ਫਿਲਮ ਸਟਾਰ ਨੇ ਹਸਪਤਾਲ 'ਚ ਨਰਸ ਵਜੋਂ ਸੇਵਾ ਕੀਤੀ ਸ਼ੁਰੂ
ਨਵੀਂ ਦਿੱਲੀ, 30 ਮਾਰਚ, 2020 : ਸ਼ਾਹਰੁਖ ਖਾਨ ਦੀ ਫਿਲਮ 'ਫੈਨ' ਵਿਚ ਨਜ਼ਰ ਆਈ ਸ਼ਿਖਾ ਮਲਹੋਤਰਾ ਅੱਜ ਕੱਲ ਮੁੰਬਈ ਦੇ ਇਕ ਹਸਪਤਾਲ ਵਿਚ ਕੋਰੋਨਾਵਾਇਰਸ ਦੇ ਪੀੜਤ ਮਰੀਜ਼ਾਂ ਦੇ ਇਲਾਜ 'ਚ ਸਹਾਇਤਾ ਕਰਦੀ ਨਜ਼ਰ ਆ ਰਹੀ ਹੈ।
ਦਿੱਲੀ ਦੇ ਵਰਧਮਾਨ ਮਹਾਂਵੀਰ ਮੈਡੀਕਲ ਕਾਲਜ ਸਫਦਰਜੰਗ ਹਸਪਤਾਲ ਤੋਂ ਨਰਸਿੰਗ ਦੀ ਡਿਗਰੀ ਕਰਨ ਵਾਲੀ ਸ਼ਿਖਾ ਮਲਹੋਤਰਾ ਦਾ ਕਹਿਣਾ ਹੈ ਕਿ ਮੈਂ ਕੋਰੋਨਾਵਾਇਰਸ ਦੇ ਮਰੀਜ਼ਾਂ ਦੀ ਮਦਦ ਕਰਨ ਦਾ ਫੈਸਲਾ ਕੀਤਾ ਕਿਉਂਕਿ ਮੇਰੇ ਕੋਲ ਉਹਨਾਂ ਦੀ ਮਦਦ ਕਰਨ ਵਾਸਤੇ ਲੋੜੀਂਦੀ ਡਿਗਰੀ ਹੈ।
ਉਸਨੇ ਆਪਣੀ ਇੰਸਟਾਗ੍ਰਾਮ ਪੋਸਟ ਵਿਚ ਲਿਖਿਆ ਹੈ ਕਿ ਮੈਂ ਹਮੇਸ਼ਾ ਹੀ ਦੇਸ਼ ਦੀ ਸੇਵਾ ਵਾਸਤੇ ਤਿਆਰ ਹਾਂ। ਭਾਵੇਂ ਨਰਸ ਵਜੋਂ, ਐਨਟਰਟੇਨਰ ਵਜੋਂ ਜਿਥੇ ਵੀ ਮੇਰੀ ਜਰੂਰਤ ਹੋਵੇ। ਤੁਸੀਂ ਆਪਣੇ ਘਰਾਂ ਵਿਚ ਰਹੋ, ਸੁਰੱਖਿਅਤ ਰਹੋ ਤੇ ਸਰਕਾਰ ਦੀ ਹਮਾਇਤ ਕਰੋ।
ਇਸ ਫਿਲਮ ਸਟਾਰ ਨੇ ਮੈਡੀਕਲ ਡਿਗਰੀ ਧਾਰਕ ਲੋਕਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਕੋਰੋਨਾਵਾਇਰਸ ਖਿਲਾਫ ਇਸ ਲੜਾਈ ਵਿਚ ਸ਼ਾਮਲ ਹੋਣ। ਉਹ ਇਸ ਵੇਲੇ ਮੁੰਬਈ ਦੇ ਜੋਗੇਸ਼ਵਰੀ ਵਿਚ ਬਾਲਾਸਾਹਿਬ ਠਾਕਰੇ ਟਰੋਮਾ ਸੈਂਟਰ ਵਿਚ ਸੇਵਾਵਾਂ ਦੇ ਰਹੀ ਹੈ।