- ਦੋ ਦਿਨਾਂ ਚ 3 ਲੱਖ ਤੋਂ ਵੱਧ ਦੀ ਰਾਸ਼ੀ ਕਰੋਨਾ ਪੀੜਤਾਂ ਲਈ ਦਿੱਤੀ
ਮਾਨਸਾ, 29 ਮਾਰਚ 2020 - ਭਿਆਨਕ ਬੀਮਾਰੀ ਕਰੋਨਾ ਦੀ ਚੇਨ ਤੋੜਨ ਲਈ ਅਪਣੇ ਸਕੂਲੀ ਬੱਚਿਆਂ ਅਤੇ ਮਾਪਿਆਂ ਨੂੰ ਜਾਗਰੂਕ ਕਰ ਰਹੇ ਸਰਗਰਮ ਅਧਿਆਪਕਾਂ ਵੱਲੋਂ ਹੁਣ ਲੋੜਵੰਦਾਂ ਦੀ ਦਿਲ ਖੋਲ੍ਹ ਕੇ ਮਦਦ ਕੀਤੀ ਜਾ ਰਹੀ ਹੈ। ਮਾਨਸਾ ਜ਼ਿਲ੍ਹੇ ਦੇ ਅਧਿਆਪਕਾਂ ਨੇ ਦੋ ਦਿਨਾਂ ਅੰਦਰ ਤਿੰਨ ਲੱਖ ਰੁਪਏ ਤੋਂ ਜ਼ਿਆਦਾ ਫੰਡ ਸਿੱਖਿਆ ਵਿਭਾਗ ਰਾਹੀਂ ਮੁੱਖ ਮੰਤਰੀ ਰਿਲੀਫ ਫੰਡ ਵਿੱਚ ਜਮ੍ਹਾਂ ਕਰਾਉਣ ਦੇ ਐਲਾਨ ਤੋਂ ਇਲਾਵਾ ਸਿੱਧੇ ਤੌਰ ਤੇ ਲੋੜਵੰਦਾਂ ਦੀ ਮਦਦ ਵੀ ਕੀਤੀ ਜਾ ਰਹੀ ਹੈ।
ਰਾਸ਼ੀ ਦੇਣ ਵਾਲਿਆਂ ਵਿੱਚ ਐਲੀਮੈਂਟਰੀ ਅਧਿਆਪਕ ਯੂਨੀਅਨ ਦੇ ਸਟੇਟ ਕਮੇਟੀ ਮੈਂਬਰ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਖੁਡਾਲ ਕਲਾਂ ਦੇ ਹੈੱਡ ਟੀਚਰ ਗੁਰਦੀਪ ਸਿੰਘ ਨੇ ਆਪਣੀ ਇੱਕ ਮਹੀਨੇ ਦੀ ਤਨਖ਼ਾਹ 75,000 ਰੁਪਏ ਅਤੇ ਸਰਕਾਰੀ ਸੈਕੰਡਰੀ ਸਕੂਲ ਗੰਢੂ ਕਲਾਂ ਦੇ ਸਮਾਜਿਕ ਸਿੱਖਿਆ ਦੇ ਅਧਿਆਪਕ ਜਸਵੀਰ ਸਿੰਘ ਨੇ ਆਪਣੀ ਇੱਕ ਮਹੀਨੇ ਦੀ ਤਨਖਾਹ 65000 ਦੇਣ ਦਾ ਫੈਸਲਾ ਕੀਤਾ ਹੈ। ਇਸ ਤੋਂ ਪਹਿਲਾਂ ਅਧਿਆਪਕ ਦਲ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਤੇ ਸਰਕਾਰੀ ਪ੍ਰਾਇਮਰੀ ਸਕੂਲ ਜਲਵੇੜਾ ਦੇ ਹੈੱਡ ਟੀਚਰ ਰਾਜਦੀਪ ਸਿੰਘ ਬਰੇਟਾ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਭਾਵਾਂ ਦੇ ਹੈੱਡ ਟੀਚਰ ਰਾਮ ਸਿੰਘ ਝਲਬੂਟੀ ਨੇ ਆਪਣੀ ਇੱਕ ਇੱਕ ਮਹੀਨੇ ਦੀ ਤਨਖਾਹ ਜੋ ਕਿ ਇੱਕ ਲੱਖ ਵੀਹ ਹਜ਼ਾਰ ਤੋਂ ਵੱਧ ਬਣਦੀ ਹੈ, ਕਰੋਨਾ ਪੀੜਤਾਂ ਨੂੰ ਦੇਣ ਦਾ ਫੈਸਲਾ ਕੀਤਾ ਗਿਆ ਸੀ। ਇਸ ਤੋਂ ਇਲਾਵਾ ਹਰਬੰਤ ਸਿੰਘ ਖ਼ਾਲਸਾ ਬੀ ਪੀ ਈ ਓ ਝੁਨੀਰ ਨੇ 6000 ਰੁਪਏ ਅਤੇ ਕੁਲਵਿੰਦਰ ਸਿੰਘ ਸੀ ਐਚ ਟੀ ਦਿਆਲਪੁਰਾ ਨੇ 5000 ਰੁਪਏ ਅਤੇ ਹਰਮੀਤ ਸਿੰਘ ਜੱਸਲ ਹੈਡ ਮਾਸਟਰ ਸਰਕਾਰੀ ਹਾਈ ਸਕੂਲ ਮੰਢਾਲੀ ਨੇ 2100 ਰੁਪਏ ਦੀ ਰਾਸ਼ੀ ਮੁਹੱਈਆ ਕਰਵਾਉਣ ਬਾਰੇ ਕਿਹਾ ਹੈ।
