ਹਰਦਮ ਮਾਨ
ਸਰੀ, 1 ਅਪ੍ਰੈਲ 2020 - ਬ੍ਰਿਟਿਸ਼ ਕੋਲਰੀਆ ਸੂਬੇ ਵਿੱਚ ਕੋਵਿਡ-19 ਦੇ 43 ਨਵੇਂ ਕੇਸਾਂ ਦੀ ਪੁਸ਼ਟੀ ਹੋ ਜਾਣ ਨਾਲ ਇਸ ਮਹਾਂਮਾਰੀ ਤੋਂ ਪ੍ਰਭਾਵਿਤ ਵਿਅਕਤੀਆਂ ਦੀ ਕੁੱਲ ਗਿਣਤੀ 1,013 ਹੋ ਗਈ ਹੈ। ਸੂਬੇ ਵਿਚ ਪਿਛਲੇ 24 ਘੰਟਿਆਂ ਦੌਰਾਨ ਕੋਵੀਡ -19 ਨਾਲ ਪੰਜ ਹੋਰ ਵਿਅਕਤੀਆਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦੀ ਕੁੱਲ ਸੰਖਿਆ 24 ਹੋ ਗਈ ਹੈ।
ਇਹ ਜਾਣਕਾਰੀ ਸਾਂਝੀ ਕਰਦਿਆਂ ਸੂਬਾਈ ਸਿਹਤ ਅਫਸਰ ਡਾ. ਬੋਨੀ ਹੈਨਰੀ ਨੇ ਦੱਸਿਆ ਹੈ ਕਿ ਹੁਣ 128 ਪੀੜਤ ਵਿਅਕਤੀ ਹਸਪਤਾਲਾਂ ਵਿਚ ਇਲਾਜ ਅਧੀਨ ਹਨ, ਜਿਨ੍ਹਾਂ ਵਿੱਚੋਂ 61 ਮਰੀਜ਼ਾਂ ਦੀ ਆਈਸੀਯੂ ਵਿਚ ਦੇਖਭਾਲ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਕੋਈ ਵੈਕਸੀਨ ਨਹੀਂ ਆ ਜਾਂਦੀ ਇਸ ਵਾਇਰਸ ਪ੍ਰਤੀ ਇਸੇ ਤਰ੍ਹਾਂ ਹੀ ਸੁਚੇਤ ਰਹਿਣਾ ਪਵੇਗਾ। ਬਹੁਤ ਘੱਟ ਸੰਭਾਵਨਾ ਹੈ ਕਿ ਅਸੀਂ ਗਰਮੀਆਂ ਤੋਂ ਪਹਿਲਾਂ ਆਪਣੀ ਪਹਿਲਾਂ ਵਾਲੀ ਆਮ ਰੋਜ਼ਾਨਾ ਜ਼ਿੰਦਗੀ ਵਿਚ ਵਾਪਸ ਆਉਣ ਦੇ ਯੋਗ ਹੋਵਾਂਗੇ।
ਬੀਸੀ ਦੇ ਸਿਹਤ ਮੰਤਰੀ ਐਡਰੀਅਨ ਡਿਕਸ ਨੇ ਦੱਸਿਆ ਕਿ ਸੂਬੇ ਵਿਚ ਪਿਛਲੇ ਦੋ ਹਫਤਿਆਂ ਦੌਰਾਨ 83 ਵੈਂਟੀਲੇਟਰ ਹੋਰ ਸ਼ਾਮਲ ਕੀਤੇ ਗਏ ਹਨ ਅਤੇ ਹੁਣ ਸੂਬਾਈ ਹੈਲਥ ਸਿਸਟਮ ਵਿਚ ਇਸ ਵਾਇਰਸ ਦੇ ਮਰੀਜ਼ਾਂ ਦੀ ਦੇਖਭਾਲ ਲਈ 4,171 ਬਿਸਤਰਿਆਂ ਦਾ ਪ੍ਰਬੰਧ ਹੈ। ਉਨ੍ਹਾਂ ਇਹ ਵੀ ਕਿਹਾ ਕਿ ਮੌਜੂਦਾ ਹਾਲਾਤ ਤੋਂ ਲਗਦਾ ਹੈ ਕਿ ਅਪ੍ਰੈਲ ਦੇ ਅਖੀਰ ਤੱਕ ਕਿਸੇ ਵੀ ਆਰਡਰ ਵਿੱਚ ਤਬਦੀਲੀ ਨਹੀਂ ਕੀਤੀ ਜਾਵੇਗੀ।
ਸੰਪਰਕ: ਹਰਦਮ ਮਾਨ +1 604 308 6663
ਈਮੇਲ : maanbabushahi@gmail.com