ਰਜਨੀਸ਼ ਸਰੀਨ
- ਜ਼ਿਲ੍ਹੇ ’ਚੋਂ ਦੋ ਸੈਂਪਲਾਂ ਦੀ ਰਿਪੋਰਟ ਬਕਾਇਆ
- ਲਗਾਤਾਰ ਪੰਜਵੇਂ ਦਿਨ ਪਾਜ਼ੇਟਿਵ ਕੇਸਾਂ ਦੀ ਗਿਣਤੀ ਸਥਿਰ ਰਹੀ
- ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਸਾਵਧਾਨੀ ਬਣਾਈ ਰੱਖਣ ਦੀ ਤਾਕੀਦ
ਨਵਾਂ ਸ਼ਹਿਰ, 31 ਮਾਰਚ 2020 - ਜ਼ਿਲ੍ਹੇ ’ਚੋਂ ਹੁਣ ਤੱਕ ਕੋਰੋਨਾ ਵਾਇਰਸ (ਕੋਵਿਡ-19) ਦੇ ਸੰਪਰਕ ’ਚ ਆਏ ਕੇਸਾਂ ਅਤੇ ਸ਼ੱਕੀ ਮਾਮਲਿਆਂ ਦੇ ਲਏ ਗਏ 361 ਸੈਂਪਲਾਂ ’ਚੋਂ 337 ਨੈਗੇਟਿਵ ਆਏ ਹਨ।
ਇਹ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਜ) ਅਦਤਿਆ ਉੱਪਲ ਨੇ ਦੱਸਿਆ ਕਿ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਨਾਲ ਸਬੰਧਤ ਦੋ ਸੈਂਪਲਾਂ ਦੀ ਰਿਪੋਰਟ ਬਕਾਇਆ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਇੱਕ-ਇੱਕ ਸੈਂਪਲ ਰੱਦ ਅਤੇ ਨਾਟ-ਐਪਰੋਪ੍ਰੀਏਟ ਪਾਇਆ ਗਿਆ ਜਦਕਿ ਇੱਕ ਦੁਹਰਾਇਆ ਗਿਆ।
ਉਨ੍ਹਾਂ ਦੱਸਿਆ ਕਿ ਲਗਾਤਾਰ ਪੰਜਵੇਂ ਦਿਨ ਪਾਜ਼ੇਟਿਵ ਕੇਸਾਂ (19) ਦੀ ਗਿਣਤੀ ਸਥਿਰ ਰਹਿਣ ਨਾਲ ਕੁੱਝ ਰਾਹਤ ਤਾਂ ਜ਼ਰੂਰ ਹੈ ਪਰ ਸਾਵਧਾਨੀਆਂ ਅੱਜ ਵੀ ਜ਼ਰੂਰੀ ਹਨ। ਉਨ੍ਹਾਂ ਜ਼ਿਲ੍ਹੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪੋ-ਆਪਣੇ ਘਰਾਂ ’ਚ ਹੀ ਰਹਿਣ, ਕਿਸੇ ਵੀ ਸ਼ੱਕੀ ਮਰੀਜ਼ ਤੋਂ ਦੂਰੀ ਬਣਾਈ ਰੱਖਣ। ਜੇਕਰ ਕਿਸੇ ਵੀ ਨੇੜੇ ਦੇ ਵਿਅਕਤੀ ਨੂੰ ਤੇਜ਼ ਬੁਖਾਰ, ਸੁੱਕੀ ਖਾਂਸੀ ਅਤੇ ਸਾਹ ’ਚ ਤਕਲੀਫ਼ ਦੇ ਲੱਛਣ ਆਉਂਦੇ ਹਨ ਤਾਂ ਤੁਰੰਤ ਨੇੜਲੇ ਸਰਕਾਰੀ ਸਿਹਤ ਕੇਂਦਰ ਜਾਂ ਜ਼ਿਲ੍ਹਾ ਕੰਟਰੋਲ ਰੂਮ ਨੰਬਰ ਸ਼ਹਿਰ (01823-227470, 227471, 227473, 227474, 227476, 227478, 227479, 227480) ’ਤੇ ਸੰਪਰਕ ਕਰਕੇ ਸੂਚਨਾ ਦਿੱਤੀ ਜਾਵੇ। ਉਨ੍ਹਾਂ ਨੇ ਨਾਲ ਹੀ ਜ਼ਿਲ੍ਹੇ ’ਚ 30 ਜਨਵਰੀ ਤੋਂ ਬਾਅਦ ਵਿਦੇਸ਼ ਤੋਂ ਪਰਤੇ ਵਿਅਕਤੀਆਂ ਨੂੰ ਵੀ ਕੰਟਰੋਲ ਰੂਮ ’ਤੇ ਆਪਣੇ ਬਾਰੇ ਸੂਚਨਾ ਦੇਣ ਲਈ ਅਪੀਲ ਕੀਤੀ।