ਪੀ.ਜੀਜ਼ ਨੂੰ ਘਰ ਖਾਲੀ ਕਰਨ ਲਈ ਮਜਬੂਰ ਨਾ ਕੀਤਾ ਜਾਵੇ: ਡੀ.ਸੀ.
ਐਸ ਏ ਐਸ ਨਗਰ, 27 ਮਾਰਚ, 2020 :
ਪੀ.ਜੀਜ਼ ਅਤੇ ਹੋਰ ਕਿਰਾਏਦਾਰਾਂ ਨੂੰ ਘਰ ਖਾਲੀ ਕਰਨ ਲਈ ਮਜਬੂਰ ਕਰਨ ਦੀਆਂ ਰਿਪੋਰਟਾਂ ਦੇ ਮੱਦੇਨਜ਼ਰ, ਸ੍ਰੀ ਗਿਰੀਸ਼ ਦਿਆਲਨ, ਡਿਪਟੀ ਕਮਿਸ਼ਨਰ ਐਸ.ਏ.ਐਸ.ਨਗਰ ਨੇ ਆਦੇਸ਼ ਜਾਰੀ ਕੀਤਾ ਹੈ ਕਿ ਕੋਈ ਵੀ ਮਕਾਨ ਮਾਲਕ/ਪੀ.ਜੀ. ਮਾਲਕ ਕਰਫਿਊ/ਲਾਕਡਾਊਨ ਖਤਮ ਹੋਣ ਤੱਕ ਵਿਦਿਆਰਥੀਆਂ /ਪੀ.ਜੀਜ਼ ਅਤੇ ਹੋਰ ਕਿਰਾਏਦਾਰਾਂ (ਖ਼ਾਸਕਰ ਜ਼ਿਲ੍ਹੇ ਤੋਂ ਬਾਹਰ ਵਾਲੇ ਅਤੇ ਜਿਹਨਾਂ ਕੋਲ ਰਹਿਣ ਲਈ ਹੋਰ ਥਾਂ ਨਹੀਂ ਹੈ) ਨੂੰ ਘਰ ਖਾਲੀ ਕਰਨ ਲਈ ਮਜਬੂਰ ਨਹੀਂ ਕਰੇਗਾ।
ਆਦੇਸ਼ਾਂ ਵਿੱਚ ਕਿਹਾ ਗਿਆ ਹੈ ਕਿ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਬਾਹਰ ਕੱਢਣਾ ਜਾਇਜ਼ ਨਹੀਂ ਹੈ ਜੋ ਲਾਕਡਾਊਨ ਦੇ ਉਦੇਸ਼ਾਂ ਨੂੰ ਅਸਫਲ ਕਰਦਾ ਹੈ ਅਤੇ ਇਹ ਕੇਵਲ ਕੋਵਿਡ-19 ਦੇ ਫੈਲਣ ਦੀ ਸੰਭਾਵਨਾ ਨੂੰ ਵਧਾਉਂਦਾ ਹੈ। ਇਸ ਤੋਂ ਇਲਾਵਾ, ਜਨਤਕ ਆਵਾਜਾਈ ਨੂੰ ਬੰਦ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ, ਪਨਾਹ ਲੈਣ ਦਾ ਅਧਿਕਾਰ ਇਕ ਸੰਵਿਧਾਨਕ ਅਧਿਕਾਰ ਹੈ, ਜੋ ਕਿ ਭਾਰਤ ਦੇ ਸੰਵਿਧਾਨ ਦੇ ਆਰਟੀਕਲ 21 ਨਾਲ ਆਰਟੀਕਲ 19 ਅਧੀਨ ਦਰਜ ਹੈ।
ਇਸ ਤੋਂ ਇਲਾਵਾ, ਸਾਰੇ ਪੀ.ਜੀ. ਮਾਲਕਾਂ ਅਤੇ ਮਕਾਨ ਮਾਲਕਾਂ ਨੂੰ ਕਿਹਾ ਗਿਆ ਹੈ ਕਿ ਮੌਜੂਦਾ ਹਾਲਾਤ ਨਾਲ ਰੋਜ਼ੀ-ਰੋਟੀ ਪ੍ਰਭਾਵਤ ਹੋ ਸਕਦੀ ਹੈ ਅਤੇ ਸੂਬੇ ਵਿਚ ਜਨਤਕ ਲੈਣ-ਦੇਣ ਲਈ ਬੈਂਕ ਵੀ ਬੰਦ ਹਨ। ਇਸ ਦੇ ਮੱਦੇਨਜ਼ਰ, ਇਹ ਅਪੀਲ ਕੀਤੀ ਗਈ ਹੈ ਕਿ ਵਿਦਿਆਰਥੀਆਂ / ਪੀ.ਜੀਜ਼ ਅਤੇ ਹੋਰ ਕਿਰਾਏਦਾਰਾਂ ਨੂੰ ਤੁਰੰਤ ਕਿਰਾਏ ਦਾ ਭੁਗਤਾਨ ਕਰਨ ਲਈ ਮਜਬੂਰ ਨਹੀਂ ਕੀਤਾ ਜਾਣਾ ਚਾਹੀਦਾ ਅਤੇ ਕਿਰਾਏ ਦੀ ਅਦਾਇਗੀ ਨਾ ਹੋਣ ਦੀ ਸੂਰਤ ਵਿੱਚ ਘਰ ਖਾਲੀ ਕਰਨ ਲਈ ਨਹੀਂ ਕਿਹਾ ਜਾਣਾ ਚਾਹੀਦਾ।