ਇਲਾਜ ਕਰ ਰਹੇ ਡਾਕਟਰਾਂ ਅਤੇ ਪੈਰਾ ਮੈਡੀਕਲ ਸਟਾਫ ਨੂੰ ਦਿੱਤੀ ਵਧਾਈ
ਅੰਮ੍ਰਿਤਸਰ, 27 ਮਾਰਚ - ਕੋਰੋਨਾ ਕੋਵਿਡ-19 ਅਧੀਨ ਪੰਜਾਬ ਸਰਕਾਰ ਦੇ ਪ੍ਰਬੰਧ ਅਧੀਨ ਚੱਲ ਰਹੇ ਸਰਕਾਰੀ ਮੈਡੀਕਲ ਕਾਲਜਾਂ ਦੇ ਡਾਕਟਰਾਂ ਅਤੇ ਪੈਰਾ ਮੈਡੀਕਲ ਸਟਾਫ ਵੱਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਦੀ ਪ੍ਰਸੰਸਾ ਕਰਦੇ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਸ੍ਰੀ ਓ ਪੀ ਸੋਨੀ ਨੇ ਕਿਹਾ ਕਿ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਹਸਪਤਾਲਾਂ ਵਿਚ ਵਿਦੇਸ਼ਾਂ ਤੋਂ ਆਏ ਮਰੀਜ਼ਾਂ ਦਾ ਵੀ ਸਫਲਤਾਪੂਰਵਕ ਇਲਾਜ ਹੋ ਰਿਹਾ ਹੈ। ਉਨਾਂ ਦੱਸਿਆ ਕਿ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ, ਜੋ ਕਿ ਸ਼ਾਨਦਾਰ ਪ੍ਰਾਪਤੀਆਂ ਲਈ ਜਾਣਿਆ ਜਾਂਦਾ ਹੈ ਅਤੇ ਇਥੋਂ ਦੇ ਡਾਕਟਰਾਂ ਨੇ ਵਿਸ਼ਵ ਭਰ ਵਿਚ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ ਹੈ, ਨੇ ਕੋਰੋਨਾ ਤੋਂ ਪ੍ਰਭਾਵਿਤ ਤਿੰਨ ਮਰੀਜਾਂ ਦਾ ਸਫਲਤਾ ਪੂਰਵਕ ਇਲਾਜ ਕੀਤਾ ਹੈ। ਉਨਾਂ ਦੱਸਿਆ ਕਿ ਇੰਨਾਂ ਤਿੰਨਾਂ ਮਰੀਜਾਂ ਨੂੰ ਘਰ ਭੇਜ ਦਿੱਤਾ ਗਿਆ ਹੈ। ਸ੍ਰੀ ਸੋਨੀ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਤਿੰਨ ਸੰਸਥਾਵਾਂ ਗੁਰੂ ਨਾਨਕ ਦੇਵ ਕਾਲਜ ਅੰਮ੍ਰਿਤਸਰ, ਰਜਿੰਦਰਾ ਮੈਡੀਕਲ ਕਾਲਜ ਪਟਿਆਲਾ ਹੋਣ ਅਤੇ ਮੈਡੀਕਲ ਯੂਨੀਵਰਸਿਟੀ ਫਰੀਦਕੋਟ ਵਿਚ ਕੋਰੋਨਾ ਦੇ ਨਮੂਨਿਆਂ ਦੀ ਜਾਂਚ ਕਰਨ ਦੇ ਨਾਲ-ਨਾਲ ਮਰੀਜਾਂ ਦਾ ਇਲਾਜ ਕੀਤਾ ਜਾ ਰਿਹਾ ਹੈ।