ਸਿੱਖਿਆ ਵਿਭਾਗ ਦੇ ਮੀਡੀਆ ਕੁਆਰਡੀਨੇਟਰ ਹਰਦੀਪ ਸਿੰਘ ਸਿੱਧੂ ਅਤੇ ਰਾਜੇਸ਼ ਕੁਮਾਰ ਬੁਢਲਾਡਾ ਨੇ ਦੱਸਿਆ ਕਿ ਇਹ ਅਧਿਆਪਕ ਸਿੱਧੇ ਤੌਰ ਤੇ ਵੀ ਲੋੜਵੰਦਾਂ ਅਤੇ ਗਰੀਬਾਂ ਦੀ ਮਦਦ ਕਰ ਰਹੇ ਹਨ। ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਅਧਿਆਪਕ ਅਸਿੱਧੇ ਤੌਰ ਤੇ ਇਸ ਸੰਕਟ ਦੀ ਘੜੀ ਵਿੱਚ ਆਪਣਾ ਅਹਿਮ ਯੋਗਦਾਨ ਪਾ ਰਹੇ ਹਨ। ਉਧਰ ਸਰਕਾਰੀ ਸੈਕੰਡਰੀ ਸਕੂਲ ਆਲਮਪੁਰ ਮੰਦਰਾਂ ਦੇ ਪ੍ਰਿੰਸੀਪਲ ਡਾ: ਬੂਟਾ ਸਿੰਘ ਸੇਖੋਂ, ਲੈਕਚਰਾਰ ਨਿਰਮਲ ਕੌਰ, ਪਰਮਜੀਤ ਸਿੰਘ, ਜਸਵਿੰਦਰ ਸਿੰਘ, ਰਾਜਿੰਦਰ ਕੌਰ, ਗੁਰਪ੍ਰੀਤ ਕੌਰ, ਸੰਦੀਪ ਕੌਰ ਤੇ ਪੂਜਾ ਗਰਗ ਨੇ ਆਪਣੀ ਇੱਕ ਇੱਕ ਦਿਨ ਦੀ ਤਨਖਾਹ ਕਰੋਨਾ ਪੀੜਤਾਂ ਦੇ ਲੇਖੇ ਲਾਉਣ ਦਾ ਫੈਸਲਾ ਕੀਤਾ ਹੈ।
ਐਲੀਮੈਂਟਰੀ ਅਧਿਆਪਕ ਯੂਨੀਅਨ ਦੇ ਕਨਵੀਨਰ ਅਮਨਦੀਪ ਸ਼ਰਮਾ ਨੇ ਕਿਹਾ ਕਿ ਜਥੇਬੰਦੀ ਵੱਲੋਂ ਰਾਜ ਭਰ ਚ ਇਸ ਬਿਪਤਾ ਦੀ ਘੜੀ ਵਿੱਚ ਮਦਦ ਕੀਤੀ ਜਾ ਰਹੀ ਹੈ ਉਨ੍ਹਾਂ ਦੱਸਿਆ ਕਿ ਬੇਸ਼ੱਕ ਗੁਰਦੀਪ ਸਿੰਘ ਨੇ ਇਕੱਤੀ ਮਾਰਚ ਨੂੰ ਰਿਟਾਇਰ ਹੋ ਜਾਣਾ ਹੈ ਅਤੇ ਕਰੋਨਾ ਕਾਰਨ ਉਹ ਸੀ ਐੱਚ ਟੀ ਦੇ ਅਹੁਦੇ ਤੇ ਵੀ ਪ੍ਰਮੋਸ਼ਨ ਨਹੀਂ ਲੈ ਸਕੇ, ਫਿਰ ਵੀ ਉਹ ਇਸ ਬਿਪਤਾ ਦੀ ਘੜੀ ਵਿੱਚ ਨਾਲ ਖੜ੍ਹੇ ਹਨ।
ਉੱਧਰ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਰਾਜਵੰਤ ਕੌਰ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਜਗਰੂਪ ਭਾਰਤੀ ਤੇ ਗੁਰਲਾਭ ਸਿੰਘ ਨੇ ਇਸ ਉੱਦਮ ਦੀ ਪ੍ਰਸ਼ੰਸਾ ਕੀਤੀ ਹੈ।