ਫਿਰੋਜ਼ਪੁਰ, 31 ਮਾਰਚ 2020 - ਕੋਰੋਨਾ ਵਾਇਰਸ ਦੀ ਦਸਤਕ ਨੇ ਇਸ ਕਦਰ ਦਹਿਸ਼ਤ ਪੈਦਾ ਕਰ ਦਿੱਤੀ ਹੈ ਕਿ ਲੋਕ ਰਿਸ਼ਤੇ ਨਾਤੇ, ਮੂੰਹ ਲਿਹਾਜ਼ ਸਭ ਭੁੱਲ ਗਏ ਹਨ। ਅਜਿਹਾ ਹੀ ਮੰਜ਼ਰ ਫਿਰੋਜ਼ਪੁਰ ਵਿਖੇ ਵੇਖਣ ਨੂੰ ਮਿਲਿਆ।
ਹੋਇਆ ਇਹ ਕਿ ਰੰਗ ਰੋਗਨ ਦਾ ਕੰਮ ਕਰਦੇ ਫਿਰੋਜ਼ਪੁਰ ਦੀ ਗੋਬਿੰਦ ਨਗਰੀ ਦੇ ਵਾਸੀ ਸੁਖਦੇਵ ਸਿੰਘ ਜੋ ਵੱਖ ਵੱਖ ਬਿਮਾਰੀਆਂ ਨਾਲ ਪੀੜਤ ਸੀ ਨੂੰ ਸਥਾਨਕ ਸਿਵਲ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ। ਜਿਥੋਂ ਡਾਕਟਰਾਂ ਨੇ ਉਸ ਨੂੰ ਮੈਡੀਕਲ ਹਸਪਤਾਲ ਫਰੀਦਕੋਟ ਵਿਖੇ ਰੈਫਰ ਕਰ ਦਿੱਤਾ। ਪਰ ਇਲਾਜ਼ ਦੌਰਾਨ ਹੀ ਉਸ ਦੀ ਮੌਤ ਹੋ ਗਈ। ਸ਼ਾਮੀ ਸੁਖਦੇਵ ਸਿੰਘ ਦੀ ਲਾਸ਼ ਨੂੰ ਜਦੋਂ ਫਿਰੋਜ਼ਪੁਰ ਛਾਉਣੀ ਦੇ ਸ਼ਮਸ਼ਾਨ ਘਾਟ ਵਿਖੇ ਸਸਕਾਰ ਕਰਨ ਲਈ ਲਿਆਂਦਾ ਗਿਆ ਤਾਂ ਸਥਾਨਿਕ ਲੋਕਾਂ ਨੇ ਜ਼ੋਰਦਾਰ ਵਿਰੋਧ ਸ਼ੁਰੂ ਕਰ ਦਿੱਤਾ।
ਸੈਂਕੜੇ ਦੇ ਹਿਸਾਬ ਨਾਲ ਜੁੜੇ ਲੋਕਾਂ ਦੇ ਅੱਗੇ ਮ੍ਰਿਤਕ ਦੇ ਪਰਿਵਾਰ ਵਾਲੇ ਬੇਵੱਸ ਹੋ ਗਏ। ਫਿਰ ਸੁਖਦੇਵ ਸਿੰਘ ਦੀ ਲਾਸ਼ ਨੂੰ ਫਿਰੋਜ਼ਪੁਰ ਸ਼ਹਿਰ ਦੇ ਜ਼ੀਰਾ ਗੇਟ ਸ਼ਮਸ਼ਾਨ ਘਾਟ ਵਿਖੇ ਲਿਜਾਇਆ ਗਿਆ। ਪਰ ਓਥੇ ਵੀ ਲੋਕਾਂ ਨੇ ਭਾਰੀ ਵਿਰੋਧ ਕਰ ਦਿੱਤਾ। ਉਸ ਤੋਂ ਬਾਅਦ ਪੁਲਸ ਨੇ ਵੀ ਪਰਿਵਾਰ ਦਾ ਸਾਥ ਦਿੱਤਾ ਅਤੇ ਸੁਖਦੇਵ ਸਿੰਘ ਦੀ ਲਾਸ਼ ਨੂੰ ਸਸਕਾਰ ਲਈ ਫਿਰੋਜ਼ਪੁਰ ਦੀ ਭੱਟੀਆਂ ਵਾਲੀ ਵਸਤੀ 'ਚ ਬਣੇ ਸ਼ਮਸ਼ਾਨ ਘਾਟ ਲਿਜਾਇਆ ਗਿਆ ਤਾਂ ਉਥੇ ਵੀ ਲੋਕਾਂ ਨੇ ਸੁਖਦੇਵ ਸਿੰਘ ਦਾ ਸਸਕਾਰ ਨਹੀਂ ਹੋਣ ਦਿੱਤਾ। ਫਿਰ ਪੁਲਿਸ ਵਾਪਿਸ ਲਾਸ਼ ਨੂੰ ਜ਼ੀਰਾ ਗੇਟ ਵਾਲੇ ਸ਼ਮਸ਼ਾਨ ਘਾਟ ਵਿਖੇ ਲੈਕੇ ਆਈ।
ਭਾਰੀ ਪੁਲਿਸ ਬਲ ਅਤੇ ਭਾਰੀ ਮੁਸ਼ੱਕਤ ਤੋਂ ਬਾਅਦ ਅੱਧੀ ਰਾਤ ਨੂੰ ਸੁਖਦੇਵ ਸਿੰਘ ਦਾ ਸਸਕਾਰ ਕੀਤਾ ਗਿਆ। ਸੁਖਦੇਵ ਸਿੰਘ ਦੇ ਸਸਕਾਰ ਵੇਲੇ ਇਨਸਾਨੀ ਰਿਸ਼ਤੇ ਤਾਰ ਤਾਰ ਹੁੰਦੇ ਵੇਖੇ ਗਏ। ਪਰ ਉਦੋਂ ਤੱਕ ਸਸਕਾਰ ਲਈ ਜੱਦੋ ਜਹਿਦ ਚੱਲ ਰਹੀ ਸੀ।
ਓਧਰ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਵਿਚਲੀ ਡਾਕਟਰੀ ਟੀਮ ਨੇ ਕਿਹਾ ਕਿ ਮ੍ਰਿਤਕ ਦੇ ਟੈਸਟ ਲੈਕੇ ਜਾਂਚ ਲਈ ਭੇਜ ਦਿੱਤੇ ਗਏ ਹਨ। ਟੈਸਟ ਰਿਪੋਰਟ ਆਉਣ ਤੋਂ ਬਾਅਦ ਹੀ ਕਿਹਾ ਜਾ ਸਕਦਾ ਹੈ ਕਿ ਉਹ ਕੋਰੋਨਾ ਪ੍ਰਭਾਵਤ ਸੀ ਜਾਂ ਨਹੀਂ ? ਟੈਸਟ ਰਿਪੋਰਟ ਕੀ ਆਉਂਦੀ ਹੈ ਇਹ ਬਾਅਦ ਦੀ ਗੱਲ ਹੈ ਪਰ ਸੁਖਦੇਵ ਸਿੰਘ ਦੀ ਮੌਤ ਨੇ ਫਿਰੋਜ਼ਪੁਰ ਵਿਚ ਦਹਿਸ਼ਤ ਦਾ ਮਾਹੌਲ ਜ਼ਰੂਰ ਬਣ ਗਿਆ ਹੈ।