ਉਨਾਂ ਦੱਸਿਆ ਕਿ ਹੁਣ ਤੱਕ ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ਵਿਚ ਅੱਜ ਤੱਕ 123 ਨਮੂਨੇ ਲਏ ਸੀ, ਉਸ ਵਿਚੋਂ 9 ਪਾਜ਼ਿਟਵ ਆਏ ਸਨ। ਇਨਾਂ ਵਿਚੋਂ 5 ਅੰਮ੍ਰਿਤਸਰ ਦਾਖਲ ਸਨ, ਇਨਾਂ ਵਿਚੋਂ ਤਿੰਨ ਠੀਕ ਹੋ ਗਏ, ਉਨਾਂ ਨੂੰ ਘਰ ਭੇਜ ਦਿੱਤਾ ਗਿਆ ਹੈ। ਇਨਾਂ ਵਿਚੋਂ ਇਟਲੀ ਤੋਂ ਆਏ ਪਿਉ-ਪੁੱਤਰ, ਜੋ ਕਿ ਹੁਸ਼ਿਆਰਪੁਰ ਤੋਂ ਸਨ, ਵੀ ਸ਼ਾਮਿਲ ਸਨ। ਲਗਭਗ 16 ਦਿਨ ਇਹ ਹਸਪਤਾਲ ਰਹੇ। ਸ੍ਰੀ ਸੋਨੀ ਨੇ ਕਿਹਾ ਕਿ ਡਾਕਟਰ ਸਾਹਿਬਾਨ ਨੇ ਬੜੀ ਦਲੇਰੀ ਅਤੇ ਹਿੰਮਤ ਨਾਲ ਕੰਮ ਕੀਤਾ। ਲਗਾਤਾਰ ਉਨਾਂ ਦਾ ਇਲਾਜ ਇੱਥੇ ਕੀਤਾ ਗਿਆ, ਜਿਸ ਲਈ ਸਾਰਾ ਸਟਾਫ, ਡਾਕਟਰ, ਨਰਸਾਂ ਤੇ ਪੈਰਾ ਮੈਡੀਕਲ ਸਟਾਫ ਦਾ ਧੰਨਵਾਦ ਹੈ।
ਸ੍ਰੀ ਸੋਨੀ ਨੇ ਦੱਸਿਆ ਕਿ ਇਸ ਤੋਂ ਇਲਾਵਾ ਅੰਮ੍ਰਿਤਸਰ ਦੇ ਦੋ ਡਾਕਟਰਾਂ ਨੂੰ ਵੀ ਖਾਂਸੀ, ਬੁਖਾਰ ਹੋ ਗਿਆ ਸੀ, ਪਰ ਉਨਾਂ ਦੀਆਂ ਰਿਪੋਰਟਾਂ ਨੈਗੇਟਿਵ ਆਈਆਂ ਹਨ, ਉਹ ਡਾਕਟਰ ਵੀ ਬਿਲਕੁੱਲ ਠੀਕ ਹਨ। ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਉਹ ਡਾਕਟਰਾਂ ਨੂੰ ਹਿੰਮਤ ਅਤੇ ਤੰਦਰੁਸਤੀ ਬਖਸ਼ੇ। ਸ੍ਰੀ ਸੋਨੀ ਨੇ ਦੱਸਿਆ ਕਿ ਪਟਿਆਲਾ ਵਿਚ 128 ਸੈਂਪਲ ਲਏ ਸੀ, ਇੰਨਾਂ ਵਿਚੋਂ 125 ਨੈਗੇਟਿਵ ਸਨ ਤੇ ਤਿੰਨ ਪਾਜ਼ੀਟਵ ਹਨ। ਇੰਨਾ ਦਾ ਇਲਾਜ ਸੀ ਐਮ ਸੀ, ਡੀ ਐਮ ਸੀ ਅਤੇ ਇਕ ਮਰੀਜ ਦਾ ਇਲਾਜ ਨਵਾਂਸ਼ਹਿਰ ਚੱਲ ਰਿਹਾ ਹੈ। ਇਹ ਸਾਰੇ ਮਰੀਜ ਠੀਕ-ਠਾਕ ਹਨ। ਸ੍ਰੀ ਸੋਨੀ ਨੇ ਦੱਸਿਆ ਕਿ ਫਰੀਦਕੋਟ ਮੈਡੀਕਲ ਯੂਨੀਵਰਸਿਟੀ ਵਿਚ 13 ਨਮੂਨੇ ਲਏ ਸੀ, ਜੋ ਕਿ ਸਾਰੇ ਨੈਗੇਟਿਵ ਆਏ ਹਨ।