ਜ਼ਰੂਰੀ ਵਸਤਾਂ ਦੀ ਸਪਲਾਈ ਲਈ ਸਵਿੱਗੀ ਅਤੇ ਈ-ਕਾਮਰਸ ਕੰਪਨੀਆਂ ਦਾ ਲਿਆ ਸਹਿਯੋਗ
ਐਸ ਏ ਐਸ ਨਗਰ, 27 ਮਾਰਚ, 2020 :
ਕਰਫਿਊ ਦੌਰਾਨ ਲੋਕਾਂ ਨੂੰ ਘਰ-ਘਰ ਜ਼ਰੂਰੀ ਵਸਤਾਂ ਮੁਹੱਈਆ ਕਰਵਾਉਣ ਦੇ ਮੱਦੇਨਜ਼ਰ, ਜ਼ਿਲ੍ਹਾ ਪ੍ਰਸ਼ਾਸਨ ਨੇ ਲੋਕਾਂ ਨੂੰ ਘਰ-ਘਰ ਸਪਲਾਈ ਲਈ ਈ-ਕਾਮਰਸ ਕੰਪਨੀਆਂ ਜਿਵੇਂ ਐਮਾਜਾਨ ਅਤੇ ਫਲਿੱਪਕਾਰਟ ਦਾ ਸਹਿਯੋਗ ਲਿਆ। ਇਨ੍ਹਾਂ ਕੰਪਨੀਆਂ ਦਾ ਸਟਾਫ ਕੰਪਨੀ ਦੇ ਗੁਦਾਮਾਂ ਤੋਂ ਜ਼ਰੂਰੀ ਸਮਾਨ ਲਿਆ ਕੇ ਆਮ ਲੋਕਾਂ ਨੂੰ ਘਰ-ਘਰ ਮੁਹੱਈਆ ਕਰਵਾਏਗਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਗਿਰੀਸ਼ ਦਿਆਲਨ ਨੇ ਦੱਸਿਆ ਕਿ ਇਸ ਤੋਂ ਇਲਾਵਾ ਸਵਿੱਗੀ ਕੰਪਨੀ ਲੋਕਾਂ ਨੂੰ ਜ਼ਰੂਰੀ ਸਮਾਨ ਘਰ ਘਰ ਪਹੁੰਚਾਉਣ ਲਈ ਆਪਣੇ 400 ਡਿਲਿਵਰੀ ਵਾਲੇ ਲੜਕਿਆਂ ਨੂੰ ਨਿਯੁਕਤ ਕਰੇਗੀ। ਇਕ ਦਿਨ ਵਿਚ ਸਵਿੱਗੀ ਜ਼ਿਲੇ ਵਿਚ 3000-4000 ਡਲੀਵਰੀਆਂ ਕਰੇਗੀ।
ਇਹ ਕਦਮ ਕੋਵਿਡ-19 ਦੇ ਵੱਡੇ ਪੱਧਰ ‘ਤੇ ਫੈਲਣ ਦੇ ਖਤਰੇ ਨੂੰ ਦੇਖਦਿਆਂ ਲੋਕਾਂ ਨੂੰ ਆਪਣੇ ਘਰਾਂ ਵਿੱਚ ਸੁਰੱਖਿਅਤ ਰੱਖਣ ਦੇ ਮੱਦੇਨਜ਼ਰ ਚੁੱਕਿਆ ਗਿਆ ਹੈ।