ਹਰਿੰਦਰ ਨਿੱਕਾ
- ਜਾਂਚ ਲਈ ਭੇਜੇ ਸੈਂਪਲ, ਕੱਲ੍ਹ ਤੱਕ ਆਵੇਗੀ ਰਿਪੋਰਟ
ਬਰਨਾਲਾ, 29 ਮਾਰਚ 2020 - ਕੋਰੋਨਾ ਵਾਇਰਸ ਦੀ ਸ਼ੱਕੀ ਔਰਤ ਮਰੀਜ ਦੀ ਸਿਵਲ ਹਸਪਤਾਲ ਵਿੱਚ ਮੌਤ ਹੋ ਗਈ। ਡਾਕਟਰਾਂ ਨੇ ਉਸਦੇ ਸੈਂਪਲ ਲੈ ਕੇ ਜਾਂਚ ਲਈ ਰਜਿੰਦਰਾ ਹਸਪਤਾਲ ਭੇਜ ਦਿੱਤੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਪ੍ਰਵਾਸੀ ਔਰਤ ਆਪਣੇ ਪਤੀ ਸਮੇਤ ਭਿਖਾਰੀਆਂ ਦੇ ਝੁੰਡ ਵਿੱਚ ਰੇਲਵੇ ਸਟੇਸ਼ਨ ਬਰਨਾਲਾ ਵਿਖੇ ਹੀ ਰਹਿੰਦੀ ਸੀ। ਜਿਸ ਨੂੰ ਸ਼ਨੀਵਾਰ ਦੀ ਦੇਰ ਰਾਤ ਉਸ ਦੇ ਪਤੀ ਨੇ ਤੇਜ਼ ਬੁਖਾਰ ਤੇ ਖੰਘ ਜੁਕਾਮ ਤੋਂ ਪੀੜਤ ਹੋਣ ਤੇ ਹਸਪਤਾਲ ਵਿੱਚ ਭਰਤੀ ਕਰਵਾਇਆ ਸੀ।
ਐਸਐਮਉ ਡਾਕਟਰ ਤਪਿੰਦਰਜੋਤ ਜੋਤੀ ਕੌਸ਼ਲ ਨੇ ਪੁੱਛਣ ਤੇ ਦੱਸਿਆ ਕਿ ਕੋਰੋਨਾ ਦੀ ਸ਼ੱਕੀ ਮਰੀਜ਼ ਕਰੀਬ ਸੱਠ ਕੁ ਵਰ੍ਹਿਆਂ ਦੀ ਔਰਤ ਦੀ ਇਲਾਜ਼ ਦੌਰਾਨ ਹੀ ਮੌਤ ਹੋ ਗਈ। ਜਾਂਚ ਉਸ ਦੇ ਸੈਂਪਲ ਭੇਜ਼ ਦਿੱਤੇ ਹਨ। ਸੋਮਵਾਰ ਤੱਕ ਉਸ ਦੀ ਰਿਪੋਰਟ ਵੀ ਆਉਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਇਸ ਔਰਤ ਮਰੀਜ ਨੂੰ ਛਾਤੀ ਵਿੱਚ ਬਹੁਤ ਜਿਆਦਾ ਇਨਫੈਕਸ਼ਨ ਵਧੀ ਹੋਈ ਸੀ। ਬਾਕੀ ਜਾਂਚ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੀ ਵਜ੍ਹਾ ਬਣੀ ਬਿਮਾਰੀ ਦਾ ਪਤਾ ਲੱਗ ਸਕੇਗਾ।
ਜਦੋਂ ਤੱਕ ਉਸ ਦੀ ਰਿਪੋਰਟ ਨਹੀਂ ਆ ਜਾਂਦੀ, ਉਦੋਂ ਤੱਕ ਉਸ ਨੂੰ ਕੋਰੋਨਾ ਦੀ ਵਜ੍ਹਾ ਨਾਲ ਹੋਈ ਮੌਤ ਕਹਿਣਾ ਪੂਰੀ ਤਰਾਂ ਠੀਕ ਨਹੀ ਹੈ। ਉਨ੍ਹਾਂ ਇਲਾਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਭੈਅ ਭੀਤ ਹੋਣ ਦੀ ਬਜ਼ਾਏ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਘਰਾਂ ਅੰਦਰ ਹੀ ਰਹਿਣਾ ਚਾਹੀਦਾ ਹੈ। ਘਰੋਂ ਬਾਹਰ ਨਿਕਲਣਾ ਕੋਰੋਨਾ ਨੂੰ ਸੱਦਾ ਦੇਣ ਦੇ ਬਰਾਬਰ ਹੀ ਹੈ। ਕੋਰੋਨਾ ਵਾਇਰਸ ਦੇ ਬਚਾਉ ,ਸਿਹਤ ਵਿਭਾਗ ਵੱਲੋਂ ਦੱਸੀਆਂ ਸਾਵਧਾਨੀਆਂ ਰੱਖਣ ਨਾਲ ਹੀ ਸੰਭਵ ਹੈ।