਾਵਾ ਉਨ੍ਹਾਂ ਨੇ 20 ਲੱਖ ਰੁਪਏ ਅਤੇ ਆਪਣੀ ਇੱਕ ਮਹੀਨੇ ਦੀ ਤਨਖਾਹ ਪਟਿਆਲਾ ਦੇ ਡਿਪਟੀ ਕਮਿਸ਼ਨਰ ਦੁਆਰਾ ਸਥਾਪਤ ਪਟਿਆਲਾ ਰੈਡ ਕਰਾਸ ਕੋਵਿਡ ਫੰਡ ਵੱਲ ਦਾਨ ਕਰਨ ਦਾ ਖੁਲਾਸਾ ਵੀ ਕੀਤਾ।
ਪ੍ਰਨੀਤ ਕੌਰ ਨੇ ਅੱਜ ਸਵੇਰੇ ਪਟਿਆਲਾ ਜਿਲ੍ਹੇ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕਰਨ ਤੋਂ ਬਾਅਦ ਕਿਹਾ ਕਿ ਅਸੀਂ ਇਹ ਯਕੀਨੀ ਬਣਾਉਣ ਲਈ ਓਵਰਟਾਈਮ ਕੰਮ ਕਰ ਰਹੇ ਹਾਂ ਕਿ ਦੁੱਧ, ਸਬਜ਼ੀਆਂ ਅਤੇ ਦਵਾਈਆਂ ਦੀ ਲੋਕਾਂ ਨੂੰ ਕਮੀ ਨਾ ਆਵੇ।
ਉਨ੍ਹਾਂ ਦੱਸਿਆ ਕਿ ਅਸੀ ਪਹਿਲਾਂ ਹੀ ਖੇਤਰਾਂ ਦੇ ਅਧਾਰ 'ਤੇ ਵਿਕਰੇਤਾਵਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ, ਜਿਨ੍ਹਾਂ ਨਾਲ ਸਿਰਫ ਫੋਨ 'ਤੇ ਸੰਪਰਕ ਕਰਨ ਤੇ ਉਹ ਤੁਹਾਡੇ ਘਰਾਂ ਵਿੱਚ ਸਾਮਾਨ ਪਹੁੰਚਾਉਣਗੇ। ਉਨ੍ਹਾਂ ਨੇ ਲੋਕਾਂ ਨੂੰ ਭਰੋਸਾ ਦਵਾਇਆ ਕਿ ਦੁੱਧ ਜਾਂ ਸਬਜ਼ੀਆਂ ਦੀ ਬਿਲਕੁਲ ਵੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਮੇਰੇ ਲਈ ਦੂਜੀ ਤਰਜੀਹ ਇਹ ਯਕੀਨੀ ਬਣਾਉਣਾ ਹੈ ਕਿ ਮੇਰੇ ਜ਼ਿਲ੍ਹੇ ਵਿਚ ਕੋਈ ਵੀ ਬੇਘਰ ਗਰੀਬ ਜਾਂ ਦਿਹਾੜੀਦਾਰ ਖਾਣੇ ਤੋਂ ਬਿਨਾਂ ਨਾ ਸੋਵੇ, ਜਿਸ ਲਈ ਅਸੀਂ ਪਹਿਲਾਂ ਹੀ ਉਨ੍ਹਾਂ ਨੂੰ ਸਰਕਾਰੀ ਅਤੇ ਸਮਾਜ ਸੇਵੀ ਵਾਲੰਟੀਅਰਾਂ ਦੁਆਰਾ ਖਾਣੇ ਦੇ ਪੈਕੇਟ ਪਹੁੰਚਾਉਣੇ ਸ਼ੁਰੂ ਕਰ ਦਿੱਤੇ ਹਨ।
ਉਨ੍ਹਾਂ ਨੇ ਦੱਸਿਆ ਕਿ ਦਵਾਈਆਂ ਲਈ ਸਬੰਧਤ ਕੈਮਿਸਟ ਐਸੋਸੀਏਸ਼ਨਾਂ ਨਾਲ ਮਿਲ ਕੇ ਕੰਮ ਕੀਤੇ ਜਾ ਰਹੇ ਹਨ ਤਾਂ ਜੋ ਫ਼ੋਨ 'ਤੇ ਆਰਡਰ ਦੇਕੇ ਹੀ ਘਰ ਤਕ ਉਨ੍ਹਾਂ ਦੀ ਸਪੁਰਦਗੀ ਕੀਤੀ ਜਾ ਸਕੇ।
ਉਨ੍ਹਾਂ ਡਿਪਟੀ ਕਮਿਸ਼ਨਰ ਨੂੰ ਇਹ ਸੁਨਿਸ਼ਚਿਤ ਕਰਨ ਲਈ ਕਿਹਾ ਕਿ ਕਿਸੇ ਨੂੰ ਵੀ ਕਿਸੇ ਐਮਰਜੈਂਸੀ ਲਈ ਤਾਲਾਬੰਦੀ ਦੌਰਾਨ ਬਾਹਰ ਜਾਣ ਵਿੱਚ ਕੋਈ ਮੁਸ਼ਕਲ ਪੇਸ਼ ਨਾ ਆਵੇ, ਪ੍ਰਨੀਤ ਕੌਰ ਨੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਅਜਿਹੀ ਸਥਿਤੀ ਵਿੱਚ ਲੋਕਾਂ ਨੂੰ ਅਪਣਾਏ ਜਾਣ ਵਾਲੇ ਢੰਗ-ਤਰੀਕਿਆਂ ਬਾਰੇ ਜਾਣੂ ਕਰਵਾਉਂਦੇ ਰਹਿਣ।
ਤਾਲਾਬੰਦੀ ਦੌਰਾਨ ਲੋਕਾਂ ਦੇ ਸਮਰਥਨ ਲਈ ਧੰਨਵਾਦ ਕਰਦਿਆਂ ਪ੍ਰਨੀਤ ਕੌਰ ਨੇ ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਜਾਅਲੀ ਖ਼ਬਰਾਂ ਵੰਡ ਕੇ ਦਹਿਸ਼ਤ ਜਾਂ ਡਰ ਫੈਲਾਉਣ ਦੀ ਕਿਸੇ ਵੀ ਕੋਸ਼ਿਸ਼ ਵਿਰੁੱਧ ਸੁਚੇਤ ਰਹਿਣ ਦੀ ਅਪੀਲ ਕੀਤੀ।
ਕਰਫ਼ਿਊ ਦੀ ਉਲੰਘਣਾ ਦੀ ਗਿਣਤੀ ਵਿਚ ਹੋਏ ਘਾਟੇ ਤੇ ਸੰਤੁਸ਼ਟੀ ਪ੍ਰਗਟਾਉਂਦਿਆਂ ਉਨ੍ਹਾਂ ਕਿਹਾ ਕਿ ਇਹ ਇਕ ਸਮੂਹਿਕ ਲੜਾਈ ਹੈ ਅਤੇ ਅਸੀਂ ਸਾਰੇ ਮਿਲ ਕੇ ਇਸਨੂੰ ਲੜਾਂਗੇ ਅਤੇ ਇਸ ਤੇ ਜਿੱਤ ਪ੍ਰਾਪਤ ਕਰਾਂਗੇ।