ਹਰਿੰਦਰ ਨਿੱਕਾ
- ਦੁਬਈ ਤੋਂ ਆਈ ਔਰਤ ਦੇ ਜਾਂਚ ਲਈ ਭੇਜੇ ਸੈਂਪਲ, ਕੱਲ੍ਹ ਆਊ ਰਿਪੋਰਟ
ਬਰਨਾਲਾ, 31 ਮਾਰਚ 2020 - ਜਿਲ੍ਹੇ ਦੇ ਲੋਕਾਂ ਲਈ ਖੁਸ਼ੀ ਦੀ ਖਬਰ ਇਹ ਹੈ ਕਿ 21 ਮਾਰਚ ਨੂੰ ਅਮਰੀਕਾ ਤੋਂ ਬਰਨਾਲਾ ਆਪਣੇ ਘਰ ਪਹੁੰਚੇ ਕੋਰੋਨਾ ਦੇ ਸ਼ੱਕੀ ਮਰੀਜ ਨੌਜਵਾਨ ਦੀ ਰਿਪੋਰਟ ਵੀ ਨੈਗੇਟਿਵ ਆਈ ਹੈ। ਜਦੋਂ ਕਿ ਸੋਮਵਾਰ ਨੂੰ ਬਰਨਾਲਾ ਹਸਪਤਾਲ ਵਿੱਚ ਭਰਤੀ ਹੋਈ ਦੁਬਈ ਤੋਂ ਆਈ ਔਰਤ ਦੇ ਸੈਂਪਲ ਜਾਂਚ ਲਈ ਰਜਿੰਦਰਾ ਹਸਪਤਾਲ ਪਟਿਆਲਾ ਭੇਜ ਦਿੱਤੇ ਹਨ। ਇਸ ਔਰਤ ਦੀ ਜਾਂਚ ਰਿਪੋਰਟ ਵੀ ਮੰਗਲਵਾਰ ਤੱਕ ਪਹੁੰਚ ਜਾਣ ਦੀ ਸੰਭਾਵਨਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਐਮਉ ਡਾਕਟਰ ਤਪਿੰਦਰਜੋਤ ਜੋਤੀ ਕੌਸ਼ਲ ਨੇ ਦੱਸਿਆ ਕਿ ਅਮਰੀਕਾ ਤੋਂ 21 ਮਾਰਚ ਨੂੰ ਬਰਨਾਲਾ ਪਹੁੰਚੇ ਨੌਜਵਾਨ ਦੀ ਹਾਲਤ ਵਿੱਚ ਕਾਫੀ ਸੁਧਾਰ ਹੋ ਚੁੱਕਾ ਹੈ।
ਆਈਸੋਲੇਸ਼ਨ ਵਾਰਡ 'ਚ ਜੇਰੇ ਇਲਾਜ਼ ਇਸ ਨੌਜਵਾਨ ਨੂੰ ਮੰਗਲਵਾਰ ਸਵੇਰੇ ਛੁੱਟੀ ਦੇ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਦੁਬਈ ਤੋਂ 16 ਮਾਰਚ ਨੂੰ ਬਰਨਾਲਾ ਪਹੁੰਚੀ 24 ਵਰ੍ਹਿਆਂ ਦੀ ਔਰਤ ਨੂੰ ਵੀ ਖੰਘ, ਜੁਕਾਮ ਤੇ ਤੇਜ਼ ਬੁਖਾਰ ਦੀ ਤਕਲੀਫ ਕਾਰਣ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਉਸ ਦੀ ਹਾਲਤ ਠੀਕ ਹੈ। ਪਰੰਤੂ ਫਿਰ ਵੀ ਦੁਬਈ ਵਿੱਚ ਭਿਅੰਕਰ ਰੂਪ ਧਾਰ ਚੁੱਕੇ ਕੋਰੋਨਾ ਵਾਇਰਸ ਦਾ ਸ਼ੱਕ ਦੂਰ ਕਰਨ ਲਈ ਇਸ ਔਰਤ ਦੇ ਸੈਂਪਲ ਵੀ ਜਾਂਚ ਲਈ ਭੇਜੇ ਜਾ ਚੁੱਕੇ ਹਨ।
ਮੰਗਲਵਾਰ ਨੂੰ ਰਿਪੋਰਟ ਆਉਣ ਦੀ ਸੰਭਾਵਨਾ ਹੈ। ਡਾਕਟਰ ਕੌਸ਼ਲ ਨੇ ਕਿਹਾ ਕਿ ਕੋਰੋਨਾ ਵਾਇਰਸ ਦਾ ਖਤਰਾ ਪੂਰੀ ਦੁਨੀਆਂ ਦੇ ਸਿਰ ਤੇ ਮੰਡਰਾ ਰਿਹਾ ਹੈ। ਇਸ ਲਈ ਵਿਦੇਸ਼ ਤੋਂ ਆਏ, ਹਰ ਵਿਅਕਤੀ ਜਿਸ ਨੂੰ ਖੰਘ, ਜੁਕਾਮ ਤੇ ਤੇਜ਼ ਬੁਖਾਰ ਦੀ ਤਕਲੀਫ ਹੁੰਦੀ ਹੈ। ਉਸ ਨੂੰ ਇਹਤਿਆਤਨ ਆਈਸੋਲੇਸ਼ਨ ਵਾਰਡ ਚ, ਰੱਖ ਕੇ ਇਲਾਜ਼ ਸ਼ੁਰੂ ਕੀਤਾ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਕੁਝ ਨਾ ਸਮਝ ਕਿਸਮ ਦੇ ਲੋਕ ਜਾਂਚ ਲਈ ਸੈਂਪਲ ਭੇਜ ਦੇਣ ਨੂੰ ਹੀ ਮਰੀਜ਼ ਨੂੰ ਕੋਰੋਨਾ ਤੋਂ ਪੀੜਤ ਸਮਝਣ ਦਾ ਭਰਮ ਪਾਲ ਬੈਠਦੇ ਹਨ। ਜਦੋਂ ਕਿ ਕੋਰੋਨਾ ਦਾ ਸ਼ੱਕ ਮਿਟਾਉਣ ਲਈ ਹੀ ਮਰੀਜ ਦੇ ਸੈਂਪਲ ਜਾਂਚ ਲਈ ਭੇਜਣਾ ਜਰੂਰੀ ਹੈ। ਕੋਈ ਵੀ ਲਾਪਰਵਾਹੀ ਮਰੀਜ ਲਈ ਹੀ ਨਹੀ, ਪੂਰੇ ਇਲਾਕੇ ਲਈ ਮੁਸੀਬਤ ਬਣ ਸਕਦੀ ਹੈ। ਕੌਸ਼ਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸਿਹਤ ਵਿਭਾਗ, ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਸਮੇਂ ਸਮੇਂ ਤੇ ਜਾਰੀ ਹਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਇਸ ਵਿੱਚ ਸਾਡੀ ਸਭ ਦੀ ਭਲਾਈ ਹੈ